HOME ਹਸਪਤਾਲਾਂ ’ਚ ਨੋਰੋਵਾਇਰਸ ਦਾ ਭਿਆਨਕ ਫੈਲਾਅ, ਲਗਭਗ ਹਜ਼ਾਰ ਮਰੀਜ਼ ਦਾਖ਼ਲ

ਹਸਪਤਾਲਾਂ ’ਚ ਨੋਰੋਵਾਇਰਸ ਦਾ ਭਿਆਨਕ ਫੈਲਾਅ, ਲਗਭਗ ਹਜ਼ਾਰ ਮਰੀਜ਼ ਦਾਖ਼ਲ

1
ਕੈਪਸਨ:- ਇੰਗਲੈਂਡ ਦੇ ਇੱਕ ਹਸਪਤਾਲ ਦਾ ਬਾਹਰੀ ਦ੍ਰਿਸ਼। ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਭਰ ਦੇ ਹਸਪਤਾਲਾਂ ਵਿੱਚ ਨੋਰੋਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਸਿਹਤ ਪ੍ਰਣਾਲੀ ਗੰਭੀਰ ਦਬਾਅ ਹੇਠ ਆ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਲਗਭਗ ਇੱਕ ਹਜ਼ਾਰ ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆ ਕੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਏ ਗਏ ਹਨ, ਜਿਸ ਨਾਲ ਐਮਰਜੈਂਸੀ ਸੇਵਾਵਾਂ ਅਤੇ ਵਾਰਡਾਂ ’ਤੇ ਬੋਝ ਕਾਫ਼ੀ ਵਧ ਗਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਨੋਰੋਵਾਇਰਸ, ਜੋ ਕਿ ਉਲਟੀਆਂ, ਦਸਤ, ਬੁਖ਼ਾਰ ਅਤੇ ਸਰੀਰ ਵਿੱਚ ਕਮਜ਼ੋਰੀ ਵਰਗੇ ਲੱਛਣ ਪੈਦਾ ਕਰਦਾ ਹੈ, ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਅਤੇ ਪਹਿਲਾਂ ਤੋਂ ਬਿਮਾਰ ਮਰੀਜ਼ਾਂ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ। ਸਰਦੀ ਦੇ ਮੌਸਮ ਵਿੱਚ ਲੋਕਾਂ ਦਾ ਘਰਾਂ ਅੰਦਰ ਜ਼ਿਆਦਾ ਸਮਾਂ ਬਿਤਾਉਣਾ ਅਤੇ ਭੀੜਭਾੜ ਵਾਲੇ ਥਾਵਾਂ ’ਤੇ ਆਵਾਜਾਈ ਵਧਣ ਨਾਲ ਇਸ ਵਾਇਰਸ ਦੇ ਫੈਲਾਅ ਨੂੰ ਹੋਰ ਤੇਜ਼ੀ ਮਿਲੀ ਹੈ। NHS ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨੋਰੋਵਾਇਰਸ ਦੇ ਮਾਮਲੇ ਪਿਛਲੇ ਹਫ਼ਤੇ ਦੇ ਮੁਕਾਬਲੇ ਕਰੀਬ 15 ਫ਼ੀਸਦੀ ਵਧੇ ਹਨ। ਇਸ ਸਥਿਤੀ ਦੇ ਮੱਦੇਨਜ਼ਰ ਕਈ ਹਸਪਤਾਲਾਂ ਵਿੱਚ ਵਾਰਡ ਅਸਥਾਈ ਤੌਰ ’ਤੇ ਬੰਦ ਕਰਨੇ ਪਏ ਹਨ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਕਈ ਥਾਵਾਂ ’ਤੇ ਗੈਰ-ਜ਼ਰੂਰੀ ਆਪਰੇਸ਼ਨ ਅਤੇ ਇਲਾਜ ਮੂਲਤਵੀ ਕਰਨ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਐਮਰਜੈਂਸੀ ਵਿਭਾਗਾਂ ਵਿੱਚ ਐਂਬੂਲੈਂਸਾਂ ਦੀ ਲੰਮੀ ਕਤਾਰਾਂ ਲੱਗ ਰਹੀਆਂ ਹਨ ਅਤੇ ਸਟਾਫ਼ ਨੂੰ ਦਿਨ-ਰਾਤ ਮਿਹਨਤ ਕਰਨੀ ਪੈ ਰਹੀ ਹੈ। ਡਾਕਟਰਾਂ ਅਤੇ ਨਰਸਾਂ ਦੀ ਘਾਟ ਪਹਿਲਾਂ ਹੀ ਸਿਹਤ ਸੇਵਾਵਾਂ ਲਈ ਚੁਣੌਤੀ ਬਣੀ ਹੋਈ ਸੀ, ਜਿਸ ’ਚ ਨੋਰੋਵਾਇਰਸ ਦੇ ਵਧਦੇ ਮਾਮਲਿਆਂ ਨੇ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਮਾਰੀ ਦੇ ਲੱਛਣ ਦਿੱਖਣ ’ਤੇ ਤੁਰੰਤ ਘਰ ਵਿੱਚ ਰਹਿਣ, ਘੱਟੋ-ਘੱਟ 48 ਘੰਟੇ ਤੱਕ ਸਕੂਲ ਜਾਂ ਕੰਮਕਾਜ ’ਤੇ ਨਾ ਜਾਣ ਅਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣ ਦੀ ਆਦਤ ਅਪਣਾਈ ਜਾਵੇ। ਖਾਣ-ਪੀਣ ਦੀਆਂ ਵਸਤਾਂ ਦੀ ਸਫ਼ਾਈ ਅਤੇ ਸਾਂਝੀਆਂ ਥਾਵਾਂ ਦੀ ਨਿਯਮਿਤ ਸੈਨੇਟਾਈਜ਼ੇਸ਼ਨ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਜੇਕਰ ਸਾਵਧਾਨੀਆਂ ਨਾ ਵਰਤੀਆਂ ਗਈਆਂ ਤਾਂ ਆਉਣ ਵਾਲੇ ਹਫ਼ਤਿਆਂ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਹਾਲਾਤਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋੜ ਪੈਣ ’ਤੇ ਵਾਧੂ ਕਦਮ ਚੁੱਕਣ ਦੇ ਸੰਕੇਤ ਵੀ ਦਿੱਤੇ ਗਏ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 31/01/2026
Next articleਜ਼ਿਲ੍ਹਾ ਮੈਜਿਸਟਰੇਟ ਵੱਲੋਂ 31 ਜਨਵਰੀ ਅਤੇ 1 ਫਰਵਰੀ ਨੂੰ ਜ਼ਿਲ੍ਹੇ ਅੰਦਰ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ