HOME ਰਾਜਸੀ ਮਹੱਲਾਂ ਵਿਚ ਗੈਰ-ਕਾਰਜਕਾਰੀ ਮੈਂਬਰਾਂ ਦੀ ਰਹਾਇਸ਼ ‘ਤੇ ਵਿਵਾਦ

ਰਾਜਸੀ ਮਹੱਲਾਂ ਵਿਚ ਗੈਰ-ਕਾਰਜਕਾਰੀ ਮੈਂਬਰਾਂ ਦੀ ਰਹਾਇਸ਼ ‘ਤੇ ਵਿਵਾਦ

*ਐਂਡਰਿਊ ਨੇ ਰਾਇਲ ਲੌਜ ਦੀਆਂ ਕਾਟੇਜਾਂ ਕਿਰਾਏ ‘ਤੇ ਦੇ ਕੇ ਕੀਤੀ ਕਮਾਈ, ਰਿਪੋਰਟ ਵਿਚ ਖੁਲਾਸਾ
ਲੈਸਟਰ (ਇੰਗਲੈਂਡ)   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਬਰਤਾਨੀਆ ਦੇ ਸਰਕਾਰੀ ਖਰਚਿਆਂ ਦੀ ਨਿਗਰਾਨੀ ਕਰਨ ਵਾਲੀ ਨੈਸ਼ਨਲ ਆਡਿਟ ਆਫਿਸ (ਐਨ.ਏ.ਓ.) ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਐਂਡਰਿਊ ਮਾਊਂਟਬੈਟਨ-ਵਿੰਡਸਰ ਨੇ ਕ੍ਰਾਊਨ ਅਸਟੇਟ ਤੋਂ ਲੀਜ਼ ‘ਤੇ ਲਈ ਗਈ ਰਾਇਲ ਲੌਜ ਅਸਟੇਟ ਦੀਆਂ ਤਿੰਨ ਕਾਟੇਜਾਂ ਨੂੰ ਸਬ-ਲੈੱਟ ਕਰਕੇ ਕਿਰਾਏ ਤੋਂ ਆਮਦਨ ਪ੍ਰਾਪਤ ਕੀਤੀ ਸੀ। ਪਿਛਲੇ 20 ਸਾਲਾਂ ਵਿਚ ਰਾਜਸੀ ਰਿਹਾਇਸ਼ਾਂ ਬਾਰੇ ਜਾਰੀ ਹੋਈ ਇਹ ਪਹਿਲੀ ਵਿਸਥਾਰਪੂਰਵਕ ਰਿਪੋਰਟ ਹੈ, ਜਿਸ ਵਿਚ ਐਂਡਰਿਊ, ਉਸ ਦੇ ਪਰਿਵਾਰ ਅਤੇ ਸਟਾਫ਼ ਨਾਲ ਸਬੰਧਿਤ 12 ਸੰਪਤੀਆਂ ਦੀ ਜਾਂਚ ਕੀਤੀ ਗਈ। ਰਿਪੋਰਟ ਅਨੁਸਾਰ ਐਂਡਰਿਊ ਨੇ ਰਾਇਲ ਲੌਜ ਦੀ ਲੀਜ਼ ਲੈਂਦੇ ਸਮੇਂ ਇਮਾਰਤ ਦੀ ਮੁਰੰਮਤ ਲਈ 75 ਲੱਖ ਪੌਂਡ ਖਰਚ ਕੀਤੇ ਸਨ, ਜਿਸ ਕਾਰਨ ਉਸ ਨੂੰ ਮਹੀਨਾਵਾਰ ਕਿਰਾਇਆ ਨਹੀਂ ਦੇਣਾ ਪੈਂਦਾ ਸੀ। ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਐਂਡਰਿਊ ਦੀਆਂ ਧੀਆਂ ਪ੍ਰਿੰਸੈੱਸ ਯੂਜੀਨੀ ਅਤੇ ਪ੍ਰਿੰਸੈੱਸ ਬੀਟ੍ਰਿਸ, ਜੋ ਕਾਰਜਕਾਰੀ ਰਾਜਸੀ ਮੈਂਬਰ ਨਹੀਂ ਹਨ, ਕ੍ਰਮਵਾਰ ਕੈਂਸਿੰਗਟਨ ਪੈਲੇਸ ਅਤੇ ਸੇਂਟ ਜੇਮਜ਼ ਪੈਲੇਸ ਵਿਚ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਘਰਾਂ ਦਾ ਕਿਰਾਇਆ ਰਾਜਾ ਦੀ ਨਿੱਜੀ ਆਮਦਨ ‘ਪ੍ਰਿਵੀ ਪਰਸ’ ਵਿਚੋਂ ਅਦਾ ਕੀਤਾ ਜਾਂਦਾ ਹੈ। ਆਲੋਚਕਾਂ ਨੇ ਇਸ ਪ੍ਰਬੰਧ ‘ਤੇ ਸਵਾਲ ਉਠਾਉਂਦਿਆਂ ਇਸ ਨੂੰ ਜਨਤਕ ਧਨ ਨਾਲ ਅਪਰੋਖ ਸਹਾਇਤਾ ਕਰਾਰ ਦਿੱਤਾ ਹੈ। ਰਿਪੋਰਟ ਵਿਚ ਇਹ ਨਹੀਂ ਦੱਸਿਆ ਗਿਆ ਕਿ ਐਂਡਰਿਊ ਨੂੰ ਕਾਟੇਜਾਂ ਤੋਂ ਕਿੰਨੀ ਆਮਦਨ ਹੋਈ, ਪਰ ਪੈਲੇਸ ਸਰੋਤਾਂ ਦਾ ਕਹਿਣਾ ਹੈ ਕਿ ਇਹ ਰਕਮ ਮੁੱਖ ਤੌਰ ‘ਤੇ ਜਾਇਦਾਦ ਦੇ ਰੱਖ-ਰਖਾਅ ਦੇ ਖਰਚੇ ਪੂਰੇ ਕਰਨ ਲਈ ਵਰਤੀ ਗਈ। ਐਨ.ਏ.ਓ. ਨੇ ਆਪਣੀ ਰਿਪੋਰਟ ਵਿਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਜਾਂ ਗਲਤ ਕੰਮ ਦਾ ਦੋਸ਼ ਨਹੀਂ ਲਗਾਇਆ, ਸਗੋਂ ਰਾਜਸੀ ਸੰਪਤੀਆਂ ਨਾਲ ਜੁੜੇ ਪ੍ਰਬੰਧਾਂ ਅਤੇ ਵਿੱਤੀ ਵਿਵਸਥਾਵਾਂ ਬਾਰੇ ਤੱਥ ਸਾਹਮਣੇ ਰੱਖੇ ਹਨ। ਇਸ ਮਾਮਲੇ ਦੀ ਹੁਣ ਸੰਸਦ ਦੀ ਪਬਲਿਕ ਅਕਾਊਂਟਸ ਕਮੇਟੀ ਵੱਲੋਂ ਵੀ ਜਾਂਚ ਕੀਤੀ ਜਾਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀਲੰਕਾ ਦੇ ਰੂਮੇਸ਼ ਪਥੀਰਾਜੇ ਨੇ ਡਾਇਮੰਡ ਲੀਗ ਵਿੱਚ ਇਤਿਹਾਸ ਰਚਿਆ, ਨੀਰਜ ਚੋਪੜਾ ਦਾ ਰਿਕਾਰਡ ਤੋੜਿਆ; ਏਸ਼ੀਆ ਦਾ ਦੂਜਾ ‘ਸੁਲਤਾਨ’ ਬਣਿਆ
Next articleਹਰ ਲਗਾਇਆ ਰੁੱਖ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਨਮੋਲ ਤੋਹਫ਼ਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ