ਸਮਾਜ ਵੀਕਲੀ ਯੂ ਕੇ
ਅੱਜ,
ਕਵਿਤਾ ਲਿਖੀ ਨਹੀਂ ਗਈ…
ਸੁਣਿਆ ਸੀ,
ਦਰਦ ਕਲਮ ਰਾਹੀਂ ਵਹਿੰਦਾ ਹੈ,
ਪਰ ਜਦੋਂ ਅਰਦਾਸ ਰੋ ਪਵੇ,
ਤਾਂ ਕਾਗ਼ਜ਼ ਕੰਬ ਜਾਂਦੇ ਹਨ,
ਲਫ਼ਜ਼ ਮੁੱਕ ਜਾਂਦੇ ਹਨ,
ਕਲਮ ਇਨਕਾਰੀ ਹੋ ਜਾਂਦੀ ਹੈ।
ਕਰੋਪੀਆਂ ਦਾ ਪਾਣੀ
ਰੋੜ ਕੇ ਲੈ ਗਿਆ
ਮੇਰੇ ਪਿੰਡ ਦੇ ਰਾਹ,
ਖੇਤ, ਘਰ, ਮਾਲ,
ਡੰਗਰ, ਵੱਛਾ…
ਸਾਰਾ ਕੁਝ।
ਅੱਜ ਦੀ ਕਵਿਤਾ,
ਹੋ ਗਈ ਅਨਾਥ, ਯਤੀਮ, ਲਾਵਾਰਿਸ।
ਤੈਸ਼ ਵਿੱਚ ਆਈ ਕੁਦਰਤ
ਪੁੱਲਾਂ ਉੱਪਰੋਂ ਦੀ ਵੱਗ ਗਈ,
ਤੇ ਖ਼ੋਰ ਕੇ ਲੈ ਤੁਰੀ
ਆਪਣੇ ਹੀ ਕੰਢੇ,
ਆਪਣੀ ਹੀ ਕੁਲ ਦੇ
ਹੱਕਾਂ ਦਾ ਜ਼ਖ਼ੀਰਾ।
ਤਾਂਡਵ ਕਰਦੀ,
ਸਬਰਾਂ ਦੇ ਬੰਨ ਤੋੜ੍ਹਦੀ,
ਦਹਾੜਦੀ, ਫਰਾਟੇ ਮਾਰਦੀ,
ਅਹੰਕਾਰ ਨੂੰ ਲਲਕਾਰਦੀ,
ਵੰਗਾਰਦੀ…
ਅੱਕੀ ਕੁਦਰਤ
ਚੀਕ-ਚੀਕ ਪੁੱਛਦੀ,
“ਦੱਸੋ, ਕਦੋਂ ਤੱਕ
ਨੱਚੋਗੇ ਮੇਰੀ ਛਾਤੀ ‘ਤੇ?”
ਵੈਰਨ ਬੇਖ਼ਬਰ ਹੀ
ਵਹਾ ਲੈ ਗਈ
ਨਿਰਦੋਸ਼ਾਂ ਦੇ ਪੈਰਾਂ ਹੇਠੋਂ ਧਰਤੀ,
ਤੇ ਕਰ ਗਈ
ਸਭ ‘ਗਿਰਦਾਵਰੀਆਂ’ ਆਪਣੇ ਨਾਮ।
ਮੈਂ ਜਾਣਦੀ ਹਾਂ,
ਕੁਦਰਤ ਬੇਇਨਸਾਫ਼ੀ ਨਹੀਂ।
ਜਦੋਂ ਉਹ ਸ਼ਾਂਤ ਹੋਵੇਗੀ,
ਇੱਕ ਨਵੇਂ ਸਵੇਰ ਨਾਲ,
ਮੁੜ ਲਿਖੇਗੀ ਵਸੀਅਤਾਂ
ਆਪਣੇ ਵਾਰਸਾਂ ਦੇ ਨਾਮ।
ਫਿਰ ਰੱਖੇਗੀ ਹੱਥ ਮੋਢਿਆਂ ‘ਤੇ,
ਲਾਵੇਗੀ ਛਾਤੀ ਨਾਲ।
ਤੇ ਇਹ ਮਿੱਟੀ ਦਾ ਉੜਿਆ ਰੰਗ,
ਫਿਰ ਹੋਵੇਗਾ
ਹਰਾ ਤੇ ਸੁਨਹਿਰੀ।
ਮੁੜ ਆਉਣਗੇ
ਮੇਰੀ ਦਲੇਰ ਧਰਤ ਦੇ ਹਾਸੇ…
ਦਹੁੰ, ਚਹੁੰ ਦਿਨਾਂ ਨੂੰ।
ਹਾਂ, ਮੈਂ ਵੇਖੀ ਹੈ
ਗੰਧਲੇ ਪਾਣੀਆਂ ‘ਤੇ ਤਰਦੀ
ਸਬਰ, ਸਿਦਕ
ਅਤੇ ਰੋਹ ਦੀ
‘ਚੜ੍ਹਦੀ ਕਲਾ’।
ਹੁੰਗਾਰਾ ਭਰਦੀ…
ਇਹ ਮਿੱਟੀ ਵਾਰਾਂ ਦੀ ਮਿੱਟੀ ਹੈ,
ਇਸਦੇ ਹੌਂਸਲੇ
ਕਦੇ ਮਰਦੇ ਨਹੀਂ,
ਭਾਵੇਂ ਕਿ
ਅੱਜ ਕਵਿਤਾ ਲਿਖੀ ਨਹੀਂ ਗਈ।



