(ਸਮਾਜ ਵੀਕਲੀ)
ਜੇ ‘ਲੋਹੇ’ ਨੂੰ ‘ਸੋਨਾ’ ਬਣਾਉਣ ਵਾਲਾ,
ਕੋਈ ‘ਪਾਰਸ’ ਹੁੰਦਾ ਵਿੱਚ ਜਹਾਨ ਲੋਕੋ।
‘ਰਵਿਦਾਸ’ ਕਦੇ ਵੀ ਲੈਣੋਂ ਨਾ ਨਾਂਹ ਕਰਦਾ,
ਦਿੰਦਾ ਜੇ ਕੋਈ ‘ਸਾਧੂ’ ਹੋਕੇ ਮਿਹਰਵਾਨ ਲੋਕੋ।
‘ਗੁਰੂ’ ਸਾਰੇ ਸਮਾਜ ਦੀ ਗ਼ੁਰਬਤ ਦੂਰ ਕਰਦਾ,
ਸਾਰੇ ਬਣਾ ਦੇਣੇ ਸੀ ਗ਼ਰੀਬ ਧਨਵਾਨ ਲੋਕੋ।
ਸਾਰਿਆਂ ਦਾ ਚੰਗਾ ਰਹਿਣ ਸਹਿਣ ਹੁੰਦਾ,
ਗ਼ਰੀਬ ਲੋਕ ਰਹਿੰਦੇ ਨਾਲ ਸ਼ਾਨ ਲੋਕੋ।
ਜ਼ਿੰਦਗੀ ਐਸ਼ ਦੀ ਜਿਉਂਦੇ ਲੋਕ ਸਾਰੇ,
ਕਮਜ਼ੋਰ ਲੋਕ ਹੋ ਜਾਂਦੇ ਬਲਵਾਨ ਲੋਕੋ।
ਇਹਦੇ ਵਿੱਚ ਸੀ ਕਿਹੜੀ ਗੱਲ ਮਾੜੀ?
ਗ਼ਰੀਬ ਲੋਕਾਂ ਦਾ ਵਧਾਉਣਾ ਸਨਮਾਨ ਲੋਕੋ।
‘ਰਵਿਦਾਸ’ ਜੀ ਕਹਿੰਦੇ ਸੀ “ਮਿਲੇ ਅੰਨ ਸਭਨੂੰ,
ਹੋਣ ਸਾਰੇ ਛੋਟੇ ਵੱਡੇ ਇਕ ਸਮਾਨ ਲੋਕੋ।”
ਪਰ ਐਸਾ ‘ਪਾਰਸ’ ਨਾ ਹੋਇਆ ਕੋਈ,
ਨਾ ਕੋਈ ਦੇਣ ਆਇਆ ‘ਸਾਧੂ’ ਮਹਿਮਾਨ ਲੋਕੋ।
ਗੁਰਬਾਣੀ ਚੰਗੀ ਤਰਾਂ ਸੋਚ ਵਿਚਾਰ ਵੇਖੋ,
ਹੋ ਜਾਵੇਗਾ ਤੁਸਾਂ ਨੂੰ ਗਿਆਨ ਲੋਕੋ।
‘ਪਾਰਸ’ ਸ਼ਬਦ ‘ਪ੍ਰਮਾਤਮਾ’ ਲਈ ਵਰਤਿਆ ਹੈ,
ਜਿਸ ਨਾਲ ਜੁੜਨਾ ਚਾਹੀਦਾ ਹਰ ਇਨਸਾਨ ਲੋਕੋ।
ਤਾਂ ਜੋ “ਪੰਚ ਦੂਤ” ਕੰਟਰੋਲ ਵਿੱਚ ਰੱਖ,
ਇਨਸਾਨ ਖੁਦ ਹੋ ਜਾਵੇ ‘ਭਗਵਾਨ’ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
ReplyReply to allForward
|