ਟੀਕਾਕਰਨ ਦੇ ‘ਸੁਰੱਖਿਆ ਚੱਕਰ’ ਤੋਂ ਕੋਈ ਵਾਂਝਾ ਨਾ ਰਹੇ: ਮੋਦੀ

Indian Prime Minister Narendra Modi

ਨਵੀਂ ਦਿੱਲੀ (ਸਮਾਜ ਵੀਕਲੀ):  ਤਿਉਹਾਰਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਦਿਆਂ ਇਹ ਯਕੀਨੀ ਬਣਾਉਣ ਕਿ ਕੋਈ ਵੀ ਟੀਕਾਕਰਨ ਦੇ ‘ਸੁਰੱਖਿਆ ਚੱਕਰ’ ਤੋਂ ਵਾਂਝਾ ਨਾ ਰਹਿ ਜਾਵੇ। ਆਕਾਸ਼ਵਾਣੀ ’ਤੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਆਮ ਲੋਕ ਵੀ ਹੁਣ ਯੂਨੀਫਾਈਡ ਪੇਅਮੈਂਟਸ ਇੰਟਰਫੇਸ (ਯੂਪੀਆਈ) ਰਾਹੀਂ ਡਿਜੀਟਲ ਲੈਣ-ਦੇਣ ਨਾਲ ਜੁੜ ਰਹੇ ਹਨ ਅਤੇ ਇਸ ਦਾ ਚਲਣ ਹੌਲੀ ਹੌਲੀ ਵਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਪੂਰਾ ਮੁਲਕ ‘ਮਰਿਆਦਾ ਪੁਰਸ਼ੋਤਮ’ ਸ੍ਰੀ ਰਾਮ ਦੀ ਬੁਰਾਈ ’ਤੇ ਜਿੱਤ ਦਾ ਜ਼ਸਨ ਮਨਾ ਰਿਹਾ ਹੋਵੇਗਾ ਤਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੋਵਿਡ ਖ਼ਿਲਾਫ਼ ਜੰਗ ਨੂੰ ਵੀ ਚੇਤੇ ਰੱਖਣ। ਅਮਰੀਕਾ ਦੌਰੇ ’ਤੇ ਜਾਣ ਤੋਂ ਪਹਿਲਾ ਰਿਕਾਰਡ ਕੀਤੇ ਗਏ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨੇ ਕਿਹਾ,‘‘ਟੀਮ ਇੰਡੀਆ ਕਰੋਨਾ ਖ਼ਿਲਾਫ਼ ਜੰਗ ’ਚ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੀ ਹੈ। ਟੀਕਾਕਰਨ ਦੇ ਇਸ ਰਿਕਾਰਡ ਦੀ ਦੁਨੀਆ ਭਰ ’ਚ ਚਰਚਾ ਹੋ ਰਹੀ ਹੈ।’’ ਆਉਂਦੇ ਤਿਉਹਾਰਾਂ ਲਈ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਉਨ੍ਹਾਂ ਆਸ ਜਤਾਈ ਕਿ ਟੀਮ ਇੰਡੀਆ ਕਰੋਨਾ ਖ਼ਿਲਾਫ਼ ਜੰਗ ’ਚ ਝੰਡਾ ਬੁਲੰਦ ਰਖੇਗੀ।

ਸ੍ਰੀ ਮੋਦੀ ਨੇ ‘ਆਰਥਿਕ ਸਾਫ਼-ਸਫ਼ਾਈ’ ਦਾ ਅਹਿਦ ਲੈਣ ਲਈ ਵੀ ਕਿਹਾ ਅਤੇ ਕਿਹਾ ਕਿ ਜਿਵੇਂ ਪਖਾਨਿਆਂ ਦੀ ਉਸਾਰੀ ਨਾਲ ਗਰੀਬਾਂ ਦੀ ਇੱਜ਼ਤ ’ਚ ਵਾਧਾ ਹੋਇਆ ਹੈ, ਉਸੇ ਤਰ੍ਹਾਂ ਆਰਥਿਕ ਸਾਫ਼-ਸਫ਼ਾਈ ਉਨ੍ਹਾਂ ਦੇ ਹੱਕ ਯਕੀਨੀ ਬਣਾਉਂਦੀ ਹੈ। ਸ੍ਰੀ ਮੋਦੀ ਨੇ ‘ਜਨ-ਧਨ’ ਯੋਜਨਾ ਦਾ ਜ਼ਿਕਰ ਕਰਦਿਆਂ ਇਹ ਗੱਲ ਉਭਾਰੀ ਕਿ ਕਿਵੇਂ ਉਨ੍ਹਾਂ ਦੇ ਖ਼ਾਤਿਆਂ ’ਚ ਬਿਨਾਂ ਭ੍ਰਿਸ਼ਟਾਚਾਰ ਦੇ ਪੈਸਾ ਆ ਰਿਹਾ ਹੈ।

ਅੱਜ ਵਿਸ਼ਵ ਨਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਾਲ ’ਚ ਇਕ ਦਿਨ ‘ਨਦੀ ਉਤਸਵ’ ਮਨਾਉਣ ਦਾ ਸੱਦਾ ਦਿੱਤਾ ਤਾਂ ਜੋ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ। ਉਨ੍ਹਾਂ ਮਹਾਤਮਾ ਗਾਂਧੀ ਦੀ 2 ਅਕਤੂਬਰ ਨੂੰ ਜੈਅੰਤੀ ਮੌਕੇ ਖਾਦੀ ਦੇ ਉਤਪਾਦਾਂ ਦੀ ਖ਼ਰੀਦ ਦਾ ਰਿਕਾਰਡ ਬਣਾਉਣ ਦਾ ਵੀ ਸੱਦਾ ਦਿੱਤਾ। ਸਿਆਚਿਨ ਗਲੇਸ਼ੀਅਰ ’ਤੇ 15 ਹਜ਼ਾਰ ਫੁੱਟ ਉਪਰ ਕੁਮਾਰ ਪੋਸਟ ’ਤੇ ਪਹੁੰਚ ਕੇ 8 ਵਿਸ਼ੇਸ਼ ਵਿਅਕਤੀਆਂ ਦੀ ਟੀਮ ਵੱਲੋਂ ਬਣਾਏ ਵਿਸ਼ਵ ਰਿਕਾਰਡ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੁਲਕ ਦੇ ਲੋਕਾਂ ’ਚ ਹਰ ਚੁਣੌਤੀ ਦੇ ਟਾਕਰੇ ਦੀ ਭਾਵਨਾ ਨੂੰ ਦਰਸਾਉਂਦਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰ ਪ੍ਰਦੇਸ਼: ਯੋਗੀ ਮੰਤਰੀ ਮੰਡਲ ਦਾ ਵਿਸਥਾਰ
Next articleਦੁਨੀਆ ਭਰ ਦੀਆਂ ਔਰਤਾਂ ਇਕ ਹੋ ਜਾਣ: ਚੀਫ਼ ਜਸਟਿਸ ਰਾਮੰਨਾ