ਕੋਈ ਵੀ ਰਾਤੋਂ ਰਾਤ ਬੁਰਾ ਨਹੀਂ ਬਣ ਜਾਂਦਾ।

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਅਸੀਂ ਬੜੀ ਜਲਦੀ ਕਿਸੇ ਬਾਰੇ ਫ਼ੈਸਲਾ ਕਰ ਲੈਂਦੇ ਹਾਂ।ਕਿਸੇ ਨੂੰ ਸਹੀ ਜਾਂ ਗ਼ਲਤ ਗਰਦਾਨਦੇ ਹੋਏ ਸਮਾਂ ਨਹੀਂ ਲਾਉਂਦੇ।ਦੂਜੇ ਨੂੰ ਬੁਰਾ ਦੱਸਣ ਤੋਂ ਪਹਿਲਾਂ ਇਹ ਭੁੱਲ ਜਾਂਦੇ ਹਾਂ ਕਿ ਇਸਦੇ ਪਿੱਛੇ ਕਾਰਨ ਕੀ ਹਨ।ਭਲਾ ਦੱਸੋ ਕਿਸ ਦਾ ਜੀਅ ਕਰਦਾ ਹੈ ਬੁਰਾ ਬਣਨ ਨੂੰ।ਕਿਸੇ ਇਨਸਾਨ ਦੇ ਬੁਰਾ ਹੋਣ ਦੇ ਪਿੱਛੇ ਬਹੁਤ ਕਾਰਨ ਹੁੰਦੇ ਹਨ।ਕੋਈ ਵੀ ਰਾਤੋਂ ਰਾਤ ਬੁਰਾ ਨਹੀਂ ਬਣ ਜਾਂਦਾ।

ਮਨੁੱਖ ਦੇ ਹਾਲਾਤ ਹਮੇਸ਼ਾਂ ਇੱਕੋ ਜਿਹੇ ਨਹੀਂ ਹੁੰਦੇ।ਹਰ ਮਨੁੱਖ ਦਾ ਜੀਵਨ ਇੱਕੋ ਜਿਹਾ ਨਹੀਂ।ਚੰਗਾ ਬਣਨਾ ਤੇ ਚੰਗਾ ਹੋਣਾ ਹਰ ਮਨੁੱਖ ਦੀ ਦਿਲੀ ਇੱਛਾ ਹੁੰਦੀ ਹੈ।ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਤਾਰੀਫ਼ ਹੋਵੇ।ਬੁਰਾ ਬਣਨਾ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ।ਕਈ ਵਾਰ ਜ਼ਿੰਦਗੀ ਅਜਿਹੇ ਹਾਲਾਤ ਪੈਦਾ ਕਰ ਦਿੰਦੀ ਹੈ ਜੋ ਮਨੁੱਖ ਨੂੰ ਬਦਲ ਦਿੰਦੇ ਹਨ।

ਉਹ ਚੰਗਾ ਹੋਣ ਦੇ ਬਾਵਜੂਦ ਵੀ ਬੁਰਾ ਸਾਬਤ ਹੁੰਦਾ ਹੈ ਜੇਕਰ ਹਾਲਾਤ ਉਸ ਦੇ ਹੱਕ ਵਿੱਚ ਨਾ ਹੋਣ।ਕਈ ਵਾਰ ਕਿਸੇ ਮਨੁੱਖ ਦੀ ਗੱਲ ਸੁਣੀ ਹੀ ਨਹੀਂ ਜਾਂਦੀ।ਇਕਤਰਫ਼ਾ ਫ਼ੈਸਲਾ ਦੇ ਕੇ ਉਸ ਨੂੰ ਬੁਰਾ ਕਹਿ ਦਿੱਤਾ ਜਾਂਦਾ ਹੈ।ਮਨੁੱਖੀ ਪ੍ਰਵਿਰਤੀ ਦੇ ਅਨੁਸਾਰ ਅਸੀਂ ਇੱਕ ਦੂਜੇ ਦੇ ਤਜਰਬਿਆਂ ਤੋਂ ਸੁਣ ਕੇ ਕਿਸੇ ਨੂੰ ਬੁਰਾ ਕਹਿੰਦੇ ਹਾਂ।ਜੇਕਰ ਕਦੀ ਬੈਠ ਕੇ ਬਰੀਕੀ ਨਾਲ ਸੋਚੀਏ ਤਾਂ ਸਾਡਾ ਉਸ ਵਿਅਕਤੀ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਹੁੰਦਾ।ਪਰ ਸਿਰ ਠੋਕ ਕੇ ਉਸ ਦੀ ਬੁਰਾਈ ਕਰਦੇ ਹਾਂ।

ਕਿਸੇ ਤੇ ਬੁਰਾਈਆਂ ਗ਼ਲਤ ਹੋਣ ਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਹਨ।ਕਈ ਵਾਰ ਉਹ ਨਿੱਜੀ ਜ਼ਿੰਦਗੀ ਵਿੱਚ ਇੰਨਾ ਨਿਰਾਸ਼ ਹੋ ਚੁੱਕਾ ਹੁੰਦਾ ਹੈ ਕਿ ਗ਼ਲਤ ਰਾਹ ਅਪਣਾ ਲੈਂਦਾ ਹੈ। ਜ਼ਿੰਦਗੀ ਤੇ ਹਾਲਾਤ ਉਸ ਨੂੰ ਮਜਬੂਰ ਕਰ ਦਿੰਦੇ ਹਨ ਜੇਕਰ ਕੋਈ ਅਜਿਹਾ ਕਾਰਾ ਕਰ ਬੈਠੇ ਜਿਸ ਨਾਲ ਉਸ ਨੂੰ ਬੁਰਾ ਸਮਝਿਆ ਜਾਵੇ।

ਅਸੀਂ ਕਈ ਵਾਰ ਕਿਸੇ ਦੇ ਹਾਲਾਤ ਨੂੰ ਆਪਣੇ ਨਜ਼ਰੀਏ ਨਾਲ ਦੇਖਦੇ ਹਾਂ ਮੈਂ ਉਸ ਨੂੰ ਗਲਤ ਸਮਝਦੇ ਹਾਂ।ਜ਼ਰੂਰਤ ਹੈ ਵਿਅਕਤੀ ਦੇ ਹਾਲਾਤ ਨੂੰ ਉਸ ਦੇ ਨਜ਼ਰੀਏ ਨਾਲ ਦੇਖਣ ਦੀ।ਸੱਚ ਦੀ ਸਮਝ ਤਾਂ ਹੀ ਆ ਸਕਦੀ ਹੈ।ਉਸ ਦੇ ਬੁਰੇ ਹੋਣ ਪਿੱਛੇ ਜ਼ਰੂਰ ਇੱਕ ਕਹਾਣੀ ਹੁੰਦੀ ਹੈ।ਉਸ ਦੇ ਆਪਣੇ ਕਾਰਨ ਹੁੰਦੇ ਹਨ।ਕੋਈ ਵੀ ਮਨੁੱਖ ਜਦੋਂ ਜਨਮ ਲੈਂਦਾ ਹੈ ਤਾਂ ਉਹ ਬੁਰਾ ਇਹ ਚੰਗਾ ਨਹੀਂ ਹੁੰਦਾ।ਹਰ ਮਨੁੱਖ ਆਪਣੇ ਹਾਲਾਤ ਦੀ ਪੈਦਾਇਸ਼ ਹੈ।ਹਰੇਕ ਦੀ ਜ਼ਿੰਦਗੀ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਹਨ।ਕਿਸੇ ਵਿੱਚ ਘੱਟ ਕਿਸੇ ਵਿੱਚ ਵੱਧ।ਹਰ ਵਿਅਕਤੀ ਆਪਣੇ ਤਰੀਕੇ ਨਾਲ ਇਨ੍ਹਾਂ ਕਮੀਆਂ ਨਾਲ ਜੂਝਦਾ ਹੈ।

ਕਈ ਵਾਰ ਮਨੁੱਖ ਦੀ ਕਿਸਮਤ ਹੀ ਉਸ ਦਾ ਸਾਥ ਨਹੀਂ ਦਿੰਦੀ।ਚੰਗਾ ਹੋਣ ਦੇ ਬਾਵਜੂਦ ਵੀ ਉਸ ਨੂੰ ਬੁਰਾ ਹੀ ਸਮਝਿਆ ਜਾਂਦਾ ਹੈ।ਅਜਿਹਾ ਮਨੁੱਖ ਨੇਕੀ ਵੀ ਕਰੇ ਤਾਂ ਬਦੀ ਬਣ ਜਾਂਦੀ ਹੈ।

ਸਾਡੇ ਸਮਾਜ ਵਿੱਚ ਜੇ ਕਿਸੇ ਬਾਰੇ ਬੁਰਾ ਬੋਲਿਆ ਜਾਵੇ ਤਾਂ ਉਸ ਨੂੰ ਬੜੀ ਜਲਦੀ ਸੱਚ ਸਮਝ ਲਿਆ ਜਾਂਦਾ ਹੈ।ਗੱਲ ਦੀ ਜੜ੍ਹ ਤੱਕ ਪਹੁੰਚਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ।ਮੂੰਹੋਂ ਮੂੰਹੀਂ ਚੱਲਦੀਆਂ ਗੱਲਾਂ ਕਿਸੇ ਦੇ ਚਰਿੱਤਰ ਦਾ ਘਾਣ ਕਰਦੀਆਂ ਹਨ।ਉਸ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ।ਹਰ ਗੱਲ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਜਿਸ ਨੂੰ ਜਾਣਨਾ ਤੇ ਸਮਝਣਾ ਬਹੁਤ ਜ਼ਰੂਰੀ ਹੈ।ਅੱਜ ਦਾ ਮਨੁੱਖ ਕਾਹਲੀ ਦਾ ਮਾਰਿਆ ਹੈ।ਜੋ ਸੁਣਦਾ ਹੈ ਉਸੇ ਨੂੰ ਸੱਚ ਸਮਝ ਲੈਂਦਾ ਹੈ।

ਕਿਸੇ ਨੂੰ ਵੀ ਬੁਰਾ ਕਹਿਣ ਤੋਂ ਪਹਿਲਾਂ ਉਸ ਦੀ ਬੁਰਾਈ ਪਿੱਛੇ ਦੀ ਵਜ੍ਹਾ ਨੂੰ ਜਾਣਨ ਦੀ ਕੋਸ਼ਿਸ਼ ਕਰੋ।ਉਸ ਦੇ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰੋ।ਕੋਈ ਵੀ ਫ਼ੈਸਲਾ ਦੇਣ ਤੋਂ ਪਹਿਲਾਂ ਸਾਰੇ ਪੱਖ ਦੇਖ ਪਰਖ ਲਓ।

ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਕੋਈ ਵੀ ਰਾਤੋਂ ਰਾਤ ਬੁਰਾ ਨਹੀਂ ਬਣਦਾ।

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚ ਦੀ ਪਹਿਚਾਣ
Next articleਗ਼ਜ਼ਲ