( ਹੁਣ ਨਾ ਮੀਂਹ ਵਰਸਾਈ )

ਸੁਖਚੈਨ ਸਿੰਘ ਚੰਦ ਨਵਾਂ

(ਸਮਾਜ ਵੀਕਲੀ)

ਐਨਾ  ਵੀ ਨਾ  ਬਰਸ,
ਗਰੀਬ ਦੀ ਕੁੱਲੀ ਢਹਿ ਜਾਵੇ।
ਜੇ ਨਾ ਲੱਗੀ ਦਿਹਾੜੀ,
ਫ਼ਿਕਰ  ਰੋਟੀ  ਦਾ  ਪੈ  ਜਾਵੇ।
ਚਾਰੇ ਪਾਸੇ ਮੱਚੀ ਹਾਲ ਦੁਹਾਈ ਓਏ ਰੱਬਾ।
ਬੱਸ ਕਰ, ਬੱਸ ਕਰ,
ਹੁਣ ਨਾ ਮੀਂਹ ਵਰਸਾਈ ਓਏ ਰੱਬਾ।
ਭਰੇ ਭਰਾਏ ਘਰ ਨੂੰ ਛੱਡਕੇ ,
ਕਿੱਧਰ  ਜਾਣ  ਵਿਚਾਰੇ।
ਖਾਣ ਵਾਲਾ ਰਾਸ਼ਨ ਡੁੱਬ ਗਿਆ,
ਡੁੱਬਗੇ ਡੰਗਰਾਂ ਦੇ ਚਾਰੇ।
ਜਲਥਲ ਹੋਇਆ ਪਾਣੀ ਕਰੀ ਤਬਾਈ ਓਏ ਰੱਬਾ।
ਬੱਸ ਕਰ, ਬੱਸ ਕਰ,
ਹੁਣ ਨਾ ਮੀਂਹ ਵਰਸਾਈ ਓਏ ਰੱਬਾ।
ਖੌਫਨਾਕ ਹੈ ਮੰਜਰ ਬਣ ਗਿਆ,
ਪੇਸ਼ ਕੋਈ ਨਾ ਚੱਲੇ।
ਨਦੀਆਂ, ਨਾਲੇ ਨਾ ਕੋਈ ਦਰਿਆ,
ਮੀਂਹ ਦਾ ਪਾਣੀ ਝੱਲੇ।
ਕਿਉਂ ਖਤਰੇ ਦਾ ਜਾਏਂ ਨਿਸ਼ਾਨ ਟਪਾਈ ਓਏ ਰੱਬਾ।
ਬੱਸ ਕਰ, ਬੱਸ ਕਰ,
ਹੁਣ ਨਾ ਮੀਂਹ ਵਰਸਾਈ ਓਏ ਰੱਬਾ।
ਹਰ ਪਾਸੇ ਹੋਇਆ ਪਾਣੀ ਪਾਣੀ,
ਡੱਡੂ ਬੋਲਣ ਲਾਏ।
ਬਹੁਤੇ ਪਿੰਡ ਸ਼ਹਿਰ ਪਾਣੀ ਦੀ,
ਵਿੱਚ ਲਪੇਟ ਦੇ ਆਏ।
ਹਾੜ੍ਹ ਮਹੀਨੇ ਬੈਠਾ ਝੜੀਆਂ ਲਾਈ ਓਏ ਰੱਬਾ।
ਬੱਸ ਕਰ, ਬੱਸ ਕਰ,
ਹੁਣ ਨਾ ਮੀਂਹ ਵਰਸਾਈ ਓਏ ਰੱਬਾ।
ਕੁੱਲ ਦੁਨੀਆਂ ਤੇ ਸਤਿਗੁਰ ਦਾਤਾ,
ਆਪਣੀ ਰਹਿਮਤ ਕਰਦੇ।
ਕੀ  ਮਾਣਸ , ਕੀ  ਪਸੂ , ਪਰਿੰਦੇ,
ਵਿੱਚ  ਹੜ੍ਹਾਂ  ਦੇ  ਮਰਦੇ।
“ਸੁੱਖ ” ਕਰੇ ਅਰਦਾਸਾਂ ਠੰਢ ਵਰਤਾਈ ਓਏ ਰੱਬਾ।
ਬੱਸ ਕਰ, ਬੱਸ ਕਰ,
ਹੁਣ ਨਾ ਮੀਂਹ ਵਰਸਾਈ ਓਏ ਰੱਬਾ।
ਸੁਖਚੈਨ ਸਿੰਘ ਚੰਦ ਨਵਾਂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -333         
Next articleJaishankar, Russian FM Lavrov discuss economic issues, Ukraine war