ਨਹੀਂ ਰੀਸਾਂ ਵੀਰ ਰਮੇਸ਼ਵਰ ਦੀਆਂ
ਲੇਖਕ -ਅਮਨਦੀਪ ਕੌਰ
ਪਿੰਡ -ਹਾਕਮ ਸਿੰਘ ਵਾਲਾ ਬਠਿੰਡਾ, ਸੰਪਰਕ- 9877654596
(ਸਮਾਜ ਵੀਕਲੀ)- ਜੱਗ ਤੇ ਆਉਣਾ ਇੱਕ ਮੇਲੇ ਦੇ ਵਾਂਗ ਹੈ ਅਤੇ ਆਪਾਂ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਵਿਚਰਦੇ ਹਾਂ ਤੇ ਆਪਣੇ ਕਿਰਦਾਰ ਨੂੰ ਚੰਗਾ ਸਾਬਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਾਂ ਤਾਂ ਜੋ ਸਾਨੂੰ ਵੱਧ ਕਾਮਯਾਬ ਆਖਣ ਅਤੇ ਸਾਨੂੰ ਸਾਰਿਆਂ ਨੂੰ ਅੱਗੇ ਲੰਘਣ ਦੀ ਤਾਂਘ ਰਹਿੰਦੀ ਹਾਂ, ਅਤੇ ਅੱਜ ਦੇ ਸਮੇਂ ਲੋਕ ਇੱਕਲੇ ਅੱਗੇ ਲੰਘਣਾ ਚਾਹੁੰਦੇ ਹਨ ਮੇਰੇ ਕਹਿਣ ਦਾ ਭਾਵ ਅੱਜ ਹੱਥ ਫੜ੍ਹਨ ਦੀ ਥਾਂ ਲੱਤਾਂ ਖਿੱਚਣ ਵਾਲੇ ਵਧੇਰੇ ਹਨ, ਪਰ ਕੁਝ ਲੋਕ ਅਜਿਹੇ ਵੀ ਹਨ ਜੋ ਇੱਕਲੇ ਅੱਗੇ ਲੰਘਣਾ ਨਹੀਂ ਚਾਹੁੰਦੇ ਅਤੇ ਕਿੰਨਿਆਂ ਦੀ ਬਾਂਹ ਫੜ੍ਹਕੇ ਅਗਾਂਹ ਲੰਘਾਉਂਦੇ ਹਨ, ਵੈਸੇ ਤਾਂ ਇਸ ਮਤਲਬਪ੍ਰਸਤ ਦੁਨੀਆਂ ਵਿੱਚ ਅਜਿਹੇ ਲੋਕ ਬਹੁਤ ਘੱਟ ਹਨ ਅਤੇ ਇਹ ਲੋਕ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਹਨ ਪਰ ਮੇਰੀ ਹੈਰਾਨਗੀ ਦੀ ਉਦੋਂ ਹੱਦ ਨਾ ਰਹੀ ਜਦੋਂ ਵੀਰ ਰਮੇਸ਼ਵਰ ਸਿੰਘ ਜੀ ਨੇ ਮੇਰੀ ਇੱਕ ਲਿਖਤ ਫੇਸਬੁੱਕ ਤੋਂ ਲੈਕੇ ਅਖ਼ਬਾਰ ਵਿਚ ਛਪਵਾ ਮੈਨੂੰ ਭੇਜੀ, ਮੈਨੂੰ ਖੁਸ਼ੀ ਤਾਂ ਹੋਈ ਪਰ ਹੈਰਾਨੀ ਵੀ ਹੋਈ, ਮੈਂ ਸੋਚਿਆ ਵੀ ਭਾਈ ਇੰਨਾ ਕਿਹੜਾ ਦਰਿਆ ਦਿਲ ਆ ਗਿਆ ਜਿਹੜਾ ਆਵਦਾ ਸਮਾਂ ਦੂਜਿਆਂ ਦੀਆਂ ਲਿਖਤਾਂ ਛਪਵਾਉਣ ਲਈ ਵਰਤ ਰਿਹਾ, ਅੱਜ ਕੱਲ ਤਾਂ ਲੋਕ ਕਿਸੇ ਦੀ ਲਿਖੀ ਲਿਖਤ ਪੜ੍ਹਦੇ ਤੱਕ ਨਹੀਂ ਅਖੇ ਸਮਾਂ ਨਹੀਂ, ਪਰ ਇਹ ਵੀਰ ਮਾਂ ਬੋਲੀ ਨੂੰ ਇੰਨਾ ਪਿਆਰਦਾ ਹੈ ਕਿ ਉਸਨੇ ਮੇਰੇ ਜਿਹੀਆਂ ਕਿੰਨੀਆਂ ਹੀ ਭੈਣਾਂ ਤੇ ਵੀਰਾਂ ਨੂੰ ਅਖ਼ਬਾਰਾਂ ਵਿਚ ਥਾਂ ਦਵਾਈ ਅਤੇ ਅਕਸਰ ਹੀ ਓਹ ਹੋਰਨਾਂ ਦੀਆਂ ਲਿਖਤਾਂ ਅਖ਼ਬਾਰਾਂ ਨੂੰ ਭੇਜਦਾ ਹੈ ਤਾਂ ਜੋ ਨਵੇਂ ਲਿਖਾਰੀਆਂ ਦਾ ਹੌਂਸਲਾ ਵੱਧ ਸਕੇ ਅਤੇ ਓਹਨਾਂ ਦੀ ਲਿਖਤ ਨੂੰ ਓਹ ਵੱਖ ਵੱਖ ਥਾਂ ਦੇ ਸਾਂਝੀਆਂ ਵੀ ਕਰਦਾ ਹੈ, ਮੈਂ ਗੱਲ ਕਰ ਰਹੀ ਹਾਂ ਵੀਰ ਰਮੇਸ਼ਵਰ ਜੀ ਦੀ ਜੋ ਕਿ ਪਟਿਆਲੇ ਰਹਿੰਦੇ ਹਨ ਪਰ ਸਾਂਝ ਦੂਰ ਦੂਰ ਤੱਕ ਪਾਈ ਬੈਠੇ ਹਨ, ਮਾਂ ਬੋਲੀ ਪੰਜਾਬੀ ਲਈ ਅੰਤਾਂ ਦਾ ਮੋਹ ਹੈ ਓਹਨਾਂ ਅੰਦਰ, ਅਤੇ ਓਹਨਾਂ ਦਾ ਆਪਣਾ ਗੱਲ ਕਰਨ ਦਾ ਲਹਿਜਾ ਵੀ ਬੜਾ ਹੀ ਮਿੱਠਾ ਹੈ ਜਦੋਂ ਵੀ ਫੋਨ ਤੇ ਗੱਲ ਹੁੰਦੀ ਆਖਣਗੇ,” ਨੀ ਮੇਰੀਏ ਭੈਣੇਂ ਤੂੰ ਲਿਖਦੀ ਬੜਾ ਵਧੀਆ, ਇਹਨੀ ਗੱਲ ਕਹਿਕੇ ਹੀ ਮਨ ਜਿੱਤ ਲੈਂਦੇ ਹਨ, ਪਾਖੰਡਵਾਦ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਓਹਨਾਂ ਬੜੇ ਸੰਘਰਸ਼ ਵਿੱਢੇ ਹਨ ਅਤੇ ਅੱਜ ਕੱਲ ਓਹ ਗਰੀਬਾਂ ਨੂੰ ਹਸਪਤਾਲਾਂ ਵਿੱਚ ਮਿਲਦੀਆਂ ਮਹਿੰਗੀਆਂ ਦਵਾਈਆਂ ਨੂੰ ਠੱਲ੍ਹ ਪਾਉਣ ਲਈ ਵੀ ਪੱਬਾਂ ਭਾਰ ਹੋਏ ਫਿਰਦੇ ਹਨ ਅਤੇ ਓਹਨਾਂ ਦੇ ਯਤਨਾਂ ਸਦਕਾ ਹੁਣ ਇਹ ਐਲਾਨ ਹੋ ਗਿਆ ਕਿ ਸਰਕਾਰੀ ਹਸਪਤਾਲਾਂ ਅੰਦਰ ਹੀ ਸਾਰੀ ਦਵਾਈ ਮਿਲੂ ਕਿਸੇ ਡਾਕਟਰ ਨੇ ਕੋਈ ਦਵਾਈ ਬਾਹਰੋਂ ਨਹੀਂ ਲਿਖਣੀ, ਓਹ ਘਰੇ ਬੈਠੇ ਹੀ ਇਹੋ ਜਿਹੇ ਲੁਟੇਰਿਆਂ ਦੀਆਂ ਭਾਜੜਾਂ ਪਵਾਈ ਰੱਖਦੇ ਹਨ, ਬੋਲੀ ਵਿੱਚ ਇੰਨੀ ਅਪਣੱਤ ਹੈ ਕਿ ਜਦੋਂ ਵੀ ਫੋਨ ਤੇ ਗੱਲ ਕਰਦੇ ਹਨ ਸੱਚੀਂ ਰੂਹ ਖਿੜ ਜਾਂਦੀ ਹੈ, ਜਿੰਨੇ ਸੂਝਵਾਨ ਅਤੇ ਸਿਆਣੇ ਹਨ ਓਨੇ ਹੀ ਸਾਦੇ ਵੀ ਹਨ ਸਾਦਗੀ ਓਹਨਾਂ ਦੀ ਹਰ ਗੱਲ ਵਿੱਚੋਂ ਝਲਕਦੀ ਹੈ, ਪੰਜਾਬੀ ਦੇ ਕਿੰਨੇ ਹੀ ਪੁਰਾਣੇ ਬੋਲ ਚਾਲ ਦੇ ਸ਼ਬਦ ਵਰਤੋਂ ਕਰਦੇ ਹਨ ਅਤੇ ਕਿੰਨੀਆਂ ਚੀਜ਼ਾਂ ਦੇ ਨਾਂਅ ਆਮ ਵਰਤਦੇ ਹਨ ਜਿਹੜੇ ਆਪਾਂ ਕਦੋਂ ਦੇ ਵਿਸਾਰ ਦਿੱਤੇ ਹਨ, ਚਾਹ ਪੀਣ ਦੇ ਵੀ ਬੜੇ ਸੌ਼ਕੀਨ ਹਨ ਜਦੋਂ ਜੀ ਕਰਦਾ ਆਪ ਹੀ ਬਣਾ ਲੈਂਦੇ ਹਨ, ਜਿੱਥੇ ਵੀ ਓਹਨਾਂ ਨੂੰ ਕੋਈ ਗਲਤ ਕੰਮ ਹੁੰਦਾ ਦਿਸਦਾ ਨਾਲ ਦੀ ਨਾਲ ਹੀ ਅਰਜੀ ਸਰਕਾਰੇ ਦਰਬਾਰੇ ਲਿਖ ਭੇਜਦੇ ਹਨ ਅਤੇ ਕਿੰਨੇ ਹੱਲ ਸੁਖਾਲੇ ਢੰਗ ਨਾਲ ਕੱਢ ਦਿੰਦੇ ਹਨ, ਹਰ ਇੱਕ ਨੂੰ ਬੜਾ ਮਾਣ ਦਿੰਦੇ ਹਨ, ਅਤੇ ਪੁਰਾਣੀ ਗਾਇਕੀ ਅਤੇ ਗਾਇਕਾਂ ਨੂੰ ਵੀ ਬਹੁਤ ਪਿਆਰ ਕਰਦੇ ਹਨ, ਰੋਜ਼ ਸਵੇਰੇ ਹੀ ਫੇਸਬੁੱਕ ਤੇ ਵੱਖਰੇ ਵੱਖਰੇ ਅਖ਼ਬਾਰਾਂ ਦੀਆਂ ਲਿਖਤਾਂ ਲੋਕਾਂ ਨਾਲ ਸਾਂਝੀਆਂ ਕਰਦੇ ਹਨ, ਤਾਂ ਜੋ ਪੰਜਾਬੀ ਸਾਹਿਤ ਵਿਚ ਵਾਧਾ ਹੋ ਸਕੇ, ਮੇਰੇ ਵੱਲੋਂ ਪੰਜਾਬ ਦੇ ਇਸ ਪਿਆਰੇ ਮਿੱਠਬੋਲੜੇ ਪੁੱਤ ਨੂੰ ਅਸੀਮ ਦੁਆਵਾਂ ਓਹ ਸਦਾ ਖੁਸ਼ ਰਹੇ ਅਤੇ ਏਦਾਂ ਹੀ ਮੇਰੇ ਵਰਗੇ ਨਿਮਾਣੇ ਲੇਖਕਾਂ ਨੂੰ ਮਾਣ ਦਿੰਦਾ ਰਹੇ, ਜਿਵੇਂ ਉਸਨੇ ਹੋਰਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ ਓਸੇ ਤਰ੍ਹਾਂ ਪ੍ਰਮਾਤਮਾ ਉਸਦੇ ਹਰ ਕੰਮ ਵਿੱਚ ਸਹਾਈ ਹੋਣ ਅਤੇ ਉਸਦੇ ਕਾਰਜ ਸਫ਼ਲ ਹੁੰਦੇ ਰਹਿਣ, ਹੱਕ ਸੱਚ ਲਈ ਉਸਦੀ ਆਵਾਜ਼ ਸਦਾ ਬੁਲੰਦ ਰਹੇ, ਢੇਰ ਸਾਰੀਆਂ ਦੁਆਵਾਂ ਵੀਰ ਰਮੇਸ਼ਵਰ ਜੀ ਦੇ ਲਈ, ਮੇਰੇ ਵੀਰ ਦੀ ਹਰ ਖੇਤਰ ਵਿੱਚ ਚੜਦੀ ਕਲਾ ਹੋਵੇ -ਆਮੀਨ।
ਲੇਖਕ -ਅਮਨਦੀਪ ਕੌਰ
ਪਿੰਡ -ਹਾਕਮ ਸਿੰਘ ਵਾਲਾ ਬਠਿੰਡਾ, ਸੰਪਰਕ- 9877654596
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly