
ਏਕ ਜੋਤ ਵਿਕਲਾਂਗ ਬੱਚਿਆਂ ਦਾ ਸਕੂਲ ਵੈਸਟੇਂਡ ਮਾਲ ਦੇ ਪਿੱਛੇ, ਭਾਈ ਰਣਧੀਰ ਸਿੰਘ ਨਗਰ ਦੇ ਨੇੜੇ ਅਤੇ ਐਚ.ਜੇ. 606, ਹਾਊਸਿੰਗ ਬੋਰਡ ਕਲੋਨੀ ਵਿਖੇ ਸਥਿਤ ਹੈ। ਇਸ ਸਕੂਲ 2007 ਤੋਂ ਸ਼ੁਰੂ ਕੀਤਾ ਗਿਆ। ਇਸ ਸਕੂਲ ਵਿੱਚ ਨੇਤਰਹੀਣ, ਗੂੰਗੇ-ਬੋਲੇ ਅਤੇ ਅੰਗਹੀਣ(ਵਿਕਲਾਂਗ) ਬੱਚੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਅਨੁਸਾਰ ਪਹਿਲੀ ਜਮਾਤ ਤੋਂ ਲੈ ਕੇ 10+2 ਜਮਾਤ ਤੱਕ ਸਿੱਖਿਆ ਹਾਸਲ ਕਰ ਰਹੇ ਹਨ । ਸਕੂਲ ਵਿੱਚ 55 ਬੱਚੇ ਸਿੱਖਿਆ ਹਾਸਲ ਕਰ ਰਹੇ ਹਨ । ਇਹ ਸਕੂਲ 25 ਜਨਵਰੀ 2014 ਨੂੰ ਰਜਿਸਟਰਡ ਹੋਇਆ । ਜਿਸ ਦਾ ਨੰਬਰ 20140013528 ਹੈ। ਇਸ ਸਕੂਲ ਨੂੰ ਚੱਲਦਿਆਂ 18 ਸਾਲ ਹੋ ਗਏ ਹਨ ਪਰ ਅੱਜ ਤੱਕ ਸਰਕਾਰ ਵੱਲੋਂ ਇੱਕ ਰੁਪਿਆ ਵੀ ਇਸ ਸਕੂਲ ਨੂੰ ਗਰਾਂਟ ਨਹੀਂ ਦਿੱਤੀ ਗਈ । ਇਹ ਸਕੂਲ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਸਕੂਲ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ, ਭਜਨ, ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਅਨੇਕਾਂ ਇਨਾਮ ਪ੍ਰਾਪਤ ਕੀਤੇ ਹਨ ।
ਇਸ ਸਕੂਲ ਦੇ ਮੁੱਖ ਅਧਿਆਪਕ ਮੈਡਮ ਸਤਵੰਤ ਕੌਰ ਅਤੇ ਮੈਨੇਜਰ ਕਰਨੈਲ ਸਿੰਘ ਹਨ। ਮੈਡਮ ਸਤਵੰਤ ਕੌਰ ਨੇ ਆਪਣਾ ਪੂਰਾ ਜੀਵਨ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਹੈ। ਸਕੂਲ ਵਿੱਚ ਬੱਚਿਆਂ ਨੂੰ ਕੋਈ ਤਕਲੀਫ/ ਮੁਸ਼ਕਿਲ ਨਹੀਂ ਆਉਣ ਦਿੰਦੇ । ਸਕੂਲ ਦੇ ਬੱਚਿਆਂ ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕਰਕੇ ਸਮਾਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸਟਾਲਾਂ ਲਗਾ ਕੇ ਵੇਚਿਆ ਜਾਂਦਾ ਹੈ । ਇਹਨਾਂ ਦੀਆਂ ਖੂਬਸੂਰਤ ਕਲਾ ਕਿਰਤਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਤੇ ਬੱਚਿਆਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਖਰੀਦ ਕੇ ਉਹਨਾਂ ਦੀ ਮਿਹਨਤ ਦਾ ਮੁੱਲ ਪਾਉਂਦੇ ਹਨ ।
ਸਕੂਲ ਵਿੱਚ ਨੇਤਰਹੀਣ, ਵਿਕਲਾਂਗ ਅਤੇ ਗੂੰਗੇ- ਬੋਲੇ ਬੱਚਿਆਂ ਲਈ ਤਾਜ਼ਾ ਭੋਜਨ ਹੀ ਤਿਆਰ ਕੀਤਾ ਜਾਂਦਾ ਹੈ ਤੇ ਖਵਾਇਆ ਜਾਂਦਾ ਹੈ। ਮਾਸਾਹਾਰੀ ਸਬਜ਼ੀ ਬਿਲਕੁਲ ਨਹੀਂ ਬਣਾਈ ਜਾਂਦੀ । ਸਕੂਲ ਵਿੱਚ ਸਮੇਂ-ਸਮੇਂ ਤੇ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ । ਸਕੂਲ ਵਿੱਚ ਨੇਤਰਹੀਣ ਬੱਚਿਆਂ ਨੂੰ ਗੁਰਬਾਣੀ ਦਾ ਪਾਠ ਤੇ ਕੀਰਤਨ ਸਿਖਾਉਣ ਲਈ ਤਜ਼ਰਬੇਕਾਰ ਅਧਿਆਪਕ ਰੱਖੇ ਹੋਏ ਹਨ । ਸਕੂਲ ਵਿੱਚ ਅਨੇਕਾਂ ਹੀ ਨੇਤਰਹੀਣ ਵਿਦਿਆਰਥੀ ਵਿੱਦਿਆ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਚੁੱਕੇ ਹਨ ਅਤੇ ਸੁਖੀ ਜੀਵਨ ਬਸਰ ਕਰ ਰਹੇ ਹਨ ।
ਸਕੂਲ ਵਿੱਚ 6 ਸਾਲ ਤੋਂ ਲੈ ਕੇ 28 ਸਾਲ ਦੀ ਉਮਰ ਤੱਕ ਦੇ ਬੱਚੇ ਵਿਦਿਆ ਪ੍ਰਾਪਤ ਕਰ ਰਹੇ ਹਨ । ਸਕੂਲ ਵਿੱਚ ਪੜ੍ਹਦੇ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ । ਨੇਤਰਹੀਣ, ਵਿਕਲਾਂਗ ਅਤੇ ਗੂੰਗੇ-ਬੋਲੇ ਬੱਚਿਆਂ ਨੂੰ

ਖਾਣਾ-ਪੀਣਾ, ਕੱਪੜੇ, ਸਾਬਣ, ਤੇਲ, ਬਿਸਤਰੇ, ਜੁੱਤੀ ਹਰ ਪ੍ਰਕਾਰ ਦੀ ਚੀਜ਼ ਜੋ ਵੀ ਜ਼ਰੂਰਤ ਹੋਵੇ, ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ ।
ਸਕੂਲ ਵਿੱਚ ਅੰਗਹੀਣ ਤੇ ਗੂੰਗੇ-ਬੋਲੇ ਬੱਚਿਆਂ ਨੂੰ ਦੇਖ ਕੇ ਆਏ ਲੋਕਾਂ ਦੀਆਂ ਅੱਖਾਂ ਵਿੱਚੋਂ ਅੱਥਰੂ/ ਹੰਝੂ ਆਉਣੇ ਕੁਦਰਤੀ ਗੱਲ ਹੈ । ਲੋਕ ਬੱਚਿਆਂ ਲਈ ਖਾਣ ਪੀਣ ਦਾ ਸਮਾਨ ਦੇ ਕੇ ਜਾਂ ਲੰਗਰ ਛਕਾ ਕੇ ਸੇਵਾ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਸਕੂਲ ਵੱਲੋਂ ਪਿਛਲੇ ਸਾਲ (2024) 29, 30 ਨਵੰਬਰ ਅਤੇ 1 ਦਸੰਬਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਿਖੇ ਪਹਿਲਾ ਨੇਤਰਹੀਣ ਕ੍ਰਿਕਟ ਟੂਰਨਾਮੈਂਟ ਅਤੇ ਮਾਂ ਬੋਲੀ ਭਾਸ਼ਣ ਪ੍ਰਤੀਯੋਗਤਾ ਵੀ ਕਰਵਾਈ ਗਈ । ਪਹਿਲੇ ਸਥਾਨ ਤੇ ਆਈ ਕ੍ਰਿਕਟ ਟੀਮ ਨੂੰ 31,000 ਰੁਪਏ ਤੇ ਟਰਾਫੀ, ਦੂਜੇ ਸਥਾਨ ਤੇ ਆਈ ਕ੍ਰਿਕਟ ਟੀਮ ਨੂੰ 21,000 ਰੁਪਏ ਤੇ ਟਰਾਫੀ ਦਿੱਤੀ ਗਈ । ਇਸੇ ਤਰ੍ਹਾਂ ਮਾਂ ਬੋਲੀ ਭਾਸ਼ਣ ਪ੍ਰਤੀਯੋਗਤਾ ਵਿੱਚ ਪਹਿਲੇ ਸਥਾਨ ਤੇ ਆਏ ਵਿਅਕਤੀ ਨੂੰ 11,000 ਰੁਪਏ ਅਤੇ ਦੂਜੇ ਸਥਾਨ ਤੇ ਆਏ ਵਿਅਕਤੀ ਨੂੰ 7,500 ਰੁਪਏ ਇਨਾਮ ਦਿੱਤਾ ਗਿਆ । ਏਕ ਜੋਤ ਵਿਕਲਾਂਗ ਬੱਚਿਆਂ ਦੇ ਸਕੂਲ ਵੱਲੋਂ ਬਰੇਲ ਲਿਪੀ ਦੇ ਬਾਨੀ ਲੂਈ ਬਰੇਲ ਦਾ 215ਵਾਂ ਜਨਮ-ਦਿਨ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਬੜੇ ਉੱਚ ਪੱਧਰ ਤੇ ਮਨਾਇਆ ਗਿਆ । ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਅੱਠ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਸਕੂਲ ਦੀ ਇਮਾਰਤ ਬਹੁਤ ਛੋਟੀ ਹੈ । ਇਹ ਇਮਾਰਤ ਵੀ ਇੱਕ ਦਾਨੀ ਸੱਜਣ ਵੱਲੋਂ ਦਾਨ ਕੀਤੀ ਗਈ ਹੈ। ਸਕੂਲ ਵਿੱਚ ਇਮਾਰਤ ਛੋਟੀ ਹੋਣ ਕਰਕੇ ਬੱਚਿਆਂ ਨੂੰ ਰੋਜ਼ਾਨਾ ਸਵੇਰੇ 8 ਵਜੇ ਘਰਾਂ ਤੋਂ ਲਿਆਂਦਾ ਜਾਂਦਾ ਹੈ ਤੇ ਸ਼ਾਮ ਨੂੰ 4 ਵਜੇ ਉਹਨਾਂ ਦੇ ਘਰਾਂ ਵਿੱਚ ਛੱਡਿਆ ਜਾਂਦਾ ਹੈ । ਸਕੂਲ ਕੋਲ ਆਪਣੀਆਂ ਦੋ ਵੈਨਾਂ ਹਨ, ਉਹਨਾਂ ਦੀ ਵੀ ਦਾਨੀ ਸੱਜਣਾਂ ਵੱਲੋਂ ਸੇਵਾ ਕੀਤੀ ਗਈ ਹੈ । ਇੱਕ ਵੈਨ ਦੀ ਹਾਲਤ ਤਾਂ ਬਹੁਤ ਹੀ ਜ਼ਿਆਦਾ ਖਸਤਾ ਹੈ। ਇਸ ਨੂੰ ਠੀਕ ਕਰਵਾਉਣ ਤੇ ਹਜ਼ਾਰਾਂ ਰੁਪਏ ਖਰਚ ਆਉਂਦਾ ਹੈ । ਇਸ ਲਈ ਇਹ ਵੈਨ ਠੀਕ ਨਹੀਂ ਕਰਵਾਈ ਜਾ ਰਹੀ। ਕਈ ਅੰਗਹੀਣ ਬੱਚਿਆਂ ਦੇ ਮਾਂ ਬਾਪ ਹਨ ਪਰ ਉਹ ਆਪਣੇ ਕੰਮਾਂ ਕਾਰਾਂ ਤੇ ਚਲੇ ਜਾਂਦੇ ਹਨ । ਇਸ ਲਈ ਅੰਗਹੀਣ ਬੱਚਿਆਂ ਨੂੰ ਘਰ ਤੋਂ ਸਕੂਲ ਵੈਨ ਤੇ ਲਿਆਂਦਾ ਜਾਂਦਾ ਹੈ ਅਤੇ ਛੁੱਟੀ ਹੋਣ ਉਪਰੰਤ ਸ਼ਾਮ ਨੂੰ ਬੱਚਿਆਂ ਨੂੰ ਘਰ ਛੱਡ ਦਿੱਤਾ ਜਾਂਦਾ ਹੈ। ਕਈ ਅੰਗਹੀਣ ਬੱਚੇ ਤਾਂ ਅਜਿਹੀ ਹਾਲਤ ਵਿੱਚ ਹਨ ਜੋ ਚੱਲ ਫਿਰ ਵੀ ਨਹੀਂ ਸਕਦੇ, ਸਿਰਫ਼ ਮੰਜਿਆਂ ਤੇ ਹੀ ਪਏ ਰਹਿੰਦੇ ਹਨ । ਉਹਨਾਂ ਨੂੰ ਤਾਂ ਰੋਟੀ, ਚਾਹ ਪਾਣੀ ਪਿਆਉਣ- ਖੁਆਉਣ ਲਈ ਵੀ ਸੇਵਾਦਾਰਨੀਆਂ ਰੱਖੀਆਂ ਹਨ । ਇਸ ਸੰਸਥਾ ਬਾਰੇ ਪੜ੍ਹ ਸੁਣ ਕੇ ਤੁਸੀਂ ਨਹੀਂ ਜਾਣ ਸਕੋਗੇ । ਇਸ ਸਕੂਲ ਵਿੱਚ ਆ ਕੇ, ਅਤੇ ਬੱਚਿਆਂ ਨੂੰ ਦੇਖ ਕੇ ਹੀ ਤੁਸੀਂ ਸਮਝ ਸਕੋਗੇ ਕਿ ਵਾਕਈ ਇਹਨਾਂ ਦੀ ਸੇਵਾ ਕਰਕੇ ਹੀ ਜਨਮ ਸਫਲ ਕੀਤਾ ਜਾ ਸਕਦਾ ਹੈ ।
ਏਕ ਜੋਤ ਵਿਕਲਾਂਗ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਟੇਬਲ, ਕੁਰਸੀਆਂ, ਸਟੱਡੀ ਬੈਂਚ, ਕੂਲਰ, ਪੱਖੇ, ਫਰਨੀਚਰ, ਬੈੱਡ, ਗੀਜਰ, ਵਾਟਰ-ਕੂਲਰ ਅਤੇ ਹੋਰ ਸਮਾਨ ਵੀ ਲੁੜੀਂਦਾ ਹੈ । ਆਪ ਜੀ ਹੇਠ ਲਿਖੇ ਅਨੁਸਾਰ ਵੀ ਬੱਚਿਆਂ ਦੀ ਸਹਾਇਤਾ ਕਰ ਸਕਦੇ ਹੋ।

* ਤੁਸੀਂ ਇਹਨਾਂ ਬੱਚਿਆਂ ਲਈ ਕਿਤਾਬਾਂ, ਕਾਪੀਆਂ, ਕੱਪੜੇ, ਜੁੱਤੇ (ਜੋੜੇ) ਆਦਿ ਦਾਨ ਦੇ ਰੂਪ ਵਿੱਚ ਦੇ ਸਕਦੇ ਹੋ।
* ਤੁਸੀਂ ਸਾਡੇ ਮਹੀਨਾਵਾਰੀ ਮੈਂਬਰ ਬਣ ਸਕਦੇ ਹੋ।
* ਤੁਸੀਂ ਇਹਨਾਂ ਬੱਚਿਆਂ ਦਾ ਇਲਾਜ ਵੀ ਕਰਵਾ ਸਕਦੇ ਹੋ ।
* ਤੁਸੀਂ ਇਹਨਾਂ ਬੱਚਿਆਂ ਨੂੰ ਬਿਸਕੁਟ, ਰਸ, ਫਲ ਫਰੂਟ, ਬ੍ਰੇਕਫਾਸਟ, ਲੰਚ, ਡਿਨਰ ਆਦਿ ਦੇ ਸਕਦੇ ਹੋ। ਜੇਕਰ ਤੁਸੀਂ ਕੋਈ ਵੀ ਖਾਣੇ ਦਾ ਸਮਾਨ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਦੇ ਸਕਦੇ ਹੋ ।
* ਤੁਸੀਂ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਜਨਮ- ਦਿਨ, ਵਿਆਹ ਦੀ ਵਰ੍ਹੇਗੰਢ ਇਹਨਾਂ ਬੱਚਿਆਂ ਨਾਲ ਮਨਾ ਸਕਦੇ ਹੋ ।
* ਜੇਕਰ ਤੁਸੀਂ ਕੋਈ ਵੀ ਸਮਾਨ ਇਹਨਾਂ ਬੱਚਿਆਂ ਲਈ ਦੇਣਾ ਚਾਹੁੰਦੇ ਹੋ, ਪਰ ਤੁਹਾਡੇ ਕੋਲ ਆਉਣ ਦਾ ਸਮਾਂ ਨਹੀਂ। ਤੁਸੀਂ ਫੋਨ ਕਰੋ, ਸਾਡੇ ਸੇਵਾਦਾਰ/ਮੈਂਬਰ ਤੁਹਾਡੇ ਘਰ/ ਦੁਕਾਨ ਤੇ ਆ ਕੇ ਸਮਾਨ ਲੈ ਜਾਣਗੇ ।
ਸਕੂਲ ਵਿੱਚ ਬੱਚਿਆਂ ਦੇ ਭੋਜਨ ਲਈ ਆਟਾ, ਚਾਵਲ, ਦਾਲਾਂ, ਗੁੜ, ਖੰਡ, ਘਿਓ, ਤੇਲ, ਚਾਹ ਪੱਤੀ, ਅਚਾਰ, ਮਸਾਲੇ, ਸੁੱਕੀਆਂ ਸਬਜ਼ੀਆਂ, ਬਰਤਨ, ਡਾਈਪਰ, ਸੈਂਪੂ, ਪਾਊਡਰ, ਝਾੜੂ, ਟੁਥ ਬੁਰਸ਼, ਦਵਾਈਆਂ, ਨਕਦ ਮਾਇਆ ਆਦਿ ਦੇ ਸਕਦੇ ਹੋ। ਜੇਕਰ ਕਿਸੇ ਵੀ ਭੈਣ-ਭਰਾ ਦਾ ਕੋਈ ਰਿਸ਼ਤੇਦਾਰ, ਬੱਚਾ ਜੋ ਨੇਤਰਹੀਣ, ਅਪਾਹਜ ਜਾਂ ਯਤੀਮ ਹੋਵੇ ਤਾਂ ਉਹ ਸਕੂਲ ਦੇ ਪ੍ਰਿੰਸੀਪਲ ਜਾਂ ਮੈਨੇਜਰ ਨਾਲ਼ ਸੰਪਰਕ ਕਰ ਸਕਦਾ ਹੈ । ਸਕੂਲ ਦੇ ਸੰਚਾਲਕ ਉਸ ਦੀ ਪੂਰੀ ਦੇਖ-ਭਾਲ ਕਰਨਗੇ । ਸਕੂਲ ਦੇ ਸੰਚਾਲਕ ਸਿੱਖ ਸੰਗਤਾਂ ਤੋਂ ਇਸ ਕਾਰਜ ਸੰਬੰਧੀ ਭਰਵੇਂ ਹੁੰਗਾਰੇ ਅਤੇ ਸਹਿਯੋਗ ਦੀ ਆਸ ਰੱਖਦੇ ਹਨ।
ਸਕੂਲ ਦੇ ਵਿਕਲਾਂਗ ਬੱਚਿਆਂ ਵੱਲੋਂ ਤਿਆਰ ਕੀਤਾ ਸਮਾਨ ਜਿਵੇਂ ਫਰਨੈਲ, ਕਿਚਨ ਨੈਪਕਿਨ (ਪੋਣੇ), ਹੈਂਡ ਵਾਸ਼, ਡਿਸ਼ ਵਾਸ਼, ਹਾਰਪਿਕ, ਕੋਲੀਨ, ਸ਼ਗਨ ਦੇ ਲਿਫਾਫੇ, ਸੀਨਰੀਆਂ, ਗਮਲੇ ਆਦਿ ਸਮਾਨ ਖਰੀਦ ਕਰਕੇ ਬੱਚਿਆਂ ਦੀ ਸੇਵਾ ਕਰ ਸਕਦੇ ਹੋ ।
ਸੇਵਾ ਕਿਸੇ ਵੀ ਤਰ੍ਹਾਂ ਦੀ ਕੀਤੀ ਜਾ ਸਕਦੀ ਹੈ ਪਰ ਸੇਵਾ ਉਹ ਹੀ ਕੀਤੀ ਜਾਵੇ ਜਿਸ ਦੀ ਸਕੂਲ ਨੂੰ ਜ਼ਰੂਰਤ ਹੋਵੇ । ਸਕੂਲ ਲਈ ਇਮਾਰਤ ਛੋਟੀ ਹੈ। ਸਿਰਫ਼ 64 ਗਜ਼ ਦੀ ਇਮਾਰਤ ਵਿੱਚ ਸਕੂਲ ਚੱਲ ਰਿਹਾ ਹੈ । ਨਵੀਂ ਇਮਾਰਤ ਬਣਾਉਣ ਲਈ ਪਿੰਡ ਪਮਾਲ ਵਿੱਚ ਜਗ੍ਹਾ ਖਰੀਦ ਕਰਨ ਲਈ ਬਿਆਨਾਂ ਹੋ ਗਿਆ ਹੈ । 5,445 ਗਜ਼ ਜਗ੍ਹਾ ਖਰੀਦ ਕੀਤੀ ਜਾ ਰਹੀ ਹੈ । 1300 ਰੁਪਏ ਪ੍ਰਤੀ ਗਜ਼ ਥਾਂ ਦਾ ਰੇਟ ਹੈ। ਜ਼ਮੀਨ ਦੀ ਕੁੱਲ ਕੀਮਤ 70,78,500 ਰੁਪਏ ਹੈ। ਬਿਆਨੇ ਦੇ ਤੌਰ ਤੇ ਪਹਿਲਾਂ 23 ਲੱਖ ਰੁਪਏ ਦਿੱਤੇ ਗਏ ਸਨ। ਉਸ ਤੋਂ ਬਾਅਦ 27 ਲੱਖ ਰੁਪਏ ਹੋਰ ਦੇ ਦਿੱਤੇ ਗਏ ਹਨ । ਪੂਰੀ ਰਕਮ ਮਿਥੀ ਤਾਰੀਖ਼ ਤੇ ਨਾ ਦੇਣ ਕਾਰਨ ਪਹਿਲਾਂ ਵੀ ਦੋ ਵਾਰ ਕੁਝ ਸਮੇਂ ਦੀ ਹੋਰ ਮੁਹਲਤ ਮੰਗੀ ਗਈ। ਹੁਣ ਬਕਾਇਆ ਰਕਮ 20,78,500 (ਵੀਹ ਲੱਖ, ਅਠੱਤਰ ਹਜ਼ਾਰ, ਪੰਜ ਸੌ ਰੁਪਏ) ਦੇਣ ਲਈ ਸਮਾਂ ਬਹੁਤ ਥੋੜ੍ਹਾ ਹੈ । ਜੇਕਰ ਆਪ ਦੇ ਮਨ ਵਿੱਚ ਨੇਤਰਹੀਣ, ਵਿਕਲਾਂਗ, ਗੂੰਗੇ- ਬੋਲੇ ਬੱਚਿਆਂ ਲਈ ਦਰਦ ਜਾਂ ਦਇਆ ਹੈ ਤਾਂ ਜ਼ਰੂਰ ਏਕ ਜੋਤ ਵਿਕਲਾਂਗ ਬੱਚਿਆਂ ਦੇ ਸਕੂਲ ਲਈ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ, ਆਰਥਿਕ ਮਦਦ ਕਰਕੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉ। ਆਪ ਵੱਧ ਤੋਂ ਵੱਧ ਮਾਇਆ ਚੈੱਕ/ਨਕਦ/ ਡਰਾਫਟ ਰਾਹੀਂ ਭੇਜ ਕੇ ਨੇਤਰਹੀਣ, ਗੂੰਗੇ-ਬੋਲੇ ਅਤੇ ਅੰਗਹੀਣਾਂ ਦੇ ਸਕੂਲ ਅਤੇ ਅਕੈਡਮੀ ਲਈ ਜੋ ਜਗ੍ਹਾ ਖਰੀਦੀ ਜਾ ਰਹੀ ਹੈ, ਉਸ ਵਿੱਚ ਆਪਣਾ ਸਹਿਯੋਗ ਕਰਕੇ ਆਪਣਾ ਜੀਵਨ ਸਫਲਾ ਕਰੋ ਅਤੇ ਨੇਤਰਹੀਣ, ਵਿਕਲਾਂਗ, ਗੂੰਗੇ-ਬੋਲੇ ਬੱਚਿਆਂ ਦੀ ਸੇਵਾ ਕਰਕੇ ਅਸੀਸਾਂ ਪ੍ਰਾਪਤ ਕਰੋ।
ਕਰਨੈਲ ਸਿੰਘ ਐੱਮ.ਏ.
# 1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।
Email :- karnailsinghma@gmail.com
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj