ਪੁਣੇ (ਸਮਾਜ ਵੀਕਲੀ): ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਉਹ ਭਾਜਪਾ ਵਿਰੋਧੀ ਫਰੰਟ ਦੀ ਅਗਵਾਈ ਨਹੀਂ ਕਰਨਗੇ ਅਤੇ ਨਾ ਹੀ ਉਨ੍ਹਾਂ ਨੂੰ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂਪੀੲੇ) ਦਾ ਚੇਅਰਮੈਨ ਬਣਨ ਦੀ ਕੋਈ ਇੱਛਾ ਹੈ। ਪਵਾਰ ਨੇ ਕਿਹਾ ਕਿ ਕੇਂਦਰ ਵਿੱਚ ਜੇਕਰ ਭਾਜਪਾ ਦਾ ਕੋਈ ਬਦਲ ਮੁਹੱਈਆ ਕਰਵਾਉਣਾ ਹੈ ਤਾਂ ਕਾਂਗਰਸ ਦਾ ਸਾਥ ਜ਼ਰੂਰੀ ਹੈ ਤੇ ਇਸ ਨੂੰ ਕਿਸੇ ਵੀ ਪਹਿਲਕਦਮੀ ’ਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ।
ਪੱਛਮੀ ਮਹਾਰਾਸ਼ਟਰ ਦੇ ਕੋਲ੍ਹਾਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ, ‘‘ਮੈਂ ਭਾਜਪਾ ਖਿਲਾਫ਼ ਵੱਖ ਵੱਖ ਪਾਰਟੀਆਂ ਦੀ ਸ਼ਮੂਲੀਅਤ ਵਾਲੇ ਕਿਸੇੇ ਵੀ ਫਰੰਟ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਨਹੀਂ ਲਵਾਂਗਾ। ਮੇਰੀ ਯੂਪੀਏ ਨੂੰ ਅਗਵਾਈ ਦੇਣ ਦੀ ਵੀ ਕੋਈ ਇੱਛਾ ਨਹੀਂ ਹੈ।’’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਹਾਲ ਹੀ ਵਿੱਚ ਸਾਡੀ ਪਾਰਟੀ ਦੇ ਯੂਥ ਵਰਕਰਾਂ ਨੇ ਮਤਾ ਪਾ ਕੇ ਮੈਨੂੰ ਯੂਪੀੲੇ ਦਾ ਚੇਅਰਪਰਸਨ ਬਣਨ ਲਈ ਕਿਹਾ ਸੀ ਪਰ ਮੇਰੀ ਇਸ ਅਹੁਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੈ। ਮੈਂ ਇਸ ਸਭ ਵਿੱਚ ਨਹੀਂ ਪੈਣਾ ਚਾਹੁੰਦਾ। ਮੈਂ ਇਹ ਜ਼ਿੰਮੇਵਾਰੀ ਨਹੀਂ ਲਵਾਂਗਾ।’’
ਪਵਾਰ ਨੇ ਕਿਹਾ, ‘‘ਜੇਕਰ ਭਾਜਪਾ ਦਾ ਬਦਲ ਮੁਹੱਈਆ ਕਰਵਾਉਣ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੈਂ ਅਜਿਹੇ ਸਮੂਹ ਨੂੰ ਸਹਿਯੋਗ, ਹਮਾਇਤ ਤੇ ਮਜ਼ਬੂਤ ਕਰਨ ਲਈ ਤਿਆਰ ਹਾਂ। ਅਸੀਂ ਪਹਿਲਾਂ ਹੀ ਇਹ ਕੰਮ ਕਰ ਰਹੇ ਹਾਂ।’’ ਪਵਾਰ ਨੇ ਕਿਹਾ, ‘‘ਜਦੋਂ ਇਹ ਕਿਹਾ ਜਾਂਦਾ ਹੈ ਕਿ ਵਿਰੋਧੀ ਧਿਰਾਂ ਨੂੰ ਇਕੱਠਿਆਂ ਹੋਣਾ ਚਾਹੀਦਾ ਹੈ ਤਾਂ ਉਦੋਂ ਕੁਝ ਤੱਥਾਂ ਨੂੰ ਨਜ਼ਰਅੰਦਾਜ਼ ਕਰਨਾ ਬਣਦਾ ਹੈ। ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਸਭ ਤੋਂ ਮਜ਼ਬੂਤ ਪਾਰਟੀ ਹੈ। ਠੀਕ ਉਸੇ ਵੇਲੇ ਖੇਤਰੀ ਪਾਰਟੀਆਂ ਵੀ ਆਪੋ ਆਪਣੇ ਸੂਬੇ ਵਿੱਚ ਮਜ਼ਬੂਤ ਹਨ।’’
ਪਵਾਰ ਨੇ ਕਿਹਾ ਕਿ ਸੱਤਾ ਵਿੱਚ ਨਾ ਹੋਣ ਦੇ ਬਾਵਜੂਦ ਕਾਂਗਰਸ ਦੀ ਪੂਰੇ ਦੇਸ਼ ਵਿੱਚ ਮੌਜੂਦਗੀ ਹੈ। ਐੱਨਸੀਪੀ ਮੁਖੀ ਨੇ ਕਿਹਾ, ‘‘ਤੁਹਾਨੂੰ ਹਰ ਪਿੰਡ, ਜ਼ਿਲ੍ਹੇ ਤੇ ਰਾਜ ਵਿੱਚ ਕਾਂਗਰਸੀ ਵਰਕਰ ਮਿਲਣਗੇ। ਅਸਲੀਅਤ ਇਹ ਹੈ ਕਿ ਭਾਜਪਾ ਦਾ ਬਦਲ ਮੁਹੱਈਆ ਕਰਵਾਉਣ ਮੌਕੇ ਕਾਂਗਰਸ, ਜਿਸ ਦੀ ਵਿਆਪਕ ਮੌਜੂਦਗੀ ਹੈ, ਨੂੰ ਨਾਲ ਲੈ ਕੇ ਤੁਰਨਾ ਹੀ ਹੋਵੇਗਾ।’’ ਪਵਾਰ ਨੇ ਕਿਹਾ ਕਿ ਉਸਾਰੂ ਲੋਕਤੰਤਰ ਲਈ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly