ਹਿਜਾਬ ’ਤੇ ਭਾਰਤ ਵਿਚ ਕੋਈ ਪਾਬੰਦੀ ਨਹੀਂ: ਨਕਵੀ

ਹੈਦਰਾਬਾਦ (ਸਮਾਜ ਵੀਕਲੀ):  ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਹਿਜਾਬ ਪਹਿਨਣ ’ਤੇ ਭਾਰਤ ਵਿਚ ਕੋਈ ਪਾਬੰਦੀ ਨਹੀਂ ਹੈ ਤੇ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਸੰਵਿਧਾਨਕ ਹੱਕ ਤੇ ਫ਼ਰਜ਼ ਦੋਵੇਂ ਬਰਾਬਰ ਮਹੱਤਵਪੂਰਨ ਹਨ। ਜ਼ਿਕਰਯੋਗ ਹੈ ਕਿ ਕਰਨਾਟਕ ਵਿਚ ਹਿਜਾਬ ਦਾ ਮਾਮਲਾ ਕਾਫ਼ੀ ਭਖਿਆ ਹੋਇਆ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਘੱਟ ਗਿਣਤੀਆਂ ਬਾਰੇ ਮੰਤਰੀ ਨੇ ਕਿਹਾ, ‘ਮਾਮਲਾ ਅਦਾਲਤ ਵਿਚ ਹੈ…ਭਾਰਤ ਵਿਚ ਹਿਜਾਬ ਉਤੇ ਕੋਈ ਪਾਬੰਦੀ ਨਹੀਂ ਹੈ…ਇਹ ਸਪੱਸ਼ਟ ਹੈ…ਇਹ ਜ਼ਰੂਰ ਹੈ ਕਿ ਕੁਝ ਸੰਸਥਾਵਾਂ ਦਾ ਆਪਣਾ ਅਨੁਸ਼ਾਸਨ, ਜ਼ਾਬਤਾ ਤੇ ਵਰਦੀ ਹੈ।’

ਜ਼ਿਕਰਯੋਗ ਹੈ ਕਿ ਵਿਦਿਅਕ ਸੰਸਥਾਵਾਂ ਵਿਚ ਹਿਜਾਬ ਪਹਿਨਣ ਬਾਰੇ ਹਾਈ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਅਦਾਲਤ ਜਲਦੀ ਹੀ ਆਖ਼ਰੀ ਫ਼ੈਸਲਾ ਸੁਣਾਏਗੀ। ਇਸ ਤੋਂ ਪਹਿਲਾਂ ਨਕਵੀ, ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਤੇ ਤਿਲੰਗਾਨਾ ਦੇ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਨੇ ਇੱਥੇ ‘ਹੁਨਰ ਹਾਟ’ ਦਾ ਉਦਘਾਟਨ ਕੀਤਾ। ਨਕਵੀ ਨੇ ਇਸ ਮੌਕੇ ਕਿਹਾ ਕਿ ‘ਹੁਨਰ ਹਾਟ’ ਦਾ ਉਪਰਾਲਾ ਕਲਾਕਾਰਾਂ ਤੇ ਸ਼ਿਲਪਕਾਰਾਂ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਨੇ ਕਰੀਬ 8 ਲੱਖ ਕਲਾਕਾਰਾਂ ਤੇ ਸ਼ਿਲਪਕਾਰਾਂ ਨੂੰ ਪਿਛਲੇ ਸੱਤ ਸਾਲਾਂ ਦੌਰਾਨ ਰੁਜ਼ਗਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਆਤਮ ਨਿਰਭਰ ਭਾਰਤ’ ਮੁਹਿੰਮ ਦੀ ਪਛਾਣ ਵੀ ਬਣਿਆ ਹੈ। ਮੁਲਕ ਦੇ ਦੂਰ-ਦੁਰੇਡੇ ਦੇ ਇਲਾਕਿਆਂ ਦੀਆਂ ਰਵਾਇਤੀ ਕਲਾਵਾਂ ਹੁਨਰ ਹਾਟ ਰਾਹੀਂ ਸ਼ਹਿਰੀ ਬਾਜ਼ਾਰਾਂ ਤੱਕ ਪਹੁੰਚੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਬਾਰੇ ਯੂਐੱਨ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਤਜਵੀਜ਼ ’ਤੇ ਹੋਈ ਵੋਟਿੰਗ ਤੋਂ ਲਾਂਭੇ ਰਿਹਾ ਭਾਰਤ
Next articleਬਿਹਾਰ: ਤੇਜ ਪ੍ਰਤਾਪ ਯਾਦਵ ਨੇ ਲਾਲੂ ਲਈ ‘ਨਿਆਏ ਯਾਤਰਾ’ ਵਿੱਢੀ