ਭਾਜਪਾ ਨਾਲ ਗੱਠਜੋੜ ਲਈ ਅਕਾਲੀ ਦਲ (ਸੰਯੁਕਤ) ਵਿੱਚ ਨਾ ਬਣੀ ਸਹਿਮਤੀ

 

  • ਗੱਠਜੋੜ ਲਈ ਵਿਚਾਰ ਵਾਸਤੇ ਪਾਰਟੀ ਦੀ ਮੀਟਿੰਗ ਮੁੜ ਹੋਵੇਗੀ: ਢੀਂਡਸਾ
  • ਭਾਜਪਾ ਪ੍ਰਤੀ ਪਿੰਡਾਂ ’ਚ ਅਜੇ ਵੀ ਨਫਰਤ ਹੋਣ ਦਾ ਦਾਅਵਾ

ਚੰਡੀਗੜ੍ਹ (ਸਮਾਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬਹੁਤੇ ਆਗੂਆਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨਾਲ ਸਾਂਝ ਖਿਲਾਫ਼ ਨਿੱਤਰਨ ਕਾਰਨ ਗੱਠਜੋੜ ਸਬੰਧੀ ਫੈਸਲਾ ਸਿਰੇ ਨਾ ਚੜ੍ਹ ਸਕਿਆ। ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਪਾਰਟੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਵਿਵਾਦਤ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ ਪਰ ਭਾਜਪਾ ਲਈ ਸੂਬੇ ਦਾ ਸਿਆਸੀ ਮਾਹੌਲ ਹਾਲ ਦੀ ਘੜੀ ਸਾਜ਼ਗਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਕਾਰਨ ਦਿਹਾਤੀ ਖੇਤਰ ਨਾਲ ਸਬੰਧਤ ਲੋਕਾਂ ਦੇ ਮਨਾਂ ਅੰਦਰ ਭਾਜਪਾ ਪ੍ਰਤੀ ਨਫਰਤ ਭਰੀ ਪਈ ਹੈ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਭਾਜਪਾ ਨਾਲ ਸਾਂਝ ਪਾਉਣ ਦਾ ਲਾਭ ਸਗੋਂ ਨੁਕਸਾਨ ਹੋ ਸਕਦਾ ਹੈ। ਸ੍ਰੀ ਢੀਂਡਸਾ ਨੇ ਆਗੂਆਂ ਵੱਲੋਂ ਰੱਖੇ ਇਨ੍ਹਾਂ ਸੁਝਾਵਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਿਹੜੀਆਂ ਹਮਖਿਆਲ ਪਾਰਟੀਆਂ ਨਾਲ ਸਾਂਝ ਪਾਈ ਜਾਣੀ ਹੈ, ਇਸ ਸਬੰਧੀ ਵਿਚਾਰ ਚਰਚਾ ਲਈ ਆਉਂਦੇ ਦਿਨਾਂ ’ਚ ਇਕ ਹੋਰ ਮੀਟਿੰਗ ਸੱਦੀ ਜਾਵੇਗੀ। ਉਂਜ ਪਾਰਟੀ ਨੇ ਅਹਿਮ ਫੈਸਲੇ ਲੈਣ ਦਾ ਅਧਿਕਾਰ ਸੁਖਦੇਵ ਸਿੰਘ ਢੀਂਡਸਾ ਨੂੰ ਸੌਂਪ ਦਿੱਤਾ ਹੈ।

ਪਾਰਟੀ ਸੂਤਰਾਂ ਮੁਤਾਬਕ ਅੰਦਰੂਨੀ ਵਿਰੋਧ ਕਾਰਨ ਭਾਜਪਾ ਨਾਲ ਗੱਠਜੋੜ ਦੇ ਆਸਾਰ ਮੱਧਮ ਪੈ ਗਏ ਹਨ। ਭਾਜਪਾ ਦੇ ਰਣਨੀਤੀਘਾੜੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਖਦੇਵ ਸਿੰਘ ਢੀਂਡਸਾ ਦਰਮਿਆਨ ਪਿਛਲੇ ਹਫ਼ਤੇ ਨਵੀਂ ਦਿੱਲੀ ਵਿੱਚ ਮੁਲਾਕਾਤ ਹੋਈ ਸੀ। ਇਸ ਮੀਟਿੰਗ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਨਾਲ ਭਾਜਪਾ ਗੱਠਜੋੜ ਕਰੇਗੀ। ਉਧਰ ਕੈਪਟਨ ਅਮਰਿੰਦਰ ਸਿੰਘ ਵੀ ਪਿਛਲੇ ਦੋ ਕੁ ਮਹੀਨਿਆਂ ਤੋਂ ਲਗਾਤਾਰ ਭਾਜਪਾ ਅਤੇ ਢੀਂਡਸਾ ਧੜੇ ਨਾਲ ਸੰਭਾਵੀ ਗੱਠਜੋੜ ਹੋਣ ਦੇ ਐਲਾਨ ਕਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਰਣਜੀਤ ਸਿੰਘ ਤਲਵੰਡੀ, ਜਸਟਿਸ (ਸੇਵਾਮੁਕਤ) ਨਿਰਮਲ ਸਿੰਘ ਅਤੇ ਨਿਧੜਕ ਸਿੰਘ ਬਰਾੜ ਆਦਿ ਆਗੂਆਂ ਨੇ ਮੀਟਿੰਗ ਦੌਰਾਨ ਵਿਚਾਰ ਰਖਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਵੱਡੀਆਂ ਮੰਗਾਂ ਬਾਰੇ ਅਜੇ ਖਾਮੋਸ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਕੇ ਦਿੱਲੀ ਦੀਆਂ ਸਰਹੱਦਾਂ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨੂੰ ਸੁੱਖੀ ਸਾਂਦੀਂ ਘਰਾਂ ਨੂੰ ਨਹੀਂ ਭੇਜ ਦਿੰਦੀ, ਉਦੋਂ ਤੱਕ ਇੰਤਜ਼ਾਰ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਸਮੁੱਚੀ ਸਿਆਸੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਗੱਠਜੋੜ ਸਬੰਧੀ ਵਿਚਾਰ ਕਰਨਾ ਚਾਹੀਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਦੌਰਾਨ ਵੀ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਭਾਜਪਾ ਨਾਲ ਗੱਠਜੋੜ ਨਾ ਕਰਨ ਸਬੰਧੀ ਫੋਨ ’ਤੇ ਸਲਾਹਾਂ ਦਿੱਤੀਆਂ ਗਈਆਂ। ਕਈ ਘੰਟਿਆਂ ਦੀਆਂ ਵਿਚਾਰਾਂ ਤੋਂ ਬਾਅਦ ਇਹੀ ਸਿੱਟਾ ਕੱਢਿਆ ਗਿਆ ਕਿ ‘ਤੇਲ ਦੋਖੇ ਤੇਲ ਦੀ ਧਾਰ ਦੇਖੋ’ ਦੀ ਰਣਨੀਤੀ ’ਤੇ ਚੱਲਿਆ ਜਾਵੇ ਅਤੇ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਾ ਲਿਆ ਜਾਵੇ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਭਾਜਪਾ ਨਾਲ ਗੱਠਜੋੜ ਦੇ ਮਾਮਲੇ ਵਿੱਚ ਤੁਰੰਤ ਕੋਈ ਫੈਸਲਾ ਨਾ ਲਏ ਜਾਣ ਕਾਰਨ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਲਈ ਵੀ ਵੱਡਾ ਝਟਕਾ ਹੈ ਕਿਉਂਕਿ ਗੱਠਜੋੜ ਦੇ ਹੋਂਦ ’ਚ ਆਉਣ ਤੋਂ ਪਹਿਲਾਂ ਹੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਹ ਵੀ ਮਹੱਤਵਪੂਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਨਵੀਂ ਪਾਰਟੀ ਦਾ ਗਠਨ ਤਾਂ ਕਰ ਲਿਆ ਹੈ ਪਰ ਸੂਬੇ ਦੇ ਕਿਸੇ ਵੱਡੇ ਸਿਆਸਤਦਾਨ ਨੇ ਹਾਲ ਦੀ ਘੜੀ ਉਨ੍ਹਾਂ ਦੀ ਪਾਰਟੀ ਵੱਲ ਰੁਖ਼ ਨਹੀਂ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਦੇ 85 ਫ਼ੀਸਦ ਬਾਲਗਾਂ ਨੂੰ ਲੱਗੀ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ: ਮਾਂਡਵੀਆ
Next articleਜੇਲ੍ਹ ਬਣ ਗਿਆ ਹੈ ਕਸ਼ਮੀਰ, ਲੋਕਾਂ ਨੂੰ ਕੋਈ ਆਜ਼ਾਦੀ ਨਹੀਂ: ਮਹਿਬੂਬਾ