ਦਿਨ ਦਿਹਾੜੇ ਸਿਰਫਿਰੇ ਆਸ਼ਕ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਸਾਥੀਆਂ ਸਮੇਤ ਪ੍ਰੇਮਿਕਾ ਦੇ ਘਰ ‘ਤੇ ਕੀਤਾ ਹਮਲਾ, ਪਿਓ ਨੂੰ ਗੰਭੀਰ ਰੂਪ ‘ਚ ਜਖ਼ਮੀ ਕਰਕੇ ਪ੍ਰੇਮਿਕਾ ਨੂੰ ਅਗਵਾ ਕਰਕੇ ਫ਼ਰਾਰ

(ਸਮਾਜ ਵੀਕਲੀ) ਬਾਪ ਦੀ ਕੁੱਟਮਾਰ ਹੁੰਦਿਆਂ ਦੇਖ ਲੜਕੀ ਨੇ ਦੂਸਰੀ ਮੰਜ਼ਿਲ ਤੋਂ ਮਾਰੀ ਛਾਲ**ਗੰਭੀਰ ਰੂਪ ‘ਚ ਜਖ਼ਮੀ ਬਾਪ ਨੂੰ  ਡੀ. ਐੱਮ. ਸੀ. ਕੀਤਾ ਰੈਫ਼ਰ*ਲੜਕੀ ਦੇ ਬਾਪ ਦੀ ਗੱਡੀ ਦੀ ਵੀ ਕੀਤੀ ਬੁਰੀ ਤਰਾਂ ਭੰਨ ਤੋੜ*ਚੋਣ ਜਾਬਤਾ ਲੱਗਣ ਦੇ ਬਾਵਜੂਦ ਹਥਿਆਰਾਂ ਸਮੇਤ ਦਿੱਤਾ ਵਾਰਦਾਤ ਨੂੰ  ਅੰਜ਼ਾਮ*ਲੜਕੀ ਦੀ ਮਾਂ ਹੈ ਪਿੰਡ ਦੀ ਮੌਜੂਦਾ ਸਰਪੰਚ*ਪੁਲਿਸ ਕਾਰਵਾਈ ‘ਚ ਜੁਟੀ*
ਫਿਲੌਰ, ਲਸਾੜਾ, ਅੱਪਰਾ-(ਜੱਸੀ)-ਅੱਜ ਦਿਨ-ਦਿਹਾੜੇ ਲਗਭਗ 1.30 ਵਜੇ ਕਰੀਬੀ ਪਿੰਡ ਸੇਲਕੀਆਣਾ ਵਿਖੇ ਇੱਕ ਸਿਰਫਿਰੇ ਆਸ਼ਕ ਨੇ ਆਪਣੀ ਪ੍ਰੇਮਿਕਾ ਦੇ ਘਰ ‘ਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਤੇ ਲੜਕੀ ਦੇ ਬਾਪ ਨੂੰ  ਬੁਰੀ ਤਰਾਂ ਤੇਜਧਾਰ ਹਥਿਆਰਾਂ ਦੇ ਨਾਲ ਵੱਢ ਕੇ ਲੜਕੀ ਨੂੰ  ਅਗਵਾ ਕਰਕੇ ਫ਼ਰਾਰ ਹੋ ਗਏ | ਪ੍ਰਾਪਤ ਵੇਰਵਿਆਂ ਅਨੁਸਾਰ ਫਿਲੌਰ ਦੇ ਕਰੀਬੀ ਪਿੰਡ ਸੇਲਕੀਆਣਾ ਦਾ ਇੱਕ ਨੌਜਵਾਨ ਬੰਟੀ ਪਿੰਡ ਦੀ ਹੀ ਇੱਕ ਲੜਕੀ ਨੂੰ  ਕੁਝ ਸਮਾਂ ਪਹਿਲਾਂ ਭਜਾ ਕੇ ਲੈ ਗਿਆ ਸੀ | ਇਸ ਦੌਰਾਨ ਕੁਝ ਸਮਾਂ ਪਾ ਕੇ ਲੜਕੀ ਧਿਰ ਨੇ ਲੜਕੀ ਨੂੰ  ਲੱਭ ਲਿਆ ਤੇ ਵਾਪਿਸ ਘਰ ਲੈ ਆਏ | ਅੱਜ ਇਸੇ ਗੱਲ ਤੋਂ ਗੁਸਾਏ ਸਿਰਫਿਰੇ ਆਸ਼ਕ ਬੰਟੀ ਨੇ ਤੈਸ਼ ‘ਚ ਆ ਕੇ ਆਪਣੇ 15-20 ਸਾਥੀਆਂ ਨਾਲ ਮਿਲ ਕੇ ਲੜਕੀ ਦੇ ਘਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਧਾਵਾ ਬੋਲ ਦਿੱਤਾ | ਉਕਤ ਹਮਲਾਵਰਾਂ ਨੇ ਲੜਕੀ ਦੇ ਬਾਪ ਗੁਰਦਾਵਰ ਸਿੰਘ ਦੀ ਗੱਡੀ ਦੀ ਬੁਰੀ ਤਰਾਂ ਭੰਨ ਤੋੜ ਕੀਤੀ, ਜਦੋਂ ਲੜਕੀ ਦਾ ਬਾਪ ਗੁਰਦਾਵਰ ਸਿੰਘ ਉਨਾਂ ਨੂੰ  ਰੋਕਣ ਲਈ ਆਇਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਲੜਕੀ ਦੇ ਬਾਪ ਦੀ ਵੀ ਬੁਰੀ ਤਰਾਂ ਵੱਢ-ਟੁੱਕ ਕਰ ਦਿੱਤੀ ਤੇ ਉਸਨੂੰ ਗੰਭੀਰ ਰੂਪ ‘ਚ ਜਖ਼ਮੀ ਕਰ ਦਿੱਤਾ | ਆਪਣੇ ਬਾਪ ਦੀ ਕੁੱਟਮਾਰ ਹੁੰਦੀ ਹੋਈ ਦੇਖ ਕੇ ਦੂਸਰੀ ਮੰਜਿਲ ‘ਤੇ ਕੰਮ ਕਰਦੀ ਲੜਕੀ ਨੇ ਰੌਲਾ ਪਾਉਣਾ ਤੇ ਚਿਲਾਉਣਾ ਸ਼ੁਰੂ ਕਰ ਦਿੱਤਾ | ਆਪਣੀ ਵਾਹ-ਪੇਸ਼ ਨਾ ਚੱਲਦੀ ਦੇਖ ਕੇ ਲੜਕੀ ਨੇ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ | ਪਰੰਤੂ ਸਿਰਫਿਰਾ ਆਸ਼ਿਕ ਤੇ ਉਸਦੇ ਸਾਥੀ ਲੜਕੀ ਦੇ ਬਾਪ ਦੀ ਕੁੱਟਮਾਰ ਕਰਦੇ ਹੋਏ ਲੜਕੀ ਨੂੰ  ਵੀ ਜਖ਼ਮੀ ਹਾਲਤ ‘ਚ ਗੱਡੀ ‘ਚ ਸੁੱਟ ਕੇ ਅਗਵਾ ਕਰਕੇ ਫ਼ਰਾਰ ਹੋ ਗਏ | ਗੰਭੀਰ ਰੂਪ ‘ਚ ਜਖ਼ਮੀ ਲੜਕੀ ਦੇ ਬਾਪ ਗੁਰਦਾਵਰ ਸਿੰਘ ਨੂੰ  ਇਲਾਜ ਲਈ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਗਿਆ, ਜਿੱਥੋਂ ਉਸਨੂੰ ਡੀ. ਐੱਮ. ਸੀ ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ | ਚੋਣ ਜਾਬਤਾ ਲੱਗੇ ਹੋਏ ਹੋਣ ਦੇ ਬਾਵਜੂਦ ਵੀ ਇੱਕ ਦਰਜਨ ਤੋਂ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਲੈਸ ਹਮਲਾਵਰਾਂ ਦੁਆਰਾ ਹਮਲਾ ਕਰਨਾ ਪੁਲਿਸ ਪ੍ਰਸ਼ਾਸ਼ਨ ਦੇ ਕੰਮਕਾਜ ‘ਤੇ ਵੀ ਨਿਸ਼ਾਨੀਆ ਸਵਾਲ ਲਗਾਉਂਦਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਲੜਕੀ ਦੀ ਮਾਂ ਪਿੰਡ ਦੀ ਮੌਜੂਦਾ ਸਰਪੰਚ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ ਸੁਖਦੇਵ ਸਿੰਘ ਚੌਂਕੀ ਇੰਚਾਰਜ ਲਸਾੜਾ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ‘ਤੇ ਪਹੁੰਚ ਗਏ | ਏ. ਐੱਸ. ਆਈ ਸੁਖਦੇਵ ਸਿੰਘ ਚੌਂਕੀ ਇੰਚਾਰਜ ਲਸਾੜਾ ਨੇ ਕਿਹਾ ਕਿ ਪੁਲਿਸ ਟੀਮ ਜਾਂਚ ‘ਚ ਜੁਟੀ ਹੋਈ ਹੈ ਤੇ ਵਾਰਦਾਤ ‘ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ  ਬਖਸ਼ਿਆਂ ਨਹੀਂ ਜਾਵੇਗਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਲਾਇੰਸ ਕਲੱਬ (ਉਮੀਦ) ਵਲੋਂ ਦੰਦਾਂ ਦਾ ਮੁਫਤ ਕੈਪ ਲਗਾਇਆ ਗਿਆ
Next article“ਮਾੜਾ ਹੁੰਦਾ”