ਡਾ ਸੁੱਖੀ ਨੇ ਉਸਾਰੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਯੋਗ ਉਪਰਾਲਾ ਕਰਨ ਦਾ ਭਰੋਸਾ ਦਿੱਤਾ
ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨੈਸ਼ਨਲ ਲੇਬਰ ਆਰਗਨਾਈਜੇਸ਼ਨ (ਐੱਨ ਐੱਲ ਓ) ਦੇ ਇਕ ਵਫ਼ਦ ਵੱਲੋਂ ਕਨਵੀਨਰ ਬਲਦੇਵ ਭਾਰਤੀ ਸਟੇਟ ਅਵਾਰਡੀ ਦੀ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਅਤੇ ਚੇਅਰਮੈਨ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਪੰਜਾਬ ਡਾ ਸੁੱਖਵਿੰਦਰ ਕੂਮਾਰ ਸੁੱਖੀ ਨੂੰ ਪੰਜਾਬ ਬਿਲਡਿੰਗ ਐਂਡ ਅੰਦਰ ਕੰਸਟ੍ਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀ ਪਿਛਲੇ ਕਰੀਬ 3 ਹਫ਼ਤਿਆਂ ਤੋਂ ਬਿਲਕੁਲ ਬੰਦ ਪਈ ਬੈਵਸਾਈਟ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਮੰਗ ਪੱਤਰ ਸੌਂਪਿਆ ਗਿਆ। ਬਲਦੇਵ ਭਾਰਤੀ ਨੇ ਦੱਸਿਆ ਕਿ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਦੀ ਬੈਵਸਾਈਟ ਪਿਛਲੇ 3 ਹਫ਼ਤਿਆਂ ਤੋਂ ਬਿਲਕੁਲ ਬੰਦ ਰਹਿਣ ਕਾਰਨ ਪੰਜਾਬ ਭਰ ਦੇ ਉਸਾਰੀ ਮਜ਼ਦੂਰ ਲਾਭਪਾਤਰੀਆਂ ਵਿੱਚ ਵੱਡੀ ਪੱਧਰ ਤੇ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੇ ਆਨਲਾਈਨ ਪੋਰਟਲ ਵਿੱਚ ਪਹਿਲਾਂ ਵੀ ਬਹੁਤ ਕਮੀਆਂ ਸਨ ਅਤੇ ਇਸਦਾ ਸਰਵਰ ਜ਼ਿਆਦਾ ਸਮਾਂ ਡਾਊਨ ਹੀ ਰਹਿੰਦਾ ਸੀ। ਪਰ ਹੁਣ ਵੈਬਸਾਈਟ ਬਿਲਕੁਲ ਬੰਦ ਹੋਣ ਕਾਰਨ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਅਪਲਾਈ ਕਰਨ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਲਾਂਚ ਕੀਤਾ ਗਿਆ ‘ਪੰਜਾਬ ਕਿਰਤੀ ਸਹਾਇਕ’ ਐਪ ਵੀ ਭਰੋਸੇ ਯੋਗ ਨਹੀਂ ਹੈ। ਇਸ ਐਪ ਨੇ ਮਜ਼ਦੂਰਾਂ ਨੂੰ ਰਾਹਤ ਦੇਣ ਦੀ ਬਜਾਏ ਉਲਝਣਾਂ ਵਿੱਚ ਪਾਇਆ ਹੋਇਆ ਹੈ। ਉਸਾਰੀ ਮਜ਼ਦੂਰ ਦਿਹਾੜੀਆਂ ਤੋੜ ਕੇ ਸੁਵਿਧਾ ਕੇਂਦਰਾਂ ਵਿੱਚ ਗੇੜੇ ਮਾਰ ਮਾਰ ਕੇ ਹੰਭ ਗਏ ਹਨ ਅਤੇ ਮਾਨਸਿਕ ਪ੍ਰੇਸ਼ਾਨੀ ਵਿੱਚ ਹਨ। ਬਲਦੇਵ ਭਾਰਤੀ ਨੇ ਇਹ ਵੀ ਦੱਸਿਆ ਕਿ ਵੈਬਸਾਈਟ ਬੰਦ ਹੋਣ ਦੇ ਹਾਲਾਤਾਂ ਵਿੱਚ ਸਮਾਂ ਬੱਧ ਸ਼ਰਤ ਕਾਰਨ ਬਹੁਤ ਸਾਰੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ, ਨਵਿਆਉਣ (ਰਿਨਿਊਲ) ਅਤੇ ਭਲਾਈ ਸਕੀਮਾਂ ਦੀਆਂ ਅਰਜ਼ੀਆਂ ਅਪਲਾਈ ਨਾ ਹੋਣ ਕਾਰਨ ਉਨ੍ਹਾਂ ਦਾ ਆਰਥਿਕ ਤੌਰ ਤੇ ਬਹੁਤ ਨੁਕਸਾਨ ਹੋ ਰਿਹਾ ਹੈ। ਬੋਰਡ ਦੀ ਵੈੱਬਸਾਈਟ ਬੰਦ ਹੋਣ ਕਾਰਨ ਭਲਾਈ ਸਕੀਮਾਂ ਦੀਆਂ ਅਰਜ਼ੀਆਂ ਲਈ ਵਿੱਤੀ ਸਹਾਇਤਾ ਪ੍ਰਵਾਨ ਕਰਨ ਵਾਲੀਆਂ ਸਬ ਡਵੀਜ਼ਨਲ ਪੱਧਰੀ ਸਕ੍ਰੀਨਿੰਗ ਕਮੇਟੀਆਂ ਦੀਆਂ ਕਈ ਤੈਅ ਕੀਤੀਆਂ ਮੀਟਿੰਗਾਂ ਵੀ ਨਹੀਂ ਹੋ ਸਕੀਆਂ। ਇਸ ਤੋਂ ਇਲਾਵਾ ਭਲਾਈ ਸਕੀਮਾਂ ਦੀ ਪ੍ਰਵਾਨ ਹੋਈ ਵਿੱਤੀ ਸਹਾਇਤਾ ਵੀ ਰੁਕ ਗਈ ਹੈ। ਐੱਨ ਐੱਲ ਓ ਵਲੋਂ ਇਸ ਮੰਗ ਪੱਤਰ ਰਾਹੀਂ ਮੁੱਖ ਮੰਤਰੀ-ਕਮ-ਚੇਅਰਮੈਨ ਪੰਜਾਬ ਬਿਲਡਿੰਗ ਐਂਡ ਅੰਦਰ ਕੰਸਟ੍ਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਪੰਜਾਬ ਭਗਵੰਤ ਸਿੰਘ ਮਾਨ ਪਾਸੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਉਸਾਰੀ ਕਿਰਤੀਆਂ ਦੀ ਸਮਾਜਿਕ ਸੁਰੱਖਿਆ ਅਤੇ ਉੱਜਵਲ ਭਵਿੱਖ ਲਈ ਬੋਰਡ ਦੀ ਵੈੱਬਸਾਈਟ ਅਤੇ ਪੰਜਾਬ ਕਿਰਤੀ ਸਹਾਇਕ ਐਪ ਨੂੰ ਸੁਚੱਜੇ ਢੰਗ ਨਾਲ ਤੁਰੰਤ ਚਲਾਇਆ ਜਾਵੇ। ਇਸ ਦੇ ਨਾਲ ਵੈੱਬਸਾਈਟ ਬੰਦ ਹੋਣ ਦੇ ਸਮੇਂ ਲਈ ਲੋੜੀਂਦੇ ਕੇਸਾਂ ਵਿੱਚ ਢੁੱਕਵੇਂ ਗ੍ਰੇਸ ਪੀਰੀਅਡ ਦੀ ਵਿਵਸਥਾ ਵੀ ਕੀਤੀ ਜਾਵੇ। ਇਸ ਮੰਗ ਪੱਤਰ ਰਾਹੀਂ ਇਹ ਵੀ ਮੰਗ ਕੀਤੀ ਗਈ ਹੈ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ 30 ਮਈ 2023 ਦੀ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕੀਤਾ ਜਾਵੇ ਅਤੇ ਲਾਭਪਾਤਰੀ ਕਾਰਡ ਦੇ ਰਿਨਿਊ ਗ੍ਰੇਸ ਪੀਰੀਅਡ ਦੌਰਾਨ ਲਾਭਪਾਤਰੀ ਦੀ ਮੌਤ ਹੋਣ ਤੇ ਐਕਸਗ੍ਰੇਸ਼ੀਆ ਗ੍ਰਾਂਟ ਦੀ ਵਿੱਤੀ ਸਹਾਇਤਾ ਲਈ ਪ੍ਰਿੰਸੀਪਲ ਸਕੱਤਰ ਲੇਬਰ ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲਾਈ ਸ਼ਰਤ ਨੂੰ ਵੀ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ਤੇ ਡਾ ਸੁੱਖਵਿੰਦਰ ਕੂਮਾਰ ਸੁੱਖੀ ਨੇ ਕਿਹਾ ਭਰੋਸਾ ਦਿਵਾਇਆ ਕਿ ਉਸਾਰੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਯੋਗ ਉਪਰਾਲਾ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj