ਕਪੂਰਥਲਾ (ਸਮਾਜ ਵੀਕਲੀ) (ਕੌੜਾ) –ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਵਾਸਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ ਸੈਫਲਾਬਾਦ ਵਾਲੇ, ਸੰਤ ਬਾਬਾ ਹਰਜੀਤ ਸਿੰਘ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਅਗਵਾਈ ਹੇਠ ਬਿਸਤਰਿਆਂ ਦਾ ਟਰਾਲਾ ਰਵਾਨਾ ਕੀਤਾ ਗਿਆ। ਇਸ ਮੌਕੇ ਬਾਬਾ ਹਰਜੀਤ ਸਿੰਘ ਦਮਦਮਾ ਸਾਹਿਬ ਠੱਟਾ ਵਾਲਿਆਂ ਨੇ ਦੱਸਿਆ ਕਿ ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ ਸੈਫਲਾਬਾਦ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਅਥਾਹ ਸ਼ਰਧਾ ਭਾਵਨਾ ਨਾਲ ਵੱਡੀ ਗਿਣਤੀ ਵਿੱਚ ਬਿਸਤਰੇ ਗੁਰੂ ਘਰਾਂ ਵਿਖੇ ਦਾਨ ਦਿੱਤੇ ਗਏ ਜਿਹਨਾਂ ਨੂੰ ਅੱਜ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਲਈ ਰਵਾਨਾ ਕੀਤਾ ਗਿਆ।
ਉਹਨਾਂ ਦੱਸਿਆ ਕਿ ਇਲਾਕੇ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸਮੇਂ ਸਮੇਂ ਤੇ ਅਨਾਜ ਤੇ ਹੋਰ ਵਸਤਾਂ ਦੀ ਆਪਣੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਜਾਂਦੀ ਹੈ ਜਿਸ ਨੂੰ ਇਹਨਾਂ ਗੁਰੂ ਘਰਾਂ ਵਾਸਤੇ ਭੇਜਿਆ ਜਾਂਦਾ ਹੈ । ਉਹਨਾਂ ਦੱਸਿਆ ਕਿ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਵੱਲੋਂ ਹਜ਼ੂਰ ਸਾਹਿਬ ਨਾਂਦੇੜ ਵਿਖੇ ਵੱਡੀ ਪੱਧਰ ਤੇ ਸੇਵਾ ਦੇ ਕਾਰਜ ਚਲਾਏ ਜਾਂਦੇ ਹਨ ਅਤੇ ਪੰਜਾਬ ਸਮੇਤ ਸਮੁੱਚੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਹਨਾਂ ਅਸਥਾਨਾਂ ਤੇ ਨਤਮਸਤਕ ਹੁੰਦੀਆਂ ਹਨ ਜਿਨ੍ਹਾਂ ਦੀ ਰਹਾਇਸ਼ ਤੇ ਲੰਗਰਾਂ ਦੇ ਪ੍ਰਬੰਧ ਮਹਾਂਪੁਰਸ਼ਾਂ ਵੱਲੋਂ ਨਿਰੰਤਰ ਕੀਤੇ ਜਾਂਦੇ ਹਨ। ਉਹਨਾਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਦਾਨ ਪੁੰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹਮੇਸ਼ਾਂ ਬਣੀ ਰਹਿੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਇੰਦਰ ਸਿੰਘ ਖੀਰਾਂਵਾਲੀ, ਬਾਬਾ ਬਲਵਿੰਦਰ ਸਿੰਘ ਰੱਬ ਜੀ, ਬਾਬਾ ਮੰਗਲ ਸਿੰਘ, ਹਜ਼ੂਰੀ ਰਾਗੀ ਸਤਿੰਦਰਪਾਲ ਸਿੰਘ, ਭਾਈ ਜੋਗਾ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਲਖਵਿੰਦਰ ਸਿੰਘ ਮੋਨੀ, ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।