ਨਿਹੰਗਾਂ ਦੇ ਚੋਲੇ ‘ਚ ਆਏ ਨੋਸਰਬਾਜਾਂ ਨੇ ਪ੍ਰਵਾਸੀ ਭਾਰਤੀ ਨਾਲ ਮਾਰੀ 50 ਹਜਾਰ ਦੀ ਠੱਗੀ

ਕਪੂਰਥਲਾ, (ਸਮਾਜ ਵੀਕਲੀ)  ( ਕੌੜਾ )-ਪਿੰਡ ਝੱਲ ਲਈ ਵਾਲਾ ਵਿਖੇ ਅੱਜ ਸਵੇਰੇ ਨਿਹੰਗ ਸਿੰਘਾਂ ਦੇ ਚੋਲੇ ਚ ਆਏ ਠੱਗਾਂ ਨੇ ਪ੍ਰਵਾਸੀ ਭਾਰਤੀ ਨਾਲ ਕਰੀਬ 50 ਹਜਾਰ ਰੁਪਏ ਦੀ ਠੱਗੀ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਨੂੰ ਦਿੱਤੀ ਦਰਖਾਸਤ ਵਿੱਚ ਸੀਤਲ ਸਿੰਘ ਪੁੱਤਰ ਇੰਦਰ ਸਿੰਘ ਪਿੰਡ ਝੱਲ ਲੇਈ ਵਾਲਾ ਤਹਿਸੀਲ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ (ਯੂਰਪ) ਵਿੱਚ ਰਹਿ ਰਿਹਾ ਹੈ ਅਤੇ ਉਹ ਇਟਲੀ ਦਾ ਪੱਕਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਹੁਣ ਮੈਂ ਆਪਣੇ ਜੱਦੀ ਘਰ ਪਿੰਡ ਝੱਲ ਲੇਈ ਵਾਲਾ ਤਹਿਸੀਲ ਸੁਲਤਾਨਪੁਰ ਲੋਧੀ ਵਿਖੇ ਕੁਝ ਸਮਾਂ ਰਹਿਣ ਲਈ ਆਇਆ ਹਾਂ। ਅੱਜ ਸਵੇਰੇ 10.30 ਵਜੇ ਦੇ ਕਰੀਬ ਮੈਂ ਆਪਣੇ ਘਰ ਵਿੱਚ ਕੰਮ ਕਰ ਰਿਹਾ ਸੀ ਤਾਂ 6 ਵਿਅਕਤੀ ਨਿਹੰਗ ਸਿੰਘ ਦੇ ਬਾਣੇ ਵਿੱਚ ਮੇਰੇ ਪਾਸ ਆਏ ਜੋ ਆਪਣੇ ਆਪ ਨੂੰ ‘ਤਰਨਾ ਦਲ’ ਦੇ ਮੈਂਬਰ ਦੱਸ ਰਹੇ ਸਨ। ਉਨਾਂ ਵਿਚੋਂ 2-3 ਜਣਿਆਂ ਨੇ ਮੇਰੀ ਪਤਨੀ ਨੂੰ ਗੱਲਾਂ ਵਿੱਚ ਲਗਾਈ ਰੱਖਿਆ ਅਤੇ ਦੂਜਿਆਂ ਨੇ ਮੇਰੇ ਪਾਸੋਂ ਕਰੀਬ 550 ਯੂਰੋ (ਲਗਭਗ 50,000/- ਰੁਪਏ) ਚਲਾਕੀ ਨਾਲ ਠੱਗ ਲਏ ਅਤੇ ਆਪਣੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੰਬਰ PB-09-K 9137 ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਅਸੀਂ ਉਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨਾਂ ਨੇ ਆਪਣੀ ਗੱਡੀ ਦੀ ਸਾਈਡ ਮਾਰ ਕੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਇਨਾਂ ਨੌਸਰਬਾਜਾਂ ਦੀ ਸਾਰੀ ਵੀਡੀਓ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਨਾਂ ਨੌਸਰਬਾਜਾਂ/ਠੱਗਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਮੇਰੇ ਨਾਲ ਉਨਾਂ ਵੱਲੋਂ ਮਾਰੀ ਗਈ ਠੱਗੀ ਦੇ ਪੈਸੇ 550 ਯੂਰੋ ਵਾਪਿਸ ਕਰਵਾਏ ਜਾਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Next articleਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਨਾਨਕਸਰ ਗੁਰੂਘਰ ਬਰੈਂਪਟਨ ਵਿਖੇ ਵੱਡੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋਇਆ