(ਸਮਾਜ ਵੀਕਲੀ)
ਝੱਖੜ ਝੁੱਲੇ ਰਾਤ ਕਹਿਰ ਦੀ, ਬਾਤ ਦੱਸਾਂ ਉਸ ਪਿਛਲੇ ਪਹਿਰ ਦੀ।
ਸੁੰਨੇ ਰਸਤੇ ਠੰਡ ਪਈ ਵਰਦੀ, ਸੀਨੇਂ ਠਰਦੇ, ਠੰਡ ਕਹਿਰ ਦੀ।
ਬਿਜਲੀ ਲਿਸ਼ਕੇ, ਬਦਲੀ ਵਰਦੀ, ਬਿੰਦ ਵੀ, ਨਹੀਂ ਸੀ, ਹਵਾ ਠਹਿਰਦੀ।
ਮਾਂ ਤੇ ਬੱਚੇ ਨੰਗੇ ਪੈਰੀਂ, ਭਿਜਿਆ ਜਾਮਾਂ, ਕਿੰਨੀ ਭੈੜੀ, ਰਾਤ ਕਹਿਰ ਦੀ।
ਕੋਮਲ ਪੈਰੀਂ ਪੈ ਗਏ ਛਾਲੇ, ਸ਼ੀਤ ਲਹਿਰ ਵੀ, ਵਗੇ ਕਹਿਰ ਦੀ।
ਮਾਂ ਗੁਜਰੀ ਦੇ ਗਲ਼ ਨਾਲ ਲੱਗ ਕੇ ,ਪੋਤਿਆਂ ਕੱਟੀ, ਉਹ ਰਾਤ ਕਹਿਰ ਦੀ।
ਗੰਗੂ ਦੇ ਘਰ ਪਹੁੰਚੀ ਮਾਤਾ, ਲਾਲਚੀ ਨੇ ਡੰਗ ਮਾਰੀ, ਜ਼ਹਿਰ ਦੀ।
ਮਾਤਾ ਸਣੇ ਫੜਾਈ ਜੋੜੀ,ਮਾਂ,ਬੱਚਿਆਂ ਲਈ, ਬਣਿਆ,ਗੰਗੂ,ਕੰਧ ਕਹਿਰ ਦੀ।
ਠੰਡੇ ਬੁਰਜ਼ ‘ਚੁ ਬੈਠੇ ਬੱਚੇ, ਸੁਣਨ ਕਹਾਣੀ,ਮੁਗਲਾਂ ,ਦੇ ਸਰਹੰਦ ਸ਼ਹਿਰ ਦੀ।
ਬੱਚਿਆਂ ਤੇ ਫਿਰ ਝੁੱਲੀ, ਹਨ੍ਹੇਰੀ, ਸੂਬੇ ਦੇ, ਅੰਤਾਂ ਦੇ ਕਹਿਰ ਦੀ।
ਵਿੱਚ ਕਚਹਿਰੀ ਗੱਜੇ ਸੂਰੇ, ਲਾਲਚਾਂ ਜਿਹੀ, ਅੱਗੇ, ਸ਼ੈਅ ਨਾ ਠਹਿਰਦੀ।
ਧਰਮ ਸਿਦਕ ਲਈ ਅੜੀਆਂ ਜਿੰਦਾਂ, ਮੁਗਲ ਵਰਾਵੇ ਅੱਗ ਕਹਿਰ ਦੀ।
ਧਰਮ ਦੀ ਖਾਤਰ ਮੌਤ ਕਬੂਲੀ, ਸਜ਼ਾ ਸੁਣਾਈ, ਮੁਗਲਾਂ ਕਹਿਰ ਦੀ।
ਵਿੱਚ ਨੀਹਾਂ ਦੇ ਲਾਉਣ ਜੈਕਾਰੇ, ਜਿਉਂ-ਜਿਉਂ ਵੱਧ ਦੀ ਕੰਧ ਕਹਿਰ ਦੀ।
ਗਲ ਤੇ ਖੰਜਰ ਫੇਰ ਜਲਾਦਾਂ, ਹੱਦ ਟਪਾਈ, ਆਪਣੇ ਕਹਿਰ ਦੀ।
ਬੁਰਜ ਠੰਡੇ ਚੋਂ ਕਰ ਅਰਦਾਸਾਂ, ਬਣੀ, ਦਾਦੀ ਰਾਹੀ, ਅਗਲੇ ਸ਼ਹਿਰ ਦੀ।
ਟੋਡਰ ਮੱਲ ਨੇ ਬਾਲ ਅੰਗੀਠੇ, ਵਾਹ-ਵਾਹ ਖੱਟੀ ਪੂਰੇ ਸ਼ਹਿਰ ਦੀ।
ਸੂਬੇ ਨੂੰ ਬੰਦੇ, ਸਬਕ ਸਿਖਾਇਆ, ਅਲਖ ਮੁਕਾਈ ਮੁਗ਼ਲ ਕਹਿਰ ਦੀ।
ਸੰਦੀਪ, ਖ਼ਾਲਸੇ ਅਲਖ ਮੁਕਾਈ,ਮੁਗਲਾਂ ਦੇ ਉਸ ਖ਼ੂਨੀ ਕਹਿਰ ਦੀ।
ਇੱਟ ਇੱਟ ਸਿੱਜਦਾ ਕਰੇ ਗੁਰਾਂ ਨੂੰ, ਜਾ ਕੇ ਵੇਖੋ, ਸਰਹੰਦ ਸ਼ਹਿਰ ਦੀ।
ਸੰਦੀਪ ਸਿੰਘ ਬਖੋਪੀਰ
ਸੰਪਰਕ:-9815321017