ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ) – ਨਿਊਜ਼ੀਲੈਂਡ ਵਿੱਚ ਹੋਏ ਕਬੱਡੀ ਕੱਪ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਨ ਉਪਰੰਤ ਅੱਜ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਫਰਿਆਦ ਭਗਵਾਨਪੁਰੀਆ ਦੇ ਵਾਪਿਸ ਆਦਮਪੁਰ ਪੁੱਜਣ ਤੇ ਇਲਾਕਾ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਜਿਕਰਯੋਗ ਹੈ ਕਿ ਕਬੱਡੀ ਜਗਤ ਵਿਚ ਫਰਿਆਦ ਇਕ ਵੱਡਾ ਨਾਮ ਹੈ ਜਿਸਨੇ ਕਠਾਰ – ਸ਼ਾਮ ਚੁਰਾਸੀ ਰੋਡ ਲਾਗਲੇ ਇੱਕ ਛੋਟੇ ਜਿਹੇ ਪਿੰਡ ਭਗਵਾਨਪੁਰ ਵਿੱਚ ਰਹਿੰਦੇ ਹੋਏ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹੋਏ ਕਬੱਡੀ ਦੇ ਸਿਖਰਾਂ ਨੂੰ ਛੂਹਿਆ ਹੈ।
ਫਰਿਆਦ ਦੇ ਸ਼ਗਿਰਦਾਂ ਤੇ ਦੋਸਤਾਂ ਨੇ ਓਹਦੇ ਜਿੱਤ ਕੇ ਆਉਣ ਦੀ ਖੁਸ਼ੀ ਵਿੱਚ ਆਦਮਪੁਰ ਤੋਂ ਭਗਵਾਨਪੁਰ ਤੱਕ ਟਰੈਕਟਰਾਂ ਅਤੇ ਕਾਰਾਂ ਵਿਚ ਮਾਰਚ ਕੱਢਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੈਕਚਰਾਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਫਰਿਆਦ ਸਾਡੇ ਇਲਾਕੇ ਵਿਚ ਕਬੱਡੀ ਦਾ ਥੰਮ ਹੈ । ਫਰਿਆਦ ਨੇ ਵੱਡੇ ਟੂਰਨਾਮੈਂਟਾਂ ਵਿਚ ਜਿੱਥੇ ਮੋਟਰ ਸਾਈਕਲ, ਨਗਦ ਰਾਸ਼ੀ ਆਦਿ ਵੱਡੇ ਵੱਡੇ ਇਨਾਮ ਜਿੱਤੇ ਹਨ, ਉਥੇ ਹੀ ਨਿਊਜ਼ੀਲੈਂਡ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ । ਓਹਨਾਂ ਦਸਿਆ ਕਿ ਫਰਿਆਦ ਤੇ ਉਸਦਾ ਵੱਡਾ ਭਰਾ ਲਤੀਫ਼ ਮੁਹੰਮਦ ਸੈਂਕੜੇ ਨੌਜਵਾਨਾਂ ਨੂੰ ਮੁਫ਼ਤ ਕਬੱਡੀ ਦੀ ਟ੍ਰੇਨਿੰਗ ਦੇ ਕੇ ਓਹਨਾਂ ਦੀ ਜਿੰਦਗੀ ਨੂੰ ਵੀ ਵਧੀਆ ਬਣਾ ਰਹੇ ਹਨ । ਏਸ ਮੌਕੇ ਇਲਾਕਾ ਨਿਵਾਸੀਆਂ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਫਰਿਆਦ ਨੂੰ ਕਬੱਡੀ ਟ੍ਰੇਨਰ ਦੀ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਤਕੜਾ ਹੁਲਾਰਾ ਮਿਲੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly