ਸਰੀ/ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਇਲਾਕੇ ਦੇ ਪ੍ਰਸਿੱਧ ਅੰਤਰਰਾਸ਼ਟਰੀ ਖਿਡਾਰੀ ਜੂਰੀ ਭਗਵਾਨਪੁਰੀਆ ਨੇ ਨਿਊਜ਼ੀਲੈਂਡ ਦੇ ਕਬੱਡੀ ਕੱਪ ਵਿਚ ਹਿੱਸਾ ਲੈਂਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ । ਨਿਊਜ਼ੀਲੈਂਡ ਤੋਂ ਵਾਪਸ ਆਦਮਪੁਰ ਪੁੱਜਣ ਤੇ ਜੂਰੀ ਭਗਵਾਨਪੁਰੀਏ ਦਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਪਿੰਡ ਵਾਸੀਆਂ , ਨੌਜਵਾਨਾਂ ਤੇ ਖੇਡ ਪ੍ਰੇਮੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ । ਉਸ ਦੇ ਸਨਮਾਨ ਵਿੱਚ ਟਰੈਕਟਰਾਂ ਤੇ ਕਾਰਾਂ ਦੇ ਕਾਫਲੇ ਨਾਲ ਇਲਾਕੇ ਵਿਚ ਵਿਸ਼ਾਲ ਸਵਾਗਤੀ ਰੈਲੀ ਕੱਢੀ ਗਈ । ਲੈਕਚਰਾਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਜੂਰੀ ਭਗਵਾਨਪੁਰੀਆ ਤੇ ਉਸਦਾ ਭਰਾ ਫਰਿਆਦ ਮੁਹੰਮਦ ਦੋਵੇਂ ਕਬੱਡੀ ਦੇ ਅੰਤਰ ਰਾਸ਼ਟਰੀ ਖਿਡਾਰੀ ਹਨ ਜੋਂ ਦੇਸ਼ਾਂ ਵਿਦੇਸ਼ਾਂ ਵਿਚ ਵੱਡੇ ਟੂਰਨਾਮੈਂਟ ਖੇਡਦੇ ਹਨ । ਇਹ ਦੋਨੋ ਭਰਾ ਲੰਮੇ ਸਮੇਂ ਤੋਂ ਬਿਨਾਂ ਕੋਈ ਫੀਸ ਲਏ ਇਲਾਕੇ ਦੇ ਨੌਜਵਾਨਾਂ ਨੂੰ ਕਬੱਡੀ ਦੀ ਟ੍ਰੇਨਿੰਗ ਦੇ ਰਹੇ ਹਨ ਤੇ ਉਹਨਾਂ ਨੂੰ ਤਕੜੇ ਖਿਡਾਰੀ ਬਣਾ ਰਹੇ ਹਨ । ਉਹ ਆਦਮਪੁਰ ਬਲਾਕ ਦੇ ਛੋਟੇ ਜਿਹੇ ਪਿੰਡ ਭਗਵਾਨਪੁਰ ਦੇ ਰਹਿਣ ਵਾਲੇ ਹਨ ਪਰ ਕਬੱਡੀ ਵਿਚ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਹੈ । ਇਸ ਸਵਾਗਤ ਸਮਾਰੋਹ ਮੌਕੇ ਬਲਾਕ ਪੰਚਾਇਤ ਅਧਿਕਾਰੀ ਅਮਰਜੀਤ ਸਿੰਘ, ਪ੍ਰਿੰਸੀਪਲ ਰਾਮ ਆਸਰਾ ਸਟੇਟ ਅਵਾਰਡੀ , ਉੱਘੇ ਖੇਡ ਪ੍ਰਮੋਟਰ ਬਿੰਦਾ ਗਰੇਵਾਲ, ਕਮਲਜੀਤ ਥਿੰਦ ਬਿਜਲੀ ਵਿਭਾਗ, ਨੈਸ਼ਨਲ ਰੈਫਰੀ ਗੁਰਚਰਨ ਸਿੰਘ, ਲੈਕਚਰਾਰ ਗੁਰਿੰਦਰ ਸਿੰਘ, ਪੇਂਡੂ ਵਿਕਾਸ ਵਿਭਾਗ ਤੋ ਜਗਜੀਤ ਸਿੰਘ, ਗੁਰਪ੍ਰੀਤ ਸਿੰਘ , ਰੋਹਿਤ ਹਰਜਾਈ, ਸੁਪਰਡੈਂਟ ਜਗਮੋਹਨ ਸਿੰਘ, ਮਨਿੰਦਰ ਭੱਟੀ (ਪੰਜਾਬ ਪੁਲਿਸ), ਖਿਡਾਰੀ ਫਰਿਆਦ ਮੁਹੰਮਦ, ਤੇ ਵੱਡੀ ਗਿਣਤੀ ਵਿਚ ਨੌਜਵਾਨ ਤੇ ਖੇਡ ਪ੍ਰੇਮੀ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly