ਨਵੀਂ ਕਿਸਮ ਦੇ ਕਰੋਨਾ ਦੀ ਦਹਿਸ਼ਤ: ਵੱਖ-ਵੱਖ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਾਈਆਂ

ਹਾਂਗਕਾਂਗ (ਸਮਾਜ ਵੀਕਲੀ) : ਕਰੋਨਾ ਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ’ਤੇ ਕਾਬੂ ਪਾਉਣ ਦੇ ਮੱਦੇਨਜ਼ਰ ਦੁਨੀਆਂ ਭਰ ਵਿੱਚ ਯਾਤਰਾ ਪਾਬੰਦੀਆਂ ਨੂੰ ਸਖ਼ਤ ਕੀਤਾ ਜਾ ਰਿਹਾ ਹੈ। ਆਸਟਰੇਲਿਆਈ ਅਧਿਕਾਰੀ ਐਤਵਾਰ ਨੂੰ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਦੀ ਹੋਰ ਸਖ਼ਤ ਨਿਗਰਾਨੀ ਨਾਲ ਜਾਂਚ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਨਿਊਜ਼ੀਲੈਂਡ ਨੇ ਨੌਂ ਦੱਖਣੀ ਅਫਰੀਕੀ ਦੇਸ਼ਾਂ ਤੋਂ ਯਾਤਰੀਆਂ ਦੇ ਆਉਣ ’ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ, ਜਦਕਿ ਜਾਪਾਨ ਨੇ ਵੀ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ। ਥਾਈਲੈਂਡ ਨੇ ਅਫਰੀਕਾ ਦੇ ਅੱਠ ਦੇਸ਼ਾਂ ਤੋਂ ਯਾਤਰੀਆਂ ਦੀ ਆਮਦ ’ਤੇ ਪਾਬੰਦੀ ਲਾ ਦਿੱਤੀ ਹੈ। ਵਪਾਰਕ ਕੇਂਦਰ ਮੰਨੇ ਜਾਂਦੇ ਸਿੰਗਾਪੁਰ ਵਿੱਚ ਵੀ ਅਜਿਹੀਆਂ ਹੀ ਪਾਬੰਦੀਆਂ ਲਾਈਆਂ ਗਈਆਂ ਹਨ। ਉਤਰੀ ਅਫਰੀਕੀ ਦੇਸ਼ ਮੋਰੱਕੋ ਨੇ ਸੋਮਵਾਰ ਤੋਂ ਦੋ ਹਫ਼ਤਿਆਂ ਲਈ ਦੁਨੀਆਂ ਭਰ ਤੋਂ ਆਉਣ ਵਾਲੀਆਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਹਨ।

ਇਜ਼ਰਾਈਲ ਨੇ ਸਖ਼ਤ ਕਦਮ ਚੁੱਕਦਿਆਂ ਵਿਦੇਸ਼ੀ ਨਾਗਰਿਕਾਂ ’ਤੇ ਦੇਸ਼ ਵਿੱਚ ਦਾਖ਼ਲ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਇੰਡੋਨੇਸ਼ੀਆ, ਸ੍ਰੀਲੰਕਾ, ਮਾਲਦੀਵ ਅਤੇ ਸਾਊਦੀ ਅਰਬ ਨੇ ਵੀ ਅਫਰੀਕੀ ਦੇਸ਼ਾਂ ਤੋਂ ਯਾਤਰਾਵਾਂ ਨੂੰ ਜਾਂ ਤਾਂ ਸੀਮਤ ਕਰ ਦਿੱਤਾ ਹੈ ਜਾਂ ਪਾਬੰਦੀਆਂ ਲਾ ਦਿੱਤੀਆਂ ਹਨ। ਬ੍ਰਾਜ਼ੀਲ, ਕੈਨੇਡਾ, ਯੂਰੋਪੀ ਸੰਘ, ਇਰਾਨ ਅਤੇ ਅਮਰੀਕਾ ਨੇ ਪਹਿਲਾਂ ਹੀ ਪਾਬੰਦੀਆਂ ਲਾਈਆਂ ਹੋਈਆਂ ਹਨ।

ਉਧਰ ਦੱਖਣੀ ਅਫਰੀਕਾ ਨੇ ਉਨ੍ਹਾਂ 18 ਦੇਸ਼ਾਂ ਦੀ ਖਿਚਾਈ ਕੀਤੀ ਹੈ, ਜਿਨ੍ਹਾਂ ਨੇ ਦੇਸ਼ ’ਤੇ ਯਾਤਰਾ ਪਾਬੰਦੀਆਂ ਲਾਈਆਂ ਹਨ। ਉਸ ਨੇ ਕਿਹਾ ਕਿ ਦੁਨੀਆਂ ਨੂੰ ਜੇਕਰ ਅਹਿਮ ਸਿਹਤ ਡਾਟਾ ਸਾਂਝਾ ਕਰਨ ਵਿੱਚ ਪਾਰਦਰਸ਼ਤਾ ਚਾਹੀਦੀ ਹੈ ਤਾਂ ਉਸ ਨੂੰ ਇਸ ਤਰ੍ਹਾਂ ਦੀ ਬਿਨਾਂ ਸੋਚੇ ਸਮਝੇ ਕੀਤੀ ਗਈ ਪ੍ਰਤੀਕਿਰਿਆ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਦ ਰੁੱਤ ਸੈਸ਼ਨ ਸ਼ੁਰੂ ਹੁੰਦੇ ਹੀ ਹੰਗਾਮਾ; ਸਦਨ ਦੀ ਕਾਰਵਾਈ 12 ਵਜੇ ਤਕ ਮੁਅੱਤਲ ਕੀਤੀ
Next articleਆਸਟਰੇਲੀਆ, ਜਰਮਨੀ ਤੇ ਇੰਗਲੈਂਡ ਵਿੱਚ ਓਮੀਕਰੋਨ ਦੇ ਮਰੀਜ਼ ਮਿਲੇ