(ਸਮਾਜ ਵੀਕਲੀ)
ਅਜੀਬ ਜਿਹਾ ਉਜਾੜਾ
ਸਭ ਖਾ ਗਿਆ
ਖੇਤ ਤੇ ਵਾੜਾ
ਨਾ ਕੋਈ ਬਚਿਆ
ਖੱਲ ਤੇ ਖੂੰਜਾ
ਨਾ ਬਚੀ ਰਹਿਣ ਲਈ ਥਾਂ
ਹਾਏ ਨਵੇਂ ਨਗਰਾਂ ਦਾ ਪਸਾਰਾ
ਕਰ ਗਿਆ ਐਸਾ ਕਾਰਾ
ਮੇਰੇ ਖਾ ਲਏ
ਘੁੱਗ ਵਸਦੇ
ਹੱਸਦੇ ਰਸਦੇ
ਛੋਟੇ ਕਸਬੇ, ਸ਼ਹਿਰ,ਗਰਾਂ।
ਬੰਦਾ ਪੈ ਗਿਆ
ਕੈਸੀ ਜੂਨ
ਅੰਦਰੋਂ ਗਵਾਚ ਗਿਆ ਸਕੂਨ
ਪਤਾ ਚੱਲੇ ਨਾ
ਦਿਨ ਕਿ ਰਾਤ
ਕਿਧਰੇ ਪ੍ਰਭਾਤ ਹੈ
ਗਈ ਗਵਾਚ
ਨਵੇਂ ਨਗਰਾਂ ਦੀਆਂ
ਐਸੀਆਂ ਫੈਲੀਆਂ ਲਗਰਾਂ
ਸੂਤ ਦਿੱਤੇ ਸਾਹ
ਚੁੰਧਿਆ ਦਿੱਤੀਆਂ ਨਜ਼ਰਾਂ
ਜੰਮ ਪਈਆਂ
ਵੱਡੀਆਂ ਵੱਡੀਆਂ ਇਨਕਲੇਬਾਂ
ਢੱਕ ਦਿੱਤੀ ਧਰਤੀ
ਨਗਰ ਦੀਆਂ ਖੇਡਾਂ
ਖੇਤਾਂ ਚ ਬਜ਼ਰੀ ਸਰੀਆ
ਦਿੱਤਾ ਉਤਾਰ
ਉੱਜੜ ਗਿਆ
ਪੰਛੀਆਂ ਦਾ ਘਰ ਬਾਰ
ਨਾ ਬਚੀ ਆਲ੍ਹਣੇ ਪਾਉਣ ਲਈ ਥਾਂ।
ਮੁੱਖ ਤੋਂ ਹਾਸੇ
ਗਏ ਗਵਾਚ
ਅੰਦਰ ਨ੍ਹੇਰਾ
ਕਿੱਥੇ ਧਰਵਾਸ
ਘਰ ਦੇ ਨਾਲ
ਅੰਦਰ ਵੀ ਟੁੱਟਿਆ
ਅਜੀਬ ਜਿਹੀ ਪੀੜ
ਮਨ ਨੂੰ ਘੁੱਟਿਆ
ਭੱਜ ਦੌੜ ਤੇ ਬਿਖਰਾਅ
ਗਿਆ ਜ਼ਿੰਦਗੀ ਤਾਈਂ ਖਾ
ਨਾਂ ਕੁੱਝ ਅੱਲੇ ਨਾਂ ਹੀ ਪੱਲੇ
ਬੰਦਾ ਝਾਕੇ ਉਰਾਂ ਪਰਾਂ।
ਫ਼ਸਲਾਂ ਸੰਗ ਹੀ
ਉੱਜੜੀਆਂ ਨਸਲਾਂ
ਉੱਜੜ ਗਏ ਨੇ
ਸਭ ਰਿਸ਼ਤੇ ਨਾਤੇ
ਜਾ ਪਏ ਨੇ ਪਤਾ ਨਹੀਂ
ਕਿਸ ਖੂਹ ਖਾਤੇ
ਵਿਸ਼ਵਾਸ ਧਰਵਾਸ
ਗਵਾਚ ਗਿਆ ਹੈ
ਜੀਵਨ ਗਵਾਚੀ
ਆਸ ਜਿਹਾ ਹੈ
ਚਾਅ ਮਲਾਰ
ਅੰਦਰੋਂ ਨੇ ਮਰ ਗਏ
ਤਮਾਂ ਲਾਲਸਾ
ਦਿਮਾਗੀਂ ਚੜ੍ਹ ਗਏ
ਵੇਖ ਕੇ ਸਭ ਕੁੱਝ
ਕਿਉਂ ਮੈ ਚੁੱਪ ਰਹਾਂ
ਕਿਉਂ ਨਾ ਦੋਸ਼ ਮੜਾਂ?
ਘਰਾਂ ਤਾਈਂ
ਖਪਾ ਲਿਆ ਮਕਾਨਾਂ
ਚੱਪੇ ਚੱਪੇ ਤੇ
ਖੁੱਲ੍ਹ ਗਈਆਂ ਦੁਕਾਨਾਂ
ਸਭ ਪਾਸੇ ਹੀ
ਪਸਰ ਗਿਆ ਬਜ਼ਾਰ
ਜ਼ਿੰਦਗੀ ਹੋ ਗਈ ਅਵਾਜ਼ਾਰ
ਭੌਚਲੀਆਂ ਅਕਲਾਂ
ਪਤਾ ਨਾ ਲੱਗੇ
ਕਿਹੜੇ ਪਾਸਿਓਂ ਗਏ ਨਹੀਂ ਠੱਗੇ?
ਜਿਸ ਪਾਸੇ ਵੀ ਪੈਰ ਧਰਾਂ।
ਇਹ ਨਗਰ
ਜਿਸ ਦੀ ਨੇ ਕਾਢ
ਮੇਰੇ ਚਾਅ ਤੇ ਗਰਾਂ ਨੂੰ
ਲਾ ਗਏ ਵਾਢ
ਉਸ ਤੇ ਚੱਲ ਉੱਠ
ਉਂਗਲ ਧਰੀਏ
ਚੜ੍ਹੇ ਹੜ੍ਹੱਲੂ ਦਾ ਕੋਈ
ਬੰਨ ਸੁਭ ਕਰੀਏ
ਕਿਤੇ ਤਾਂ ਇਸ ਨੂੰ
ਰੋਕਣਾ ਪੈਣਾਂ ਹੈ
ਟੋਕਣਾ ਪੈਣਾ ਹੈ
ਚੱਲ ਇੱਕ ਦੂਜੇ
ਦੀ ਉਂਗਲ ਫੜੀਏ
ਆਪਣੇ ਪੈਰਾਂ ਤੇ
ਕਿਉਂ ਨਾ
ਉੱਠ ਕੇ ਖੜੀਏ
ਬੰਦਿਆਂ ਦੀ ਤਰਾਂ।
ਡਾ ਮੇਹਰ ਮਾਣਕ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly