HOME ਨਵੀਂ ਜੁੱਤੀ – ਕਹਾਣੀ

ਨਵੀਂ ਜੁੱਤੀ – ਕਹਾਣੀ

ਦੀਪ ਸੰਧੂ
(ਸਮਾਜ ਵੀਕਲੀ)
“ਹਾਏ ਹਾਏ! ਨਵੀਂ ਜੁੱਤੀ ਸੀ, ਗਈ ਕਿੱਥੇ?”
ਕਰਮੋ ਬੁੜਬੁੜਾਉਂਦੀ ਕਦੇ ਪੇਟੀ ਹੇਠਾਂ ਝਾਤੀ ਮਾਰਦੀ, ਤੇ ਕਦੇ ਮੰਜੇ ਹੇਠ…
“ਹਾਲੇ ਥੋੜ੍ਹੇ ਦਿਨ ਪਹਿਲਾਂ ਪੇਕਿਆਂ ਤੋਂ ਬੇਬੇ ਨੇ ਦਿੱਤੀ ਸੀ।
ਹਾਲੇ ਤਾਂ ਚੱਜ ਨਾਲ ਪੈਰੀਂ ਪਾ ਕੇ ਵੀ ਨਹੀਂ ਦੇਖੀ…”
ਉਹਨੇ ਮੰਜੇ ਹੇਠ ਇਕ ਵਾਰੀ ਫਿਰ ਚੰਗੀ ਤਰਾਂ ਝਾਤੀ ਮਾਰੀ, ਪਰ ਜੁੱਤੀ ਨਾ ਲੱਭੀ।
“ਇੱਕ ਤਾਂ ਇਹ ਚੌਣਾ ਵੀ ਚੀਜ਼ ਰਹਿਣ ਦਿੰਦਾ?”  ਖਿੱਝੀ ਨੇ ਛੋਟੇ ਮੁੰਡੇ ਨੂੰ ਕਿਹਾ,
“ਵੇ, ਤੂੰ ਤਾਂ ਨਹੀਂ ਕਿਤੇ ਸੁੱਟ ਆਂਦੀ?”
“ਨਹੀਂ ਬੇਬੇ, ਮੈਂ ਤਾਂ ਨਹੀਂ ਦੇਖੀ!”
ਮੁੰਡੇ ਨੇ ਜਿਵੇਂ ਤਰਲਾ ਮਾਰਿਆ ।
ਉਹਦੇ ਮਨ ਵਿੱਚ ਬਾਹਰ ਪਏ ਸ਼ਰਾਬੀ ਪਿਉ ਦਾ ਡਰ ਸੀ…ਜਿਹੜਾ ਪਤਾ ਨਹੀਂ ਕਿਹੜੇ ਵੇਲੇ ਕੀਹਦੇ ਦੁਆਲੇ ਹੋ ਜਾਵੇ।
ਨਾਲੇ ਇਹ ਕਿਹੜੀ ਪਹਿਲੀ ਵਾਰੀ ਸੀ?
ਮੁੰਡੇ ਨੂੰ ਵੀ ਪਤਾ ਸੀ… ਇੱਥੇ ਰੋਜ਼ ਤਾਂ ਕੁਝ ਨਾ ਕੁਝ ਗੁਆਚਦਾ ਰਹਿੰਦਾ।
ਉਹਦਾ ਪਿਉ ਘਰ ਦੀਆਂ ਚੀਜ਼ਾਂ ਵੇਚ ਵੇਚ ਸ਼ਰਾਬ ਪੀ ਲੈਂਦਾ,ਤੇ ਕਈ ਵਾਰ ਆਪਣੇ ਮੂੰਹ-ਮੁਲਾਹਜੇਦਾਰਾਂ ਨੂੰ ਦੇ ਆਉਂਦਾ।
ਘਰ ਭਾਂਵੇ ਰੋਜ਼ ਭੰਗ ਭੁੱਜਦੀ ਸੀ, ਪਰ ਉਹਨੂੰ ਰੱਤੀ ਫ਼ਰਕ ਨਹੀਂ ਸੀ ਪੈਂਦਾ।  ਵੇਹਲੜ, ਸਾਰਾ ਸਾਰਾ ਦਿਨ ਸ਼ਰਾਬ ਦਾ ਰੱਜਿਆ ਪਿਆ ਰਹਿੰਦਾ ਜਾਂ ਆਵਾਰਾਗਰਦੀ ਕਰਦਾ ਫਿਰਦਾ ਰਹਿੰਦਾ।
“ਚੱਲ ਦਫਾ ਕਰ… ਨਹੀਂ ਤਾਂ ਨਾ ਸਹੀ।
ਅੱਗੇ ਕਿਹੜਾ ਨਿੱਤ ਨਵੀਆਂ ਪਾ ਕੇ ਜਾਂਦੀ ਆਂ,
ਟੁੱਟੇ ਛਿੱਤਰਾਂ ‘ਚ ਹੀ ਨਿਭ ਜਾਣੀ ਆਂ ਮੇਰੀ ਤਾਂ…”
ਕਰਮੋ ਨੇ ਜਿਵੇਂ ਆਪਣੇ ਆਪ ਨੂੰ ਹੀ ਸਮਝਾਇਆ।
ਉਦਾਂ ਵੀ, ਅੱਜ ਸੰਗਰਾਂਦ ਦਾ ਦਿਨ ਸੀ।
ਉਹ ਨਹੀਂ ਸੀ ਚਾਹੁੰਦੀ ਕਿ ਕੋਈ ਹੋਰ ਸਿਆਪਾ ਖੜ੍ਹਾ ਹੋਵੇ।
ਮਾਪਿਆਂ ਨੇ ਨਸ਼ੇੜੀ ਨਾਲ ਤੋਰ,
“ਅੱਗੇ ਤੇਰੀ ਕਿਸਮਤ ਧੀਏ,” ਕਹਿ ਕੇ ਹੱਥ ਝਾੜ ਲਏ ਸਨ।
“ਨੀਂ ਆ ਜਾ ਭੈਣੇ! ਅੱਗੇ ਲੇਟ ਹੋਈ ਜਾਂਦੀਆਂ…”
ਗਲੀ ਵਿਚੋਂ ਮਿੰਦੋ ਦੀ ਆਵਾਜ਼ ਆਈ।
ਕਰਮੋ ਨੇ ਛੇਤੀ-ਛੇਤੀ ਚਾਦਰ ਦੀ ਬੁੱਕਲ ਮਾਰੀ,
ਸਿਰ ਢੱਕਿਆ, ਤੇ ਬੁੜਬੁੜ ਕਰਦੀ ਨਾਲ ਹੋ ਤੁਰੀ।
ਜਿਵੇਂ ਹੀ ਗਲੀ ‘ਚੋਂ ਨਿਕਲੀਆਂ, ਤਾਂ ਕਰਮੋ ਇੱਕ ਵਾਰ ਤਾਂ ਠਠੰਬਰ ਗਈ।
ਉਹਨਾਂ ਦੇ ਮੂਹਰੇ-ਮੂਹਰੇ, ਛੱਜੇ ਅਮਲੀ ਦੀ ਵਿਧਵਾ ਨੂੰਹ ਉਹੀ ਜੁੱਤੀ ਪਾਈ ਤੁਰੀ ਜਾਂਦੀ ਸੀ।
ਕਰਮੋ ਦੇ ਅੰਦਰੋਂ ਜਿਵੇਂ ਭੁੱਬ ਨਿਕਲੀ।
ਉਹਦੇ ਕੋਲੋਂ ਅਗਲਾ ਪੈਰ ਪੱਟਿਆ ਨਹੀਂ ਸੀ ਜਾ ਰਿਹਾ।
ਇੰਝ ਲੱਗਿਆ ਜਿਵੇਂ ਛੱਜੇ ਦੀ ਨੂੰਹ ਨੇ ਉਸੇ ਜੁੱਤੀ ਨਾਲ ਉਹਦਾ ਸੀਨਾ ਮਸਲ ਕੇ ਰੱਖ ਦਿੱਤਾ ਹੋਵੇ…
— ਦੀਪ ਸੰਧੂ
+61 459 966 392
Previous articleਸਿਲਸਿਲਾ ਅਜੇ ਵੀ ਜਾਰੀ ਹੈ
Next articleਇੱਕ ਜੰਗ ਦੀ ਕਹਾਣੀ