(ਸਮਾਜ ਵੀਕਲੀ) ਪਰਗਟ ਸਿੰਘ ਸਤੌਜ ਕਹਾਣੀ ਤੇ ਨਾਵਲ ਦੇ ਖੇਤਰ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ । ਉਸਦੀਆਂ ਕਹਾਣੀਆਂ ਵਿੱਚ ਯਥਾਰਥਕ ,ਦੁਖਾਂਤਿਕ ਅਤੇ ਮਾਨਵੀ ਸੰਵੇਦਨਾ ਦੇ ਨਵੇਂ ਪ੍ਰਕਰਣ ਹੁੰਦੇ ਹਨ । ਉਹ ਵਿਸ਼ਾਗਤ ਵੰਨ ਸੁਵੰਨਤਾ , ਸ਼ੈਲੀਗਤ ਨਵੇਂਪਣ ਅਤੇ ਵਿਧਾ ਮੂਲਕ ਵੰਗਾਰਾਂ ਨਾਲ਼ ਖਹਿ ਕੇ ਆਪਣੀ ਕਹਾਣੀ ਨੂੰ ਤਰਾਸ਼ਦਾ ਹੈ । ਯੁੱਗ ਸੰਵੇਦਨਾ ਅਤੇ ਯੁੱਗ ਸੰਚਾਰ ਦੀਆਂ ਨਵੀਆਂ ਵੰਗਾਰਾਂ , ਉਸ ਦੀ ਕਲਾਤਮਿਕ ਨਿਪੁੰਨਤਾ ਨੂੰ ਹੋਰ ਪੱਕਾ ਕਰਦੀਆਂ ਹਨ । ” ਮੌਸਮ ਠੀਕ ਨਹੀਂ ” ਉਸ ਦਾ ਦੂਸਰਾ ਕਹਾਣੀ-ਸੰਗ੍ਰਹਿ ਹੈ । ਇਹ ਕਹਾਣੀ-ਸੰਗ੍ਰਹਿ ਦੀਆਂ ਕਹਾਣੀਆਂ ਸਮਾਜਿਕ ਯਥਾਰਥ ਦੀਆਂ ਬਾਹਰੀ ਅਤੇ ਅੰਦਰੂਨੀ ਪਰਤਾਂ ਨੂੰ ਫਰੋਲ , ਮਨੁੱਖੀ ਮਨੋ ਸੰਸਾਰ ਦੀਆਂ ਗੁੰਝਲਾਂ ਨੂੰ ਪੇਸ਼ ਕਰਦੀਆਂ ਹਨ।
ਕਹਾਣੀ-ਸੰਗ੍ਰਹਿ ਦੀ ਪਹਿਲੀ ਕਹਾਣੀ ” ਤੂੰ ਮੈਨੂੰ ਪਿਆਰ ਨਹੀਂ ਕਰਦਾ ” ਕਹਾਣੀਕਾਰ ਵੱਲੋਂ ਸਧਾਰਨ ਪਾਤਰਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣ ਦੇ ਖ਼ੂਬਸੂਰਤ ਗੁਨਾਹ ਵਿੱਚੋਂ ਆਪਣੀ ਹੋਂਦ ਅਖਤਿਆਰ ਕਰਦੀ ਹੈ । ਇਹ ਕਹਾਣੀ ਜਿੱਥੇ ਬੌਧਿਕ ਅਬਰਾਬਰਤਾ ਦੇ ਨਤੀਜਿਆਂ ਨੂੰ ਪੇਸ਼ ਕਰਦੀ ਹੈ, ਉੱਥੇ ਉਮਰਾਂ ਦੇ ਤਕਾਜਿਆਂ ਵਿਚਲੀ ਅਪਰਪੱਕਤਾ ਨੂੰ ਵੀ ਦਰਸਾਉਂਦੀ ਹੈ। ਕਹਾਣੀਕਾਰ ਸੋਸ਼ਲ ਮੀਡੀਆ ਨੂੰ ਪਰਿਵਾਰਕ ਰਿਸ਼ਤਿਆਂ ਵਿੱਚ ਵਧ ਰਹੀ ਕੁੜੱਤਣ ਲਈ ਜ਼ਿੰਮੇਵਾਰ ਮੰਨਦਿਆਂ, ਮਾਨਸਿਕ ਤਣਾਓ ਨੂੰ ਵਧਾਉਣ ਵਾਲ਼ਾ ਤੰਤਰ ਵੀ ਸਿੱਧ ਕਰਦਾ ਹੈ। ਅਗਲੀ ਕਹਾਣੀ ” ਮਿੱਟੀ ” ਦੀਆਂ ਪਰਤਾਂ ਹੇਠ ਅਜੋਕੇ ਜੀਵਨ ਸੱਚ ਲੁਕਿਆ ਹੋਇਆ ਹੈ। ਮਿੱਟੀ ਦਾ ਮੋਹ ਟੁੱਟਣਾ , ਅੰਤਰਜਾਤੀ ਵਿਆਹ ਨਾਲ ਪੈਦਾ ਹੁੰਦੇ ਵਿਚਾਰਧਾਰਕ ਵਖਰੇਵੇਂ , ਆਪਣੇ ਪੁਰਖਿਆਂ ਪ੍ਰਤੀ ਨਾ ਸ਼ੁਕਰਗੁਜ਼ਾਰੀ , ਖੇਤੀਬਾੜੀ ਦੇ ਢੰਗਾਂ ਵਿੱਚ ਆਈ ਤਬਦੀਲੀ , ਨੌਜਵਾਨ ਪੀੜੀ ਦਾ ਵਿਦੇਸ਼ਾਂ ਵੱਲ ਰੁਝਾਨ , ਇਕਲਤਾ ਹੱਥੋਂ ਹਾਰਦਾ ਅਜੋਕਾ ਕਿਸਾਨ, ਵਰਗੇ ਬਹੁਤ ਸਾਰੇ ਮਸਲੇ ਇਸ ਕਹਾਣੀ ਦਾ ਹਾਸਲ ਹਨ। “ਟੀਨ ਗ਼ਜ਼ਲ ” ਕਹਾਣੀ ਹਾਰਮੋਨ ਚੇਂਜਜ ਕਾਰਨ ਬੱਚਿਆਂ ਦੇ ਸੁਭਾਅ , ਵਿਚਾਰਾਂ , ਆਦਤਾਂ ਅਤੇ ਸਰੀਰਕ ਤਬਦੀਲੀਆਂ ਬਾਰੇ ਹੈ। ਬੱਚਿਆਂ ਦੀ ਇਹ ਉਮਰ ਜਿੱਥੇ ਬੱਚਿਆਂ ਦੇ ਜੀਵਨ ਪੰਧ ਦੇ ਰਾਹਾਂ ਨੂੰ ਨਿਰਧਾਰਿਤ ਕਰਦੀ ਹੈ , ਉਥੇ ਅਧਿਆਪਕ ਦੇ ਸਮਾਜ ਵਿੱਚ ਸੁੱਚੀ ਸਵੀ ਨੂੰ ਵੀ ਪ੍ਰਭਾਵਿਤ ਕਰਦੀ ਹੈ । ਕਹਾਣੀ ਦਾ ਅੰਤ ਬੜਾ ਪ੍ਰਭਾਵਸ਼ਾਲੀ ਹੈ ।ਅਧਿਆਪਕ ਦੀ ਸੂਝ ਤੇ ਸਿਆਣਪ ਵਿਦਿਆਰਥੀ ਦੇ ਭਵਿੱਖ ਅਤੇ ਅਧਿਆਪਕ ਦੇ ਆਪਣੇ ਭਵਿੱਖ ਨੂੰ ਸੁਰੱਖਿਤ ਰੱਖ ਸਕਦੀ ਹੈ।
” ਐਪੀਲੈਪਸੀ ਵਾਰਡ ” ਕਹਾਣੀ ਦੁੱਖਾਂ ਤਕਲੀਫਾਂ ਦੇ ਛੱਪੜ ਵਿੱਚ ਕਮਲ ਦੇ ਫੁੱਲ ਵਰਗੇ ਰਿਸ਼ਤਿਆਂ ਦੇ ਖਿੜਨ ਦਾ ਅਹਿਸਾਸ ਪੈਦਾ ਕਰਦੀ ਹੈ। ਭਾਵੇਂ ਕਹਾਣੀ ਕਾਲਪਨਿਕ ਸੰਸਾਰ ਦਾ ਝੌਲਾ ਪਾਉਂਦੀ ਹੈ ਪਰ ਜੇਕਰ ਕਿਸੇ ਹਸਪਤਾਲ ਵਿੱਚ ਅਜਿਹਾ ਖ਼ੂਬਸੂਰਤ ਅਹਿਸਾਸ ਪਲਦਾ ਹੈ ਤਾਂ ਇਹ ਜ਼ਿੰਦਗੀ ਦੀ ਖ਼ੂਬਸੂਰਤੀ ਵਿੱਚ ਇੱਕ ਹੋਰ ਨਵਾਂ ਰੰਗ ਹੋਵੇਗਾ ।ਕਹਾਣੀਕਾਰ ਨੇ ਬੜੇ ਹੀ ਖ਼ੂਬਸੂਰਤ ਵਿਚਾਰ ਨਾਲ਼ ਪਾਠਕ ਨੂੰ ਜੋੜਨ ਦਾ ਯਤਨ ਕੀਤਾ ਹੈ। “ਮੌਸਮ ਠੀਕ ਨਹੀਂ ” ਕਹਾਣੀ ਵਿੱਚ ਔਰਤ / ਕੁੜੀ ਦੇ ਜੀਵਨ ਰੰਗਾਂ ਦੇ ਖੁਰ ਜਾਣ ਅਤੇ ਚਾਵਾਂ ਦੇ ਆਪਣੇ ਹੀ ਅੰਦਰ ਦਫ਼ਨ ਹੋ ਜਾਣ ਦੀ ਬਾਤ ਪਾਉਂਦੀ ਹੈ। ਭਾਵੇਂ ਸਾਡੇ ਸਮਾਜ ਵਿੱਚ ਔਰਤਾਂ ਪੜ੍ਹ-ਲਿਖ ਚੰਗੇ ਅਹੁਦਿਆਂ ‘ ਤੇ ਪਹੁੰਚ ਗਈਆਂ ਨੇ ਪਰ ਇਹਨਾਂ ਦੀਆਂ ਰੀਝਾਂ ,ਉਮੰਗਾਂ , ਚਾਵਾਂ ਮਲਾਰਾਂ ਵੱਲ ਜਾਂਦੇ ਰਸਤਿਆਂ ਤੇ ਮਰਦਾਵੀ ਸੋਚ ਅਤੇ ਉੱਚੇ ਨੀਵੇਂ ਦੇ ਭੇਦ ਭਾਵ ਦਾ ਪਹਿਰਾ ਹੈ। ਅੱਜ ਵੀ ਔਰਤਾਂ ਦੇ ਲਈ ਮੌਸਮ ਠੀਕ ਨਹੀਂ । “ਆਖਰੀ ਰਾਤ”ਕਹਾਣੀ ਸਮਾਜ ਵਿੱਚ ਵਰਜਿਤ ਰਿਸ਼ਤਿਆਂ ਦੇ ਵੱਧ ਰਹੇ ਪਸਾਰੇ ਨੂੰ ਪੇਸ਼ ਕਰਦੀ ਹੈ। ਕਈ ਵਾਰ ਮਨੁੱਖ ਦਾ ਅਤੀਤ ਅਜਿਹੇ ਕਰੂਰ ਰੂਪ ਵਿੱਚ ਉਸਦੇ ਭਵਿੱਖ ਅੱਗੇ ਆ ਖਲੋਂਦਾ ਹੈ ਕਿ ਮਨੁੱਖ ਉਸ ਕਰੂਰ ਰੂਪ ਨੂੰ ਵੇਖ ਏਨਾ ਡਿਸਟਰਬ ਹੋ ਜਾਂਦਾ ਹੈ ਕਿ ਗੁਨਾਹਾਂ ਦੀ ਪੋਸ਼ਾਕ ਆਪਣੇ ਪਿੰਡੇ ਤੇ ਪਾ ਲੈਂਦਾ ਹੈ। ਇਸ ਕਹਾਣੀ ਦਾ ਪਾਤਰ ਗੁਰਦੀਪ ਅਜਿਹੇ ਹਾਲਾਤਾਂ ਨਾਲ਼ ਹੀ ਜੂਝਦਾ ਨਜ਼ਰ ਆ ਰਿਹਾ ਹੈ। “ਵਾਲਿਦ ਮੰਗੂ ਉਰਫ਼ ਮੰਗਲਦੀਪ “ਕਹਾਣੀ ਸਦੀਆਂ ਤੋਂ ਮਨੁੱਖ ਦੀ ਉਸ ਚਾਹਤ ਦਾ ਪ੍ਰਗਟਾਅ ਹੈ। ਜਿਸ ਅਧੀਨ ਉਹ ਇਸ ਜੀਵਤ ਸੰਸਾਰ ਵਿੱਚ ਆਪਣੀ ਹੋਂਦ ਦਾ ਕੋਈ ਨਾ ਕੋਈ ਅੰਸ਼ ਛੱਡ ਕੇ ਜਾਣਾ ਚਾਹੁੰਦਾ ਹੈ।ਮਨੁੱਖੀ ਮਨ ਦੀ ਇਹ ਹਸਰਤ ਦਾ ਪ੍ਰਗਟਾਵਾ ਕਹਾਣੀ ਦੇ ਪਾਤਰ ਮੰਗੂ ਦੇ ਇਹ ਬੋਲ ਹਨ , ” ਬਾਈ ਮੇਰਾ ਵੀ ਜੱਗ ‘ਚ ਹਿੱਸਾ ਪੈ ਗਿਆ। ਹੁਣ ਤਾਂ ਚਾਹੇ ਰੱਬ ਅੱਜ ਚੱਕ ਲੇ,,, ਕੋਈ ਪਰਵਾਹ ਨਹੀਂ।”
” ਜੜ੍ਹਾਂ ਵਿਹੁਣੇ ਬੰਦੇ “ਕਹਾਣੀ 1947 ਦੀ ਵੰਡ ਦਾ ਸੰਤਾਪ, ਅਜੇ ਤੱਕ ਭੋਗਦੇ ਉਹਨਾਂ ਲੋਕਾਂ ਬਾਰੇ ਹੈ, ਜੋ ਅੱਜ ਵੀ ਆਪਣੇ ਜੱਦੀ ਪਿੰਡਾਂ ਰਾਹਾਂ , ਥਾਵਾਂ ਅਤੇ ਲੋਕਾਂ ਦੀ ਯਾਦ ਨੂੰ ਆਪਣੇ ਸੀਨੇ ਵਿੱਚ ਸਮੇਟੀ ਬੈਠੇ ਹਨ। ਇਹਨਾਂ ਨੂੰ ਮਿਲਣ,ਵੇਖਣ ਦੀ ਤਾਂਘ ਅੱਜ ਵੀ ਇਹਨਾਂ ਦੇ ਮਨਾਂ ਅੰਦਰ ਹਸਰਤ ਬਣ ਕੇ ਬੈਠੀ ਹੈ। ਜਦੋਂ ਇਹ ਆਪਣੇ ਪੁਰਖਿਆਂ ਦੀ ਧਰਤੀ ‘ਤੇ ਵਾਪਸ ਆਉਂਦੇ ਹਨ ਤਾਂ ਆਪਣੇ ਅੰਦਰੋਂ ਉੱਠੇ ਵੈਰਾਗ ਨੂੰ ਰੋਕ ਨਹੀਂ ਪਾਉਂਦੇ, ਕਹਾਣੀਕਾਰ ਨੇ ਬੜੀ ਖ਼ੂਬਸੂਰਤੀ ਨਾਲ਼ ਕਹਾਣੀ ਵਿਚਲੇ ਪੁਰਾਤਨ ਦਿ੍ਸ਼ਾ ਨੂੰ ਸਿਰਜਿਆ ਹੈ। “ਹਲਕਵਾਅ ” ਕਹਾਣੀ ਕਲਾ ਦੇ ਨਾਂ ‘ਤੇ ਬਣੇ ਸੱਭਿਆਚਾਰਕ ਗਰੁੱਪਾਂ ਅੰਦਰ ਬਣਦੇ ਥੋੜ੍ਹ ਚਿਰੇ ਰਿਸ਼ਤਿਆਂ ਦੇ ਪ੍ਰਭਾਵੀ ਨਤੀਜਿਆਂ ਨੂੰ ਪੇਸ਼ ਕਰਦੀ ਹੈ । ਕੱਚੇ ਰਿਸ਼ਤੇ ਕਿਵੇਂ ਕੱਚੇ ਰੰਗਾਂ ਖੁਰਦੇ ਹਨ । ਆਕਰਸ਼ਣ ਦੀ ਦੁਨੀਆਂ ਕਿਵੇਂ ਮਨੁੱਖੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ, ਇਹ ਕਹਾਣੀ ਮੂਲ ਮਸਲਾ ਹੈ। ” ਨਦੀ ਰਾਹ ਨਾ ਜਾਣਦੀ ” ਕਹਾਣੀ ਬਦਲੇ ਸਮਾਜ ਦੇ ਚਿਹਰੇ ਤੋਂ ਪਰਦਾ ਹਟਾ, ਇਕ ਅਜਿਹੇ ਘਿਨਾਉਣੇ ਸੱਚ ਨੂੰ ਪੇਸ਼ ਕਰਦੀ ਹੈ, ਜਿਸ ਦੇ ਅੰਤਰਗਤ ਇੱਕ ਵਿਆਹੁਤਾ ਆਪਣੇ ਬੱਚੇ ਅਤੇ ਪਤੀ ਨੂੰ ਛੱਡ ਕੇ ਨਾਲ ਘਰ ਦੇ ਗੁਆਂਢੀ ਦੇ ਘਰ ਜਾ ਵਸਦੀ ਹੈ ।ਕਹਾਣੀ ਬੜੇ ਵੱਡੇ ਸਵਾਲ ਸਾਡੇ ਸਾਹਮਣੇ ਖੜ੍ਹੇ ਕਰ ਰਹੀ ਹੈ। ਕੀ ਸਮਾਜ ਦਾ ਉਦਾਰ ਚਿੱਤ ਰੂਪ ਆਪਣੇ ਅੰਦਰ ਰਿਸ਼ਤਿਆਂ ਦੀ ਪਰਪਕਤਾ ਨੂੰ ਸਾਂਭ ਸਕੇਗਾ ? ਕੀ ਆਪੇ ਹਾਸਲ ਕੀਤੀ ਔਰਤ ਦੀ ਅਖ਼ੌਤੀ ਆਜ਼ਾਦੀ ਉਸਦੀ ਹੋਂਦ ਨੂੰ ਸਮਾਜਿਕ ਬੇੜੀਆਂ ਤੋਂ ਮੁਕਤ ਕਰਵਾ ਸਕੇਗੀ ਜਾਂ ਉਸਦੇ ਅਸਤਿਤਵ ਨੂੰ ਹੋਰ ਖੋਰਾ ਲਾਵੇਗੀ ?
ਵੱਖ ਵੱਖ ਵਿਸ਼ਿਆਂ ਨਾਲ਼ ਸੰਬੰਧਤ ਇਹ ਕਹਾਣੀ- ਸੰਗ੍ਰਹਿ ਦੀਆਂ ਕਹਾਣੀਆਂ ਸਾਡੇ ਸਮਾਜ ਦੇ ਤਾਣੇ- ਬਾਣੇ ਦਾ ਯਥਾਰਥਿਕ ਰੂਪ ਪੇਸ਼ ਕਰਦੀਆਂ ਹਨ। ਸਮੁੱਚੀਆਂ ਕਹਾਣੀਆਂ ਮੈਂ ਪਾਤਰ ਦੇ ਮੂੰਹੋਂ ਅਖਵਾਇਆ ਕਥਾ ਬਿਰਤਾਂਤ ਹੈ। ਇਹ ਬਿਰਤਾਂਤ ਨੂੰ ਪ੍ਰਗਟ ਸਤੌਜ ਨੇ ਬੜੇ ਕਲਾਮਈ ਢੰਗ ਨਾਲ਼ ਪੇਸ਼ ਕੀਤਾ ਹੈ। ਮੇਰਾ ਵਿਸ਼ਵਾਸ ਹੈ ਕਿ ਇਹ ਸੰਗ੍ਰਹਿ ਦੀਆਂ ਕਹਾਣੀਆਂ ਪਾਠਕ ਮਨਾਂ ‘ਤੇ ਗਹਿਰੀ ਸ਼ਾਪ ਛੱਡਣਗੀਆਂ, ਕਥਾ ਸੰਸਾਰ ਵਿੱਚ ਮੁੱਲਵਾਨ ਵਾਧਾ ਕਰਨ ਲਈ ਪਰਗਟ ਸਤੌਜ ਵਧਾਈ ਦਾ ਹੱਕਦਾਰ ਹੈ।
—————-੦———-
ਰਾਮਪਾਲ ਸ਼ਾਹਪੁਰੀ (ਡਾ.)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



