ਨਵੇਂ ਵਿਧਾਇਕ ਠਰ੍ਹੰਮੇ ਨਾਲ ਕੰਮ ਲੈਣ: ਕੇਜਰੀਵਾਲ

ਐਸ.ਏ.ਐਸ. ਨਗਰ (ਮੁਹਾਲੀ) (ਸਮਾਜ ਵੀਕਲੀ):  ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਐਤਵਾਰ ਨੂੰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਇੱਥੋਂ ਦੇ ਸੈਕਟਰ-66 ਸਥਿਤ ਹੋਟਲ ਰੈਡੀਸਨ (ਨੇੜੇ ਬੈਸਟੈੱਕ ਮਾਲ) ’ਚ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਦੋਂਕਿ ਕੇਜਰੀਵਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦਾ ਹਿੱਸਾ ਬਣੇ ਅਤੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਠਰ੍ਹੰਮੇ ਨਾਲ ਕੰਮ ਲੈਣ ਲਈ ਕਿਹਾ ਅਤੇ ਪਾਰਟੀ ਦੇ ਉਦੇਸ਼ ਤੇ ਕੰਮ ਕਰਨ ਦੇ ਤੌਰ-ਤਰੀਕੇ ਦੱਸੇ।

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਚਾਰ ਸੂਬਿਆਂ ’ਚ ਚੋਣਾਂ ਜਿੱਤਣ ਤੋਂ ਬਾਅਦ ਲੋਕਾਂ ਲਈ ਕੰਮ ਕਰਨਾ ਤਾਂ ਦੂਰ ਹੁਣ ਤੱਕ ਆਪਣੇ ਨਵੇਂ ਮੁੱਖ ਮੰਤਰੀ ਵੀ ਨਹੀਂ ਬਣਾ ਸਕੀ ਜਦੋਂਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦਿਆਂ ਲੋਕਾਂ ਦੇ ਹੱਕ ਵਿੱਚ ਕਈ ਇਤਿਹਾਸਕ ਫ਼ੈਸਲੇ ਵੀ ਲਏ ਹਨ। ਪਿਛਲੇ ਤਿੰਨ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਲਈ ਜ਼ਬਰਦਸਤ ਕੰਮ ਕਰਕੇ ਚੰਗੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਮੰਤਰੀ ਮੰਡਲ ਦੇ ਗਠਨ ’ਚ ਕਈ ਸੀਨੀਅਰ ਵਿਧਾਇਕਾਂ ਦੇ ਮੰਤਰੀ ਨਾ ਬਣਨ ’ਤੇ ਕੇਜਰੀਵਾਲ ਨੇ ਕਿਹਾ,‘‘ਜਿਹੜੇ ਵਿਧਾਇਕ ਮੰਤਰੀ ਨਹੀਂ ਬਣ ਸਕੇ, ਉਨ੍ਹਾਂ ਨੂੰ ਖ਼ੁਦ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਸਾਰੇ ਵਿਧਾਇਕ ਖਾਸ ਹਨ। ਪੰਜਾਬ ਦੇ ਲੋਕਾਂ ਨੇ ਆਪ ਦੇ 92 ਹੀਰਿਆਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਲਿਹਾਜ਼ਾ ਅਹੁਦੇ ਦੇ ਲਾਲਚ ਵਿੱਚ ਨਾ ਫਸੋ, ਸਗੋਂ ਲੋਕਾਂ ਲਈ ਅਜਿਹੇ ਚੰਗੇ ਕੰਮ ਕੀਤੇ ਜਾਣ ਕਿ ਲੋਕਾਂ ਦਾ ਭਰੋਸਾ ਬਣਿਆ ਰਹੇ।’’

ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਸਾਰੇ ਵਿਧਾਇਕਾਂ-ਮੰਤਰੀਆਂ ਨੇ ਇੱਕ ਟੀਮ ਵਾਂਗ ਕੰਮ ਕਰਨਾ ਹੈ। ਜੇਕਰ ਕੋਈ ਮੰਤਰੀ ਵਾਰ-ਵਾਰ ਆਪਣੇ ਟੀਚੇ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਹ ਬਦਲ ਦਿੱਤਾ ਜਾਵੇਗਾ। ਉਂਜ ਕੇਜਰੀਵਾਲ ਨੇ ਭਰੋਸਾ ਦਿੱਤਾ ਕਿ ਉਹ ਵੱਡੇ ਭਰਾ ਵਜੋਂ ਵਿਧਾਇਕਾਂ ਨਾਲ ਖੜ੍ਹੇ ਰਹਿਣਗੇ ਅਤੇ ਹਮੇਸ਼ਾ ਅਗਵਾਈ ਕਰਦੇ ਰਹਿਣਗੇ। ਉਨ੍ਹਾਂ ਸਾਰੇ ਵਿਧਾਇਕਾਂ-ਮੰਤਰੀਆਂ ਨੂੰ ਸਖ਼ਤ ਨਸੀਹਤ ਦਿੰਦਿਆਂ ਕਿਹਾ ਕਿ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ। ਉਹ ਸਭ ਕੁੱਝ ਬਰਦਾਸ਼ਤ ਕਰ ਲੈਣਗੇ ਪਰ ਭ੍ਰਿਸ਼ਟਾਚਾਰ, ਲੋਕਾਂ ਨਾਲ ਬੇਈਮਾਨੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਚੇਅਰਮੈਨੀ ਜਾਂ ਮੰਤਰੀ ਦਾ ਅਹੁਦਾ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ।

ਕੇਜਰੀਵਾਲ ਨੇ ਵਿਧਾਇਕਾਂ ਨੂੰ ਪੁਲੀਸ ਅਫ਼ਸਰਾਂ ਦੀ ਬਦਲੀ/ਪੋਸਟਿੰਗ ਤੋਂ ਦੂਰ ਰਹਿਣ ਦੀ ਹਦਾਇਤ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਕੰਮ ਕਰਵਾਉਣ ਲਈ ਡੀਸੀ ਦਫ਼ਤਰ ਜ਼ਰੂਰ ਜਾਣ ਪਰ ਬਦਲੀ-ਪੋਸਟਿੰਗ ਲਈ ਨਹੀਂ। ਜੇਕਰ ਕਿਸੇ ਨੇ ਵੀ ਅਜਿਹਾ ਕੀਤਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਅਧਿਕਾਰੀ ਕੰਮ ਨਹੀਂ ਕਰਦਾ ਜਾਂ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਉਸ ਦੀ ਰਿਪੋਰਟ ਮੁੱਖ ਮੰਤਰੀ ਨੂੰ ਭੇਜੀ ਜਾਵੇ। ਮੁੱਖ ਮੰਤਰੀ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ। ਉਨ੍ਹਾਂ ਪੁਲੀਸ, ਸਿਵਲ ਪ੍ਰਸ਼ਾਸਨ, ਅਧਿਆਪਕਾਂ ਅਤੇ ਦਫ਼ਤਰੀ ਕਰਮਚਾਰੀਆਂ ਨਾਲ ਪਿਆਰ ਨਾਲ ਪੇਸ਼ ਆਉਣ ਲਈ ਵੀ ਪ੍ਰੇਰਿਆ ਤੇ ਕੋਈ ਵੀ ਇਤਰਾਜ਼ਯੋਗ ਭਾਸ਼ਾ ਵਰਤਣ ਤੋਂ ਵਰਜਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨਾਲ ਬਦਤਮੀਜ਼ੀ ਨਹੀਂ ਕਰਨੀ, ਕਲਮ ਦੀ ਤਾਕਤ ਇਸਤੇਮਾਲ ਕਰਨੀ ਹੈ ਤੇ ਮੁਲਾਜ਼ਮਾਂ ਸਮੇਤ ਵਿਰੋਧੀਆਂ ਦੀ ਇੱਜ਼ਤ ਕਰਨੀ ਹੈ। ਉਨ੍ਹਾਂ ਕਿਹਾ ਕਿ ਨਵੇਂ ਵਿਧਾਇਕਾਂ ਨੂੰ ਪੰਜਾਬੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਦਿਨ-ਰਾਤ ਕੰਮ ਕਰਨਾ ਪਵੇਗਾ। ਉਹ ਜ਼ਰਾ ਵੀ ਘਮੰਡ ਨਾ ਕਰਨ। ਜੇਕਰ ਘਮੰਡ ਕੀਤਾ ਤਾਂ ਜਨਤਾ ਹਰਾ ਵੀ ਦੇਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਰੱਗ ਕੇਸ: ਬਿਕਰਮ ਮਜੀਠੀਆ ਖਿਲਾਫ਼ ਜਾਂਚ ਲਈ ਸਿਟ ਦੇ ਪੁਨਰਗਠਨ ਦਾ ਹੁਕਮ
Next articleਯੂਕਰੇਨ ਵਿੱਚ ਰੂਸੀ ਫ਼ੌਜ ਦੀ ਬੰਬਾਰੀ ਵਿੱਚ ਸਕੂਲ ਤਬਾਹ