ਆਓ ਸ਼ਬਦ ਗੁਰੂ ਨਾਲ ਜੁੜੀਏ- ਬੁੱਧ ਸਿੰਘ ਨੀਲੋਂ
ਲੁਧਿਆਣਾ/ਬਲਬੀਰ ਸਿੰਘ ਬੱਬੀ -ਇਸ ਸਮੇਂ ਪੰਜਾਬ ਜਿਸ ਰਸਤੇ ਤੁਰਿਆ ਜਾ ਰਿਹਾ ਹੈ ਉਸ ਨੂੰ ਨਾ ਤਾਂ ਸਿਆਸੀ ਪਾਰਟੀਆਂ ਰੋਕ ਸਕਦੀਆਂ ਤੇ ਨਾ ਹੀ ਸਰਕਾਰਾਂ ਇਸ ਨੂੰ ਹੁਣ ਕੇਵਲ ਸ਼ਬਦ ਗੁਰੂ ਹੀ ਮੋੜ ਸਕਦਾ ਹੈ। ਉਹ ਸ਼ਬਦ ਗੁਰੂ ਜੋ ਸਾਡੇ ਗੁਰੂ ਸਾਹਿਬਾਨਾਂ ਤੇ ਧਾਰਮਿਕ ਸ਼ਖਸ਼ੀਅਤਾਂ ਨੇ ਸਾਨੂੰ ਬਖਸ਼ਿਆ ਸੀ ਪਰ ਅਸੀਂ ਉਸ ਤੋਂ ਟੁੱਟ ਚੁੱਕੇ ਹਾਂ। ਇਹ ਸ਼ਬਦ ਸਾਨੂੰ ਲਾਇਬਰੇਰੀ ਦੇ ਵਿੱਚੋਂ ਮਿਲਦਾ ਹੈ। ਪੰਜਾਬ ਦੇ ਵਿੱਚ ਹੁਣ ਪਿੰਡ ਪਿੰਡ ਲਾਇਬਰੇਰੀਆਂ ਖੋਲਣ ਦੀ ਲੋੜ ਹੈ। ਇਹ ਸ਼ਬਦ ਪੰਜਾਬੀ ਮਾਂ ਬੋਲੀ ਦੇ ਸੁੱਘੜ ਲੇਖਕ ਪੰਜਾਬੀ ਸਾਹਿਤ ਦੇ ਚਿੰਤਕ ਬੁੱਧ ਸਿੰਘ ਨੀਲੋਂ ਨੇ ਪਿੰਡ ਝੱਮਟ ਵਿਚ ਨਵੀਂ ਲਾਇਬਰੇਰੀ ਦੇ ਉਦਘਾਟਨ ਮੌਕੇ ਕਹੇ। ਉਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨਾਂ ਨੇ ਸ਼ਬਦ ਤੇ ਸੰਗੀਤ ਦੇ ਨਾਲ ਜੋੜਿਆ ਸੀ ਪਰ ਅਸੀਂ ਸ਼ਬਦ ਨੂੰ ਭੁੱਲ ਗਏ ਹਾਂ ਸਾਡਾ ਸੰਗੀਤ ਲੱਚਰਤਾ ਦਾ ਸ਼ਿਕਾਰ ਹੋ ਗਿਆ। ਉਹਨਾਂ ਵਿਸ਼ੇਸ਼ ਤੌਰ ਉੱਤੇ ਬੀਬੀ ਨਗਿੰਦਰ ਕੌਰ ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਆਪਣੀ ਮਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਮਾਤਾ ਪੂਰਨ ਕੌਰ ਪੰਧੇਰ ਲਾਇਬਰੇਰੀ ਦੀ ਸਥਾਪਨਾ ਕਰਕੇ ਇੱਕ ਨਵੇਕਲੀ ਤੇ ਵਡਮੁੱਲੀ ਪਿਰਤ ਪਾਈ ਹੈ।
ਇਸ ਮੌਕੇ ਉੱਤੇ ਲੋਕ ਢਾਡੀ ਨਵਜੋਤ ਸਿੰਘ ਮੰਡੇਰ ਨੇ ਕਿਹਾ ਕਿ ਸ਼ਬਦਾਂ ਦੇ ਲੰਗਰਾਂ ਦੀ ਬਹੁਤ ਲੋੜ ਹੈ। ਸਾਨੂੰ ਹੁਣ ਖਾਣ ਪੀਣ ਦੇ ਲੰਗਰਾਂ ਤੋਂ ਬਿਨਾਂ ਪਿੰਡਾਂ ਵਿੱਚ ਕਿਤਾਬਾਂ ਦੇ ਲੰਗਰ ਲਾਇਬ੍ਰੇਰੀਆਂ ਖੋਲ੍ਹ ਕੇ ਲਾਉਣ ਦੀ ਲੋੜ ਹੈ। ਬੀਬੀ ਨਗਿੰਦਰ ਕੌਰ ਢਿੱਲੋਂ ਨੇ ਜਿੱਥੇ ਬਾਹਰੋਂ ਆਏ ਤੇ ਪਿੰਡ ਵਾਸੀਆਂ ਨੂੰ ਜੀ ਆਇਆਂ ਆਖਿਆ ਤੇ ਉਨਾਂ ਲਾਇਬਰੇਰੀ ਨੂੰ ਵੱਧ ਤੋਂ ਵੱਧ ਵਰਤੋਂ ਕਰਨ ਦੇ ਲਈ ਵੀ ਕਿਹਾ, ਇਸ ਮੌਕੇ ਸਰਕਾਰੀ ਸਮਾਰਟ ਸਕੂਲ ਝੱਮਟ ਦਾ ਸਮੂਹ ਸਟਾਫ ਗ੍ਰਾਮ ਪੰਚਾਇਤ ਪਿੰਡ ਝੱਮਟ ਤੇ ਸਿਆੜ ਦੇ ਅਹੁਦੇਦਾਰ ਵੀ ਹਾਜ਼ਰ ਸਨ। ਲਾਇਬਰੇਰੀ ਇੰਚਾਰਜ ਤੇ ਪੰਜਾਬੀ ਅਧਿਆਪਕ ਕਿਰਪਾਲ ਕੌਰ ਜੱਸੋਵਾਲ ਨੇ ਸਭ ਦਾ ਧੰਨਵਾਦ ਕੀਤਾ।
ਨਵੀਂ ਲਾਇਬਰੇਰੀ ਨੂੰ ਪੰਜਾਬੀ ਚਿੰਤਕ ਬੁੱਧ ਸਿੰਘ ਨੀਲੋਂ ਨੇ ਕਿਤਾਬਾਂ ਦਾ ਸੈਟ ਭੇਟ ਕੀਤਾ। ਇਸ ਮੌਕੇ ਕਿਰਨਪਾਲ ਕੌਰ, ਸਲੋਨੀ ਅਰੋੜਾ, ਦੀਪਿੰਦਰ ਕੌਰ, ਜਸਪ੍ਰੀਤ ਕੌਰ, ਮੋਨਿਕਾ ਅਗਰਵਾਲ,ਜਗਦੀਪ ਸਿੰਘ ਸੁਬਮ ਸੇਠੀ ,ਸਤਵੰਤ ਕੌਰ ਬਲਾਕ ਅਫਸਰ, ਪ੍ਰਿੰਸੀਪਲ ਕਮਲਜੀਤ ਕੌਰ ਗਰੇਵਾਲ, ਕਰਮਜੀਤ ਸਿੰਘ ਚੇਅਰਮੈਨ ਮਾਪੇ ਅਧਿਆਪਕ ਕਮੇਟੀ, ਗ੍ਰਾਮ ਪੰਚਾਇਤ ਸਿਆੜ ਤੇ ਝੱਮਟ ਦੇ ਪੰਚ ਸਰਪੰਚ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly