ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਸਬੰਧੀ ਮਜਦੂਰ ਲਾਇਬ੍ਰੇਰੀ (ਈ.ਡਬਲਯੂ.ਐਸ. ਕਲੋਨੀ, ਤਾਜਪੁਰ ਰੋਡ) ਲੁਧਿਆਣਾ ਵਿਖੇ 8 ਦਸੰਬਰ ਨੂੰ ਰੋਸ-ਸਭਾ ਕੀਤੀ ਜਾਵੇਗੀ। ਜੱਥੇਬੰਦੀਆਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਨੇ ਕਿਹਾ ਕਿ ਮਨੁੱਖੀ ਅਧਿਕਾਰ ਦਿਵਸ ਮੌਕੇ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਅਤੇ ਇਹਨਾਂ ’ਤੇ ਹੁੰਦੇ ਹਮਲਿਆਂ ਵਿਰੁੱਧ ਪੰਜਾਬ ਦੀਆਂ ਵੱਖ-ਵੱਖ ਲੋਕ-ਪੱਖੀ ਜਨਤਕ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਦੇ ਅੰਗ ਵਜੋਂ ਲੁਧਿਆਣੇ ਵਿਖੇ ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੀ ਰੋਸ-ਸਭਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਨੇ ਪਿਛਲੇ ਦਿਨੀਂ ਅੰਗਰੇਜੀ ਰਾਜ ਦੌਰਾਨ ਬਣੇ ਫੌਜਦਾਰੀ ਕਨੂੰਨਾਂ ਨੂੰ ਬਦਲਣ ਦੇ ਨਾਂ ਹੇਠ ਨਵੇਂ ਫੌਜਦਾਰੀ ਕਨੂੰਨ ਲਾਗੂ ਕੀਤੇ ਹਨ। ਭਾਵੇਂ ਪੁਰਾਣੇ ਫੌਜਦਾਰੀ ਕਨੂੰਨਾਂ ਦਾ ਖਾਸਾ ਵੀ ਲੋਕ ਵਿਰੋਧੀ ਅਤੇ ਜਾਬਰ ਸੀ ਪਰ ਹੁਣ ਕੀਤੇ ਗਏ ਬਦਲਾਅ ਤੋਂ ਬਾਅਦ ਇਹ ਕਨੂੰਨ ਹੋਰ ਵੀ ਜਾਬਰ ਹੋ ਗਏ ਹਨ। ਇਸੇ ਤਰ੍ਹਾਂ ਪੁਰਾਣੇ ਕਿਰਤ ਕਨੂੰਨਾਂ ਨੂੰ ਸੋਧ ਕੇ ਲਿਆਂਦੇ ਚਾਰ ਨਵੇਂ ਕਿਰਤ ਕੋਡ ਜੋ ਕਿ ਮਜਦੂਰਾਂ ਦੇ ਨਗੂਣੇ ਹੱਕਾਂ ‘ਤੇ ਹੋਰ ਵੀ ਬੇਕਿਰਕੀ ਨਾਲ਼ ਕੱਟ ਲਾਉਣ ਦਾ ਜਰੀਆ ਬਣਾਏ ਗਏ ਹਨ। ਲੋੜ ਹੈ ਸਰਕਾਰ ਦੇ ਇਹਨਾਂ ਲੋਕ-ਵਿਰੋਧੀ ਫੈਸਲਿਆਂ ਦੀ ਡਟ ਕੇ ਖਿਲਾਫਤ ਕੀਤੀ ਜਾਵੇ ਅਤੇ ਮਨੁੱਖੀ ਅਧਿਕਾਰ ਦਿਵਸ ਮੌਕੇ ਆਪਣੇ ਹੱਕਾਂ ਲਈ ਅਵਾਜ ਬੁਲੰਦ ਕੀਤੀ ਜਾਵੇ। ਉਹਨਾਂ ਸਭਨਾਂ ਮਜਦੂਰਾਂ, ਕਿਰਤੀਆਂ ਤੇ ਹੋਰ ਇਨਸਾਫਪਸੰਦ ਲੋਕਾਂ ਨੂੰ ਇਸ ਰੋਸ ਸਭਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly