ਨਵਾਂ ਭਾਰਤ ਮੁਸ਼ਕਲ ਟੀਚੇ ਵੀ ਹਾਸਲ ਕਰ ਸਕਦੈ: ਮੋਦੀ

Indian Prime Minister Narendra Modi

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਵਿਡ-19 ਵਿਰੋਧੀ ਵੈਕਸੀਨੇਸ਼ਨ ਦੀਆਂ 100 ਕਰੋੜ ਤੋਂ ਜ਼ਿਆਦਾ ਖੁਰਾਕਾਂ ਲਗਾਉਣ ਦੀ ਸਫ਼ਲਤਾ 9 ਮਹੀਨਿਆਂ ’ਚ ਹਾਸਲ ਕਰ ਲਏ ਜਾਣ ਨਾਲ ਮੁਲਕ ਦੀ ਸਮਰੱਥਾ ’ਤੇ ਸਵਾਲ ਉਠਾਉਣ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਨਵਾਂ ਭਾਰਤ ਮੁਸ਼ਕਲ ਟੀਚੇ ਤੈਅ ਕਰਕੇ ਉਨ੍ਹਾਂ ਨੂੰ ਹਾਸਲ ਵੀ ਕਰ ਸਕਦਾ ਹੈ। ਇਤਿਹਾਸ ਸਿਰਜਣ ਦੇ ਇਕ ਦਿਨ ਬਾਅਦ ਦੇਸ਼ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮਾਹਿਰਾਂ ਅਤੇ ਦੁਨੀਆ ਦੀਆਂ ਏਜੰਸੀਆਂ ਦਾ ਰਵੱਈਆ ਭਾਰਤ ਦੇ ਅਰਥਚਾਰੇ ਨੂੰ ਲੈ ਕੇ ਹਾਂ-ਪੱਖੀ ਹੈ।

‘ਭਾਰਤੀ ਕੰਪਨੀਆਂ ਅਤੇ ਸਟਾਰਟ-ਅੱਪਜ਼ ’ਚ ਰਿਕਾਰਡ ਤੋੜ ਨਿਵੇਸ਼ ਹੋ ਰਿਹਾ ਹੈ ਜਿਸ ਨਾਲ ਰੁਜ਼ਗਾਰ ਦੇ ਮੌਕੇ ਵੀ ਵੱਧ ਰਹੇ ਹਨ।’ ਵੈਕਸੀਨ ਦੀਆਂ 100 ਕਰੋੜ ਖੁਰਾਕਾਂ ਲਗਾਉਣ ਨੂੰ ਇਤਿਹਾਸ ਦਾ ਨਵਾਂ ਅਧਿਆਏ ਕਰਾਰ ਦਿੰਦਿਆਂ ਉਨ੍ਹਾਂ ਕਿਹਾ,‘‘ਕੁਝ ਲੋਕਾਂ ਨੇ ਤਾੜੀ-ਥਾਲੀ ਵਜਾਉਣ ਅਤੇ ਦੀਵੇ ਜਗਾਉਣ ’ਤੇ ਸਵਾਲ ਉਠਾਉਂਦਿਆਂ ਸਵਾਲ ਕੀਤਾ ਸੀ ਕਿ ਇਸ ਨਾਲ ਵਾਇਰਸ ਕਿਵੇਂ ਖ਼ਤਮ ਹੋਵੇਗਾ। ਪਰ ਇਨ੍ਹਾਂ ਕਦਮਾਂ ਨਾਲ ਲੋਕਾਂ ਦੀ ਇਕਜੁੱਟਤਾ ਦਿਖਾਈ ਦਿੱਤੀ ਅਤੇ ਤਾਕਤ ਦਾ ਪ੍ਰਦਰਸ਼ਨ ਹੋਇਆ। ਭਾਰਤ ਦਾ ਟੀਕਾਕਰਨ ਪ੍ਰੋਗਰਾਮ ਸਬਕਾ ਸਾਥ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਮਿਸਾਲ ਹੈ।’’ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਗਿਆਨ ਤੋਂ ਜਨਮੇ, ਵਿਗਿਆਨ ਤੋਂ ਸੰਚਾਲਿਤ ਅਤੇ ਵਿਗਿਆਨ ਆਧਾਰਿਤ ਹੈ ਜਿਸ ’ਚ ਕਿਸੇ ਤਰ੍ਹਾਂ ਦੇ ‘ਵੀਆਈਪੀ ਸੱਭਿਆਚਾਰ’ ਲਈ ਕੋਈ ਥਾਂ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਸ਼ੁਰੂ ’ਚ ਮਹਾਮਾਰੀ ਨਾਲ ਲੜਨ ’ਚ ਭਾਰਤ ਦੀ ਸਮਰੱਥਾ ’ਤੇ ਉਠਾਏ ਗਏ ਸ਼ੰਕਿਆਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ 100 ਕਰੋੜ ਟੀਕੇ ਮਹਿਜ਼ ਇਕ ਨੰਬਰ ਨਹੀਂ ਹੈ ਸਗੋਂ ਦੇਸ਼ ਦੀ ਸਮਰੱਥਾ ਅਤੇ ਨਵੇਂ ਭਾਰਤ ਦੀ ਤਸਵੀਰ ਦਾ ਪ੍ਰਤੀਕ ਹੈ। ‘ਇਸ ਮੀਲ ਪੱਥਰ ਦਾ ਇਕ ਅਸਰ ਇਹ ਹੋਵੇਗਾ ਕਿ ਦੁਨੀਆ ਭਾਰਤ ਨੂੰ ਕਰੋਨਾਵਾਇਰਸ ਤੋਂ ਸੁਰੱਖਿਅਤ ਸਮਝੇਗੀ ਅਤੇ ਦੇਸ਼ ’ਚ ਫਾਰਮਾ ਇੰਡਸਟਰੀ ਵਧੇ-ਫੁਲੇਗੀ।’ ਉਨ੍ਹਾਂ ਕਿਹਾ ਕਿ ਦੇਸ਼ ਨੇ ਸਾਰਿਆਂ ਨੂੰ ਨਾਲ ਲੈ ਕੇ ‘ਸਬਕੋ ਵੈਕਸੀਨ, ਮੁਫ਼ਤ ਵੈਕਸੀਨ’ ਮੁਹਿੰਮ ਸ਼ੁਰੂ ਕੀਤੀ ਸੀ। ਦੇਸ਼ ਦਾ ਸਿਰਫ਼ ਇਕੋ ਮੰਤਰ ਸੀ ਕਿ ਜੇਕਰ ਬਿਮਾਰੀ ਕੋਈ ਵੱਡਾ-ਛੋਟਾ ਨਹੀਂ ਦੇਖਦੀ ਤਾਂ ਫਿਰ ਵੈਕਸੀਨੇਸ਼ਨ ’ਚ ਕਿਸੇ ਨਾਲ ਵਿਤਕਰਾ ਕਿਵੇਂ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਚਾਰੇ ਪਾਸੇ ਵਿਸ਼ਵਾਸ, ਉਤਸ਼ਾਹ, ਉਮੰਗ ਅਤੇ ਆਸ ਦਾ ਮਾਹੌਲ ਨਜ਼ਰ ਆਉਂਦਾ ਹੈ। ਉਨ੍ਹਾਂ ਆਉਂਦੇ ਤਿਉਹਾਰਾਂ ਦੌਰਾਨ ਵੀ ਮਾਸਕ ਪਾਉਣ ਸਮੇਤ ਕੋਵਿਡ-19 ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਅਜੇ ਵੈਕਸੀਨ ਨਹੀਂ ਲਗਵਾਈ ਹੈ, ਉਹ ਤੁਰੰਤ ਇਹ ਲਗਵਾਉਣ। ਉਨ੍ਹਾਂ ਲੋਕਾਂ ਨੂੰ ਦੇਸ਼ ’ਚ ਬਣੀਆਂ ਵਸਤਾਂ ਖ਼ਰੀਦਣ ਦੀ ਵੀ ਸਲਾਹ ਦਿੱਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟਾਰਗੈੱਟ ਕਿਲਿੰਗ: ਕਸ਼ਮੀਰ ਵਿੱਚ ਨੀਮ ਫ਼ੌਜੀ ਬਲਾਂ ਦੀ ਨਫ਼ਰੀ ਵਧਾਈ
Next articleਲਖੀਮਪੁਰ ਕੇਸ: ਯੋਗੀ ਸਰਕਾਰ ਵੱਲੋਂ ਸਿਟ ਮੁਖੀ ਦਾ ਤਬਾਦਲਾ