ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ) ਨੇੜਲੇ ਪਿੰਡ ਗੜਾਂਗਾ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਦੇ ਨਿਰਮਾਣ ਲਈ ਨੀਹ ਪੱਥਰ ਰੱਖਣ ਸਬੰਧੀ ਸਮਾਗਮ ਬੜੀ ਸ਼ਰਧਾ, ਉਤਸ਼ਾਹ ਅਤੇ ਪੂਰੀ ਧਾਰਮਿਕ ਮਰਿਆਦਾ ਨਾਲ ਕਰਵਾਇਆ ਗਿਆ। ਇਹ ਨੀਹ ਪੱਥਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਏ ਪੰਜ ਪਿਆਰਿਆਂ ਵੱਲੋਂ ਰੱਖਿਆ ਗਿਆ, ਜਿਸ ਨਾਲ ਸਾਰੇ ਇਲਾਕੇ ਵਿੱਚ ਖੁਸ਼ੀ ਅਤੇ ਆਧਿਆਤਮਿਕ ਮਾਹੌਲ ਬਣ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਨਾਲ ਹੋਈ, ਜਿਸ ਵਿੱਚ ਪਿੰਡ ਦੀ ਸਮੂਹ ਸੰਗਤ ਨੇ ਭਾਗ ਲਿਆ। ਇਸ ਤੋਂ ਬਾਅਦ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਸ਼ਰਧਾ ਸੇਵਾ ਗਰੁੱਪ ਗੜਾਂਗਾ ਦੇ ਕੀਰਤਨੀ ਜਥਿਆਂ ਨੇ ਰਸ ਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜਿਆ। ਇਸਦੇ ਨਾਲ ਹੀ ਅੰਤਰਰਾਸ਼ਟਰੀ ਢਾਡੀ ਜਸਪਾਲ ਸਿੰਘ ਤਾਨ ਦੇ ਜਥੇ ਨੇ ਬੀਰ ਰਸੀ ਢਾਡੀ ਵਾਰਾਂ ਰਾਹੀਂ ਸਿੱਖ ਇਤਿਹਾਸ ਦੀਆਂ ਮਹਾਨ ਗਾਥਾਵਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਨੇ ਪਿੰਡ ਵਿੱਚ ਧਾਰਮਿਕ ਏਕਤਾ, ਸੇਵਾ ਭਾਵਨਾ ਅਤੇ ਗੁਰੂ ਘਰ ਨਾਲ ਜੁੜੇ ਹੋਣ ਦੀ ਪ੍ਰੇਰਣਾ ਨੂੰ ਹੋਰ ਮਜ਼ਬੂਤ ਕੀਤਾ।ਇਸ ਉਪਰੰਤ ਪੰਜ ਪਿਆਰਿਆਂ ਵੱਲੋਂ ਅਰਦਾਸ ਕੀਤੀ ਗਈ ਅਤੇ ਜੈਕਾਰਿਆਂ ਦੀ ਗੂੰਜ ਵਿਚ ਪੰਜ ਪਵਿੱਤਰ ਇੱਟਾਂ ਰੱਖ ਕੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ‘ਤੇ ਹਾਜ਼ਰ ਸੰਗਤ ਨੇ ਗੁਰੂ ਘਰ ਦੇ ਨਿਰਮਾਣ ਕਾਰਜ ਲਈ ਪੂਰੇ ਉਤਸ਼ਾਹ ਨਾਲ ਸਹਿਯੋਗ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਆਪਣੀ ਸਮਰੱਥਾ ਅਨੁਸਾਰ ਆਰਥਿਕ ਸਹਾਇਤਾ ਭੇਟ ਕੀਤੀ। ਸੰਗਤ ਵੱਲੋਂ ਪ੍ਰਬੰਧਕਾਂ ਨੂੰ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਉਹ ਗੁਰਦੁਆਰਾ ਸਾਹਿਬ ਦੇ ਨਿਰਮਾਣ ਅਤੇ ਸੇਵਾ ਕਾਰਜਾਂ ਵਿੱਚ ਵਧ ਚੜ੍ਹ ਕੇ ਆਰਥਿਕ ਸਹਿਯੋਗ ਦੇਣਗੇ। ਸਮਾਗਮ ਦੌਰਾਨ ਉਨਾਂ ਸ਼ਖਸੀਅਤਾਂ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਲਈ ਆਪਣੀ ਜਗਾਹ ਦਾਨ ਕੀਤੀ ਜਾਂ ਨਿਰਮਾਣ ਲਈ ਆਰਥਿਕ ਯੋਗਦਾਨ ਦਿੱਤਾ, ਉਨ੍ਹਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਅਵਸਰ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ, ਸਰਪੰਚ ਦਿਲਬਾਗ ਸਿੰਘ ਗੜਾਂਗਾ, ਐਡਵੋਕੇਟ ਬਲਬੀਰ ਸਿੰਘ ਸੇਵਕ, ਭਾਜਪਾ ਆਗੂ ਸਵਰਨ ਸਿੰਘ ਸੈਂਪਲਾ, ਸਾਬਕਾ ਸਰਪੰਚ ਉਜਾਗਰ ਸਿੰਘ, ਯੁਸ਼ੋਧਨ ਸਿੰਘ, ਗੁਰਿੰਦਰ ਸਿੰਘ ਗੜਾਂਗਾ, ਭੁਪਿੰਦਰ ਸਿੰਘ ਬੈਦਵਾਨ, ਪ੍ਰਧਾਨ ਦਲਬੀਰ ਸਿੰਘ, ਕਮੇਟੀ ਮੈਂਬਰ ਅਮਰਜੀਤ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ, ਗਿਆਨੀ ਦਲਜੀਤ ਸਿੰਘ ਗ੍ਰੰਥੀ, ਕੈਸ਼ੀਅਰ ਸੁਖਵਿੰਦਰ ਸਿੰਘ, ਭਾਈ ਊਧਮ ਸਿੰਘ, ਜਸਵੀਰ ਸਿੰਘ, ਜਰਨੈਲ ਸਿੰਘ, ਜਸਪਾਲ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਅਤੇ ਨਗਰ ਨਿਵਾਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



