ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਮਚੀ ਭਗਦੜ ਦੌਰਾਨ ਯਾਤਰੀਆਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਰੇਲਵੇ ਮੰਤਰਾਲੇ ਦੀ ਲਾਪਰਵਾਹੀ ਦਾ ਨਤੀਜਾ ਕਰਾਰ ਦਿੱਤਾ ਹੈ। ਭਗਵੰਤ ਮਾਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਐਕਸ’ ‘ਤੇ ਇਕ ਸੰਦੇਸ਼ ਵਿਚ ਕਿਹਾ, “ਬੀਤੀ ਰਾਤ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ ਦੌਰਾਨ ਯਾਤਰੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਅਸੀਂ ਇਸ ਦੁਖਦਾਈ ਘਟਨਾ ਵਿੱਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦੇ ਹਾਂ। ਇਹ ਹਾਦਸਾ ਰੇਲਵੇ ਮੰਤਰਾਲੇ ਦੀ ਲਾਪਰਵਾਹੀ ਦਾ ਨਤੀਜਾ ਹੈ। ਅਫ਼ਸੋਸ ਦੀ ਗੱਲ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਕੋਈ ਪਰਵਾਹ ਨਹੀਂ ਹੈ। ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਰਾਤ ਕਰੀਬ 9:26 ਵਜੇ ਭਗਦੜ ਮੱਚ ਗਈ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ। 25 ਤੋਂ ਵੱਧ ਲੋਕ ਜ਼ਖਮੀ ਹਨ।
ਇਸ ਹਾਦਸੇ ਦੇ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਭੀੜ ਵਧਣ ਕਾਰਨ ਇਹ ਹਾਦਸਾ ਕਿਵੇਂ ਵਾਪਰਿਆ। ਪ੍ਰਯਾਗਰਾਜ ਜਾਣ ਵਾਲੀਆਂ ਦੋ ਟਰੇਨਾਂ ਪਲੇਟਫਾਰਮ 14 ‘ਤੇ ਲੇਟ ਹੋ ਗਈਆਂ, ਜਿਸ ਕਾਰਨ ਭੀੜ ਵਧਣ ਲੱਗੀ।
ਅਚਾਨਕ ਇਹ ਐਲਾਨ ਕੀਤਾ ਗਿਆ ਕਿ ਭੁਵਨੇਸ਼ਵਰ ਰਾਜਧਾਨੀ ਪਲੇਟਫਾਰਮ ਨੰ. 16 ‘ਤੇ ਆ ਰਿਹਾ ਹੈ। ਭੀੜ ਪਲੇਟਫਾਰਮ-16 ਵੱਲ ਭੱਜਣ ਲੱਗੀ। ਫੁੱਟ ਓਵਰ ਬ੍ਰਿਜ ‘ਤੇ ਮਚੀ ਭਗਦੜ ‘ਚ ਕੁਝ ਲੋਕ ਡਿੱਗ ਪਏ ਅਤੇ ਭੀੜ ਸਾਰਿਆਂ ਨੂੰ ਕੁਚਲਦੀ ਗਈ। ਹਾਦਸੇ ਤੋਂ ਬਾਅਦ ਪੌੜੀਆਂ ‘ਤੇ ਲਾਸ਼ਾਂ ਪਈਆਂ ਸਨ, ਲੋਕਾਂ ਦਾ ਸਾਮਾਨ, ਚੱਪਲਾਂ ਅਤੇ ਜੁੱਤੀਆਂ ਖਿੱਲਰੀਆਂ ਪਈਆਂ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly