ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਕਾਰ ਢੁੱਕਵੀਆਂ ਤਬਦੀਲੀਆਂ ਨਾਲ ਨਵੀਂ ਸਹਿਕਾਰਤਾ ਨੀਤੀ ਲੈ ਕੇ ਆਵੇਗੀ। ਨਵੀਂ ਨੀਤੀ ਇਸ ਸਾਲ ਦੇ ਅੰਤ ਤੱਕ ਲਾਗੂ ਕੀਤੀ ਜਾਵੇਗੀ। ਇੱਥੇ ਪਹਿਲੀ ਸਹਿਕਾਰਤਾ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤੇ ਇਸ ਪੂਰੇ ਨੈੱਟਵਰਕ ਵਿਚਲੀਆਂ ਸਾਰੀਆਂ ਮਹੱਤਵਪੂਰਨ ਯੂਨਿਟਾਂ ਦਾ ਜਲਦੀ ਹੀ ਕੰਪਿਊਟਰੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਜ਼ਿਲ੍ਹਾ ਸਹਿਕਾਰੀ ਬੈਂਕਾਂ, ‘ਨਾਬਾਰਡ’ ਤੇ ਬਾਕੀ ਹੋਰ ਵਿੱਤੀ ਸੰਸਥਾਵਾਂ ਦਾ ਵੀ ਨਵੇਂ ਸੌਫਟਵੇਅਰ ਢਾਂਚੇ ਨਾਲ ਨਵੀਨੀਕਰਨ ਕੀਤਾ ਜਾਵੇਗਾ।
ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਮਛੇਰਿਆਂ ਲਈ ਨਵਾਂ ਸਹਿਕਾਰੀ ਢਾਂਚਾ ਲਿਆਂਦਾ ਜਾਵੇਗਾ ਜੋ ਕਿ ਕਾਰੋਬਾਰ ਵਿਚ ਉਨ੍ਹਾਂ ਦੀ ਕਈ ਤਰੀਕਿਆਂ ਨਾਲ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਬਹੁਤ ਸਾਰੇ ਲੋਕਾਂ ਨੂੰ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਤੋਂ ਇਸ ਲਈ ਛੋਟੇ ਕਰਜ਼ੇ ਨਹੀਂ ਮਿਲਦੇ ਕਿਉਂਕਿ ਉਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹੁੰਦਾ ਜਾਂ ਫਿਰ ਕੋਈ ਹੋਰ ਸਮੱਸਿਆ ਹੁੰਦੀ ਹੈ। ਇਨ੍ਹਾਂ ਦਾ ਹੱਲ ਇਹ ਸਹਿਕਾਰੀ ਅਦਾਰੇ ਕਰਨਗੇ। ਗ੍ਰਹਿ ਮੰਤਰੀ ਨੇ ਵੱਖ-ਵੱਖ ਸਹਿਕਾਰੀ ਫੈਡਰੇਸ਼ਨਾਂ ਦੇ ਪ੍ਰਤੀਨਿਧੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਖੇਤਰ ਨੂੰ ਸਫ਼ਲ ਬਣਾਉਣ, ਸਿਖ਼ਲਾਈ, ਕੌਸ਼ਲ ਵਿਕਾਸ ਤੇ ਪਾਰਦਰਸ਼ਤਾ ਰਾਹੀਂ ਇਨ੍ਹਾਂ ਅਦਾਰਿਆਂ ਵਿਚ ਅਸਾਮੀਆਂ ਭਰੀਆਂ ਜਾਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly