ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿਖੇ ਵਿੱਦਿਅਕ ਵਰ੍ਹੇ 2024-25 ਦੀ ਆਰੰਭਤਾ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਦੇਖ-ਰੇਖ ਹੇਠ ਆਸ਼ੀਰਵਾਦ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾ ਕੇ ਭੋਗ ਪਵਾਏ ਗਏ। ਉਪਰੰਤ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਗੁਰਪ੍ਰੀਤ ਸਿੰਘ ਤੇ ਇੰਦਰਪ੍ਰੀਤ ਕੌਰ ਦੇ ਜਥਿਆਂ ਵੱਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਸੰਤ ਬਾਬਾ ਸੁੱਚਾ ਸਿੰਘ ਕਾਰ ਸੇਵਾ ਕਿਲਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲੇ ਹਾਜ਼ਰ ਹੋਏ। ਉਨ੍ਹਾਂ ਨਾਲ ਪ੍ਰਿੰ. ਬਲਵੰਤ ਸਿੰਘ, ਸ. ਸੋਹਣ ਸਿੰਘ, ਸ. ਜਰਨੈਲ ਸਿੰਘ ਪੱਲੀ ਝਿੱਕੀ (ਸਕੱਤਰ, ਸਥਾਨਕ ਪ੍ਰਬੰਧਕ ਕਮੇਟੀ) ਸ. ਸੁਖਜਿੰਦਰ ਸਿੰਘ (ਸਾਬਕਾ ਸਰਪੰਚ ਨੌਰਾ) ਤੇ ਬਲਵੀਰ ਸਿੰਘ ਵੀ ਹਾਜ਼ਰ ਹੋਏ। ਇਸ ਮੌਕੇ ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਸਾਡੇ ਵੱਡੇ-ਵਡੇਰਿਆਂ ਨੇ ਜਿਹੜੇ ਸੁਪਨਿਆਂ ਨਾਲ ਇਹ ਸੰਸਥਾ ਹੋਂਦ ਵਿੱਚ ਲਿਆਂਦੀ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੈਂ ਤੇ ਮੇਰਾ ਸਟਾਫ਼ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਦਿਨ-ਰਾਤ ਇੱਕ ਕਰ ਰਿਹਾ ਹੈ। ਇਸ ਮੌਕੇ ਸੰਬੋਧਨ ਹੁੰਦਿਆਂ ਪ੍ਰਿੰ. ਬਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਤੇ ਆਖਿਆ ਕਿ ਵਿਦਿਆਰਥੀਆਂ ਨੂੰ ਸੰਸਾਰਿਕ ਗਿਆਨ ਦੇ ਨਾਲ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਲਈ ਗੁਰਬਾਣੀ ਦੇ ਰਸੀਏ ਬਣਨਾ ਚਾਹੀਦਾ ਹੈ। ਇਸ ਮੌਕੇ ਸੰਤ ਬਾਬਾ ਸੁੱਚਾ ਸਿੰਘ ਜੀ ਨੂੰ ਪ੍ਰਿੰਸੀਪਲ ਸਾਹਿਬ ਨੇ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਸਿਰੋਪਾਓ ਭੇਟ ਕਰਕੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਨਕਦ ਭੇਟਾ ਵੀ ਭੇਟ ਕੀਤੀ।ਮੰਚ ਸੰਚਾਲਨ ਦੀ ਭੂਮਿਕਾ ਡਾ.ਨਿਰਮਲਜੀਤ ਕੌਰ ਅਤੇ ਪ੍ਰੋ. ਗੁਰਪ੍ਰੀਤ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ। ਪਿਛਲੀਆਂ ਜਮਾਤਾਂ ਚੋਂ ਅੱਵਲ ਦਰਜੇ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਵੀ ਕੀਤੇ ਗਏ। ਇਸ ਸਮੇਂ ਪ੍ਰੋ. ਆਬਿਦ ਵੱਕਾਰ, ਡਾ. ਇੰਦੂ ਰੱਤੀ, ਡਾ. ਹਰਜੋਤ ਸਿੰਘ, ਪ੍ਰੋ. ਅੰਮ੍ਰਿਤ ਕੌਰ, ਡਾ. ਕਮਲਦੀਪ ਕੌਰ ਆਦਿ ਸਮੇਤ ਕਾਲਜ ਦਾ ਸਮੁੱਚਾ ਟੀਚਿੰਗ/ਨਾਨ-ਟੀਚਿੰਗ ਸਟਾਫ਼ ਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly