ਕਦੇ ਵੀ ਝੂਠੇ ਦਾਅਵੇ ਅਤੇ ਵਾਅਦੇ ਨਹੀਂ ਕੀਤੇ: ਰਾਹੁਲ

 

  • ‘ਕੇਂਦਰ ਪੰਜਾਬ ਨੂੰ ਤਜਰਬਿਆਂ ਦੀ ਅੱਗ ’ਚ ਝੋਕਣ ਤੋਂ ਬਾਜ਼ ਆਵੇ’

ਬਰਨਾਲਾ (ਸਮਾਜ ਵੀਕਲੀ):   ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨੂੰ ਖ਼ਤਰਨਾਕ ਤਜਰਬਿਆਂ ਦੀ ਅੱਗ ਵਿੱਚ ਝੋਕਣ ਤੋਂ ਬਾਜ਼ ਆਵੇ ਨਹੀਂ ਤਾਂ ਸੂਬੇ ਦਾ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਥਿਰਤਾ ਤੇ ਸ਼ਾਂਤੀ ਦੀ ਇਸ ਸਮੇਂ ਬੇਹੱਦ ਲੋੜ ਹੈ ਅਤੇ ਇਸ ਨੂੰ ਕਾਂਗਰਸ ਹਰ ਹੀਲੇ ਕਾਇਮ ਰੱਖੇਗੀ। ਸ੍ਰੀ ਗਾਂਧੀ ਅੱਜ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ਵਿੱਚ ਸਥਾਨਕ ਦਾਣਾ ਮੰਡੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਹੋਏ ਸਨ।

ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸੋਚ ਕੇ ਬੋਲਣ ਤੇ ਸੱਚਾਈ ਦੇ ਰਾਹ ’ਤੇ ਚੱਲਣ’ ਦੇ ਗੁਰੂ ਨਾਨਕ ਦੇ ਦਰਸਾਏ ਮਾਰਗ ’ਤੇ ਅਮਲ ਕਰਦਿਆਂ ਉਹ ਕਦੇ ਝੂਠੇ ਦਾਅਵੇ ਤੇ ਵਾਅਦੇ ਨਹੀਂ ਕਰਦੇ ਜਦਕਿ ਪ੍ਰਧਾਨ ਮੰਤਰੀ ਮੋਦੀ ਜੋ ਮੂੰਹ ਆਏ ਬੋਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਭਰੋਸਾ ਦਿੱਤਾ ਪਰ ਕਿਸਾਨਾਂ ਦੀ ਖੇਤੀ ਖੋਹਣ ਲਈ ਹੀ ਖੇਤੀ ਕਾਨੂੰਨ ਪਾਸ ਕੀਤੇ ਤੇ ਸਾਲ ਭਰ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ’ਤੇ ਰੋਲਿਆ ਕਿਉਂਕਿ ਉਹ ਕਿਸਾਨਾਂ ਦੇ ਨਹੀਂ ਪੂੰਜੀਪਤੀਆਂ ਦੇ ਹਿੱਤ ਪਾਲਕ ਹਨ। ਉਨ੍ਹਾਂ ਕਿਹਾ ਕਿ 2013 ਵਿੱਚ ਜਦ ਉਹ ਪੰਜਾਬ ਆਏ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਨਸ਼ਿਆਂ ਦਾ ਖਤਰਾ ਹੈ ਪਰ ਉਸ ਸਮੇਂ ਉਨ੍ਹਾਂ ਦਾ ਸਾਰੀਆਂ ਪਾਰਟੀਆਂ ਅਕਾਲੀ-ਭਾਜਪਾ ਤੇ ‘ਆਪ’ ਦੇ ਆਗੂਆਂ ਨੇ ਮਜ਼ਾਕ ਉਡਾਇਆ ਪਰ ਬਾਅਦ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਿਕਰਮਜੀਤ ਸਿੰਘ ਮਜੀਠੀਆ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਜਦਕਿ ਉਨ੍ਹਾਂ ਕੋਈ ਮੁਆਫ਼ੀ ਨਹੀਂ ਮੰਗੀ। ਇਸੇ ਤਰ੍ਹਾਂ ਉਹ ਦੇਸ਼ ਵਿਚ ਕਰੋਨਾ ਦੇ ਵੱਧ ਰਹੇ ਖਤਰੇ ਬਾਰੇ ਬੋਲੇ ਤਾਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਫਿਰ ਉਨ੍ਹਾਂ ਦਾ ਮਜ਼ਾਕ ਉਡਾਇਆ। ਇਸ ਤੋਂ ਪਹਿਲਾਂ ਨੋਟਬੰਦੀ ਬਾਰੇ ਵੀ ਦਿੱਤੇ ਸੁਝਾਵਾਂ ਦਾ ਮੋਦੀ ਹਕੂਮਤ ਵੱਲੋਂ ਨਿਰਾਦਰ ਕੀਤਾ ਗਿਆ। ਸਿੱਟੇ ਵਜੋਂ ਨੋਟਬੰਦੀ ਦੌਰਾਨ ਛੋਟੇ ਵਪਾਰੀ, ਕਿਸਾਨ, ਮਜ਼ਦੂਰ, ਮੁਲਾਜ਼ਮਾਂ ਤੇ ਮੱਧਵਰਗੀ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਨੋਟਬੰਦੀ ਵੀ ਸਿਰਫ਼ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤੀ ਗਈ ਸੀ। ਕੇਜਰੀਵਾਲ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕੋਈ ਵੀ ਆਗੂ ਕਦੇ ਵੀ ਕਿਸੇ ‘ਅਤਿਵਾਦੀ’ ਦੇ ਘਰ ਨਹੀਂ ਮਿਲੇਗਾ ਜਦੋਂਕਿ ‘ਆਪ’ ਦੇ ਸੁਪਰੀਮੋ ਤੱਕ ਉਨ੍ਹਾਂ ਦੇ ਘਰ ਪਾਏ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ’ਚੋਂ ਉੱਠੇ ਚੰਨੀ ਦੇ ਦਿਲ ਵਿੱਚ ਗਰੀਬਾਂ ਪ੍ਰਤੀ ਦਰਦ ਹੈ, ਇਸੇ ਲਈ ਚੰਨੀ ਨੂੰ ਸੋਚ ਵਿਚਾਰ ਮਗਰੋਂ ਹੀ ਮੁੜ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ’ਚ ਪਹਿਲਾਂ ਨਾਲੋਂ ਵੀ ਜ਼ਿਆਦਾ ਬਹੁਮੱਤ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਮੀਦਵਾਰ ਮੁਨੀਸ਼ ਬਾਂਸਲ ਨੇ ਆਪਣੇ ਜ਼ਿਲ੍ਹੇ ਲਈ ਸੇਵਾ ਦਾ ਮੌਕਾ ਦੇਣ ਲਈ ਰਾਹੁਲ ਗਾਂਧੀ ਦਾ ਧੰਨਵਾਦ ਵੀ ਕੀਤਾ। ਮੰਚ ਸੰਚਾਲਨ ਸਾਬਕਾ ਵਿਧਾਇਕ ਸੁਰਿੰਦਰਪਾਲ ਸਿਬੀਆ ਨੇ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ, ਸੰਸਦ ਮੈਂਬਰ ਮੁਹੰਮਦ ਸਦੀਕ, ਦਰਬਾਰਾ ਸਿੰਘ ਗੁਰੂ, ਅਲਕਾ ਲਾਂਬਾ, ਮਹਿਲ ਕਲਾਂ ਤੋਂ ਪਾਰਟੀ ਉਮੀਦਵਾਰ ਹਰਚੰਦ ਕੌਰ ਘਨੌਰੀ, ਦਵਿੰਦਰ ਹੁਡਾ, ਹਰੀਸ਼ ਚੌਧਰੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਤੇ ਸਥਾਨਕ ਲੀਡਰਸ਼ਿਪ ਵੀ ਹਾਜ਼ਰ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ’ਚ ਮੌਤ
Next articleSecretariat to come up for India’s forthcoming G-20 Presidency