ਨਵ-ਰਹੱਸਵਾਦੀ ਚਿੰਤਕ / ਪਰਮਿੰਦਰ ਸੋਢੀ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਓਸ਼ੋ ਪਿਛਲੀ ਸਦੀ ਵਿੱਚ ਹੋਇਆ ਨਵ-ਰਹੱਸਵਾਦੀ ਸੀ। ਅੱਜ, ਓਸ਼ੋ ਦੀ ਅਲੋਚਨਾ ਕਈ ਦ੍ਰਿਸ਼ਟੀਕੋਣਾਂ ਤੋਂ ਹੋ ਸਕਦੀ ਹੈ। ਇਵੇਂ ਹੀ ਤਰੀਫ ਵੀ ਕਈ ਦ੍ਰਿਸ਼ਟੀਕੋਣਾਂ ਤੋਂ। ਇਹ ਬਹੁਤੀ ਮਹੱਤਵਪੂਰਨ ਗੱਲ ਨਹੀਂ ਹੈ।
ਪਰ ਓਸ਼ੋ ਦੇ ਧਿਆਨ ਖਿੱਚਣ ਵਾਲ਼ੇ ਕੰਮ ਇਹ ਹਨ :
ਉਸ ਨੇ ਆਮ ਬੰਦੇ ਨੂੰ ਵੀ ਦੁਨੀਆਂ ਭਰ ਦੇ ਵਿਚਾਰਕ ਸੁਣਾ ਦਿੱਤੇ ਹਨ। ਫਿਲਾਸਫੀ , ਮਨੋਵਿਗਿਆਨ , ਸਮਾਜ ਵਿਗਿਆਨ, ਸਾਹਿਤ , ਧਰਮ ਵਿਗਿਆਨ , ਤਰਕਵਾਦ, ਰਹੱਸਵਾਦ ਦੇ ਬੇਅੰਤ ਸਿਧਾਂਤਾਂ ਦਾ ਜ਼ਿਕਰ ਅਤੇ ਉਨ੍ਹਾਂ ਦੀ ਸੌਖੀ ਵਿਆਖਿਆ ਹਰ ਕਿਸੇ ਤਕ ਪੁੱਜਦਾ ਕਰ ਦਿੱਤੀ ਹੈ। ਇਹ ਵੱਡਾ ਕੰਮ ਹੈ।
ਉਸ ਨੇ ਹਜ਼ਾਰਾਂ ਲੋਕਾਂ ਨੂੰ ਕਿਤਾਬਾਂ ਪੜ੍ਹਨ ਅਤੇ ਗੰਭੀਰ ਵਿਸ਼ਿਆਂ ਬਾਰੇ ਸੁਣਨ ਦੀ ਚੇਟਕ ਲਾਈ। ਇਹ ਵੱਡਾ ਕੰਮ ਹੈ।
ਬਹੁਤ ਸਾਰੇ ਲੋਕਾਂ ਨੂੰ ਆਪਣੇ ਜਮਾਂਦਰੂ ਧਰਮਾਂ ਤੋਂ ਬਾਹਰ ਦੇ ਧਰਮਾਂ ਬਾਰੇ ਪੜ੍ਹਨ ਸੁਣਨ ਲਾ ਦਿੱਤਾ ਹੈ। ਇਹ ਪਰੰਪਰਾਵਾਦੀ ਸਮਾਜਾਂ ਵਿੱਚ ਕੀਤਾ ਗਿਆ ਬੜਾ ਸਾਰਥਿਕ ਕੰਮ ਹੈ।
ਓਸ਼ੋ ਦੀਆਂ ਤਕਰੀਰਾਂ ਨੂੰ ਛਾਪਣ ਤੋਂ ਬਾਦ ਛੇ ਸੌ ਕਿਤਾਬਾਂ ਬਣੀਆਂ। ਉਸ ਦੀ ਅਲੋਚਨਾ, ਉਸ ਦੇ ਲਿਖੇ ਦਾ ਵੀਹ ਪ੍ਰਤੀਸ਼ਤ, ਪੜ੍ਹਨ ਤੋਂ ਬਾਦ ਹੋਣੀ ਚਾਹੀਦੀ ਹੈ। ਇਹ ਇੱਕ ਸੌ ਵੀਹ ਕਿਤਾਬਾਂ ਬਣਦੀਆਂ ਹਨ। ਉਸੇ ਦਾ ਨਹੀਂ ਹਰ ਲੇਖਕ ਜਾਂ ਚਿੰਤਕ ਦਾ ਮੁਲਾਂਕਣ ਕਰਨ ਲਈ ਉਸ ਦਾ ਘੱਟੋ ਘੱਟ ਵੀਹ ਪ੍ਰਤਿਸ਼ਤ ਸਾਹਿਤ ਪੜ੍ਹਨਾਂ ਲਾਜ਼ਮੀ ਹੁੰਦਾ ਹੈ।
ਕਈ ਵਾਰ ਓਸ਼ੋ ਕੁਦਰਤ ਉੱਪਰ ਬੋਲ ਰਿਹਾ ਹੋ ਸਕਦਾ ਹੈ ਅਤੇ ਬਹੁਤੇ ਲੋਕ ਉਸ ਦਾ ਸਪੀਕਰ ਸਮਾਜ ਵੱਲ ਕਰ ਦਿੰਦੇ ਨੇ। ਪ੍ਰਸੰਗ ਬਦਲਣ ਨਾਲ਼ ਅਰਥ ਤੇ ਵਿਆਖਿਆ ਬਦਲ ਜਾਂਦੀ ਹੈ।
ਹਰ ਲੇਖਕ ਜਾਂ ਚਿੰਤਕ ਦੇ ਪਾਠਕ ਵਰਗ ਵਿੱਚ ਹਰ ਕੋਈ ਸ਼ਾਮਲ ਨਹੀਂ ਹੋ ਸਕਦਾ। ਪੰਜਾਬੀ ਸਾਨੂੰ ਦੋਹਾਂ ਨੂੰ ਆਉਂਦੀ ਹੈ। ਪਰ ਮੈਂ ਦੇਵਿੰਦਰ ਸਥਿਆਰਥੀ ਦਾ ਪਾਠਕ ਹੋ ਸਕਦਾ ਹਾਂ ਤੁਸੀਂ ਕਰਤਾਰ ਸਿੰਘ ਦੁੱਗਲ ਦੇ। ਇਹੀ ਨਿਯਮ ਓਸ਼ੋ ਉੱਪਰ ਵੀ ਲਾਗੂ ਹੁੰਦਾ ਹੈ।
ਉਸ ਨੇ ਬਹੁਤ ਸਾਰੇ ਲੋਕਾਂ ਦੇ ਦਿਮਾਗਾਂ ਉੱਪਰ ਅਤੇ ਸਮਾਜਿਕ ਵਿਹਾਰਾਂ ਉੱਪਰ ਚੜ੍ਹੀ ਗਰਦ ਨੂੰ ਝਾੜਿਆ ਹੈ। ਕਈਆਂ ਨੂੰ ਜਿਉਣ ਲਈ ਚੰਗੀ ਊਰਜਾ ਦਿੱਤੀ ਹੈ। ਜ਼ਰੂਰੀ ਅਤੇ ਗੈਰਜ਼ਰੂਰੀ ਵਿੱਚ ਫਰਕ ਕਰਨਾ ਸਿਖਾਇਆ ਹੈ। ਇਹ ਵੱਡਾ ਕੰਮ ਹੈ।
ਓਸ਼ੋ ਨੂੰ ਪੜ੍ਹਨ ਤੋਂ ਬਾਅਦ ਨਾਸਤਕ ਬੰਦਾ ਆਸਤਿਕ ਨੂੰ ਸਮਝਣ ਲੱਗਦਾ ਹੈ ਤੇ ਉਸ ਲਈ ਸੰਵੇਦਨਸ਼ੀਲ ਹੋ ਜਾਂਦਾ ਹੈ। ਆਸਤਕ ਬੰਦਾ ਨਾਸਤਕ ਦੀ ਇਜ਼ਤ ਕਰਨ ਲੱਗਦੀ ਹੈ। ਪੂਰਾ ਨਹੀਂ ਤਾਂ ਥੋੜਾ ਬਹੁਤਾ ਹੀ। ਇਹ ਵੀ ਵੱਡਾ ਕੰਮ ਹੈ।
ਕੋਈ ਵੀ ਲੇਖਕ ਸਰਬ-ਉੱਚ ਜਾਂ ਸਰਬਕਾਲੀ ਨਹੀਂ ਹੁੰਦਾ। ਓਸ਼ੋ ਵੀ ਨਹੀਂ ਹੈ। ਚੰਗਾ ਪਾਠਕ ਰੁਕਦਾ ਨਹੀਂ। ਓਸ਼ੋ ਸਾਨੂੰ ਹੋਰ ਪੜ੍ਹਨ ਤੋਂ ਰੋਕਦਾ ਨਹੀਂ ਹੋਰ ਪੜ੍ਹਨ ਲਈ ਪ੍ਰੇਰਿਤ ਕਰਦਾ ਹੈ। ਓਸ਼ੋ ਨੇ ਤੀਹ ਪੈਂਤੀ ਸਾਲ ਪਹਿਲਾਂ ਆਪ ਹੀ ਕਿਹਾ ਸੀ ਕਿ ਉਸ ਦੇ ਵਿਚਾਰਾਂ ਦੀ ਪੰਜਾਹ ਸਾਲ ਸਾਰਥਿਕਤਾ ਰਹੇਗੀ।
ਉਸ ਨੇ ਅਮੀਰ ਜਾਂ ਰੱਜੇ ਪੁੱਜੇ ਬੰਦੇ ਅਤੇ ਸਮਾਜ ਦੀਆਂ ਮਨੋਵਿਗਿਆਨਕ ਲੋੜਾਂ ਨੂੰ ਸਮਝਿਆ ਤੇ ਉਨ੍ਹਾਂ ਨੂੰ ਮੁਖ਼ਾਤਿਬ ਹੋਇਆ। ਅਮੀਰੀ ਇੱਕ ਰਿਲੇਟਵ ਟਰਮ ਹੈ। ਮਿਸਾਲ ਵਜੋਂ ਅੱਜ ਕਿਸੇ ਵੀ ਮੱਧ ਵਰਗੀ ਪਰਿਵਾਰ ਕੋਲ਼ ਉਹ ਸਹੂਲਤਾਂ ਹਨ ਜੋ ਕਦੇ ਬਾਜਸ਼ਾਹ ਅਕਬਰ ਕੋਲ਼ ਵੀ ਨਹੀਂ ਸਨ।
ਉਸ ਨੂੰ ਪਤਾ ਸੀ ਕਿ ਸਿੱਧੇ ਸਪਸ਼ਟ ਵਿਚਾਰਾਂ ਨੂੰ ਸੁਣਨ ਦੀ ਆਦਤ ਜਾਂ ਸਮਝਣ ਦੀ ਸਮਰੱਥਾ ਬਹੁਤੇ ਲੋਕਾਂ ਕੋਲ਼ ਨਹੀਂ ਹੁੰਦੀ। ਇਸ ਲਈ ਆਪਣੇ ਵਿਚਾਰਾਂ ਨੂੰ ਕਲਾਸਿਕ ਜਾਂ ਧਾਰਮਿਕ ਗ੍ਰੰਥਾਂ ਨਾਲ਼ ਜੋੜਕੇ ਪੇਸ਼ ਕਰਨ ਨਾਲ਼ ਵੱਡੀ ਗਿਣਤੀ ਲੋਕਾਂ ਤਕ ਪਹੁੰਚ ਸੌਖੀ ਹੋ ਜਾਂਦੀ ਹੈ।
ਨਿੱਜੀ ਅਨੁਭਵ : ਓਸ਼ੋ ਜੀਵਨ ਨੂੰ ਪਿਆਰ ਕਰਨ ਦੀ ਹਿੰਮਤ ਦਿੰਦਾ ਹੈ। ਤੀਹ ਸਾਲ ਦੀ ਉਮਰ ਵਿੱਚ ਓਸ਼ੋ ਨੂੰ ਪੜ੍ਹਨ ਨਾਲ਼ ਮੈਂ ਸਦਾ ਲਈ ਸ਼ਾਕਾਹਾਰੀ ਹੋ ਗਿਆ। ਉਸ ਦੇ ਸੰਨਿਆਸੀ ਵੀ ਅਤੇ ਵਿਰੋਧੀ ਵੀ ਅਕਸਰ ਉਲਾਰ ਹੋ ਜਾਂਦੇ ਨੇ। ਓਸ਼ੋ ਨੇ ਐਕਟਿਵ ਧਿਆਨ ਉੱਪਰ ਬਹੁਤ ਜੋਰ ਦਿੱਤਾ ਹੈ। ਜੋ ਮੈਨੂੰ ਬੇਲੋੜਾ ਲੱਗਦਾ ਹੈ। ਪਰ ਬਹੁਤ ਸਾਰਿਆਂ ਲਈ ਇਹ ਬਹੁਤ ਲੋੜੀਂਦਾ ਹੋ ਸਕਦਾ ਹੈ। ਉਸ ਦਾ ਵੱਡੀ ਸਮਰੱਥਾ ਵਾਲ਼ਾ ਪਾਠਕ ਹੋਣਾ ਵੱਡੀ ਗੱਲ ਲੱਗਦਾ ਹੈ। ਉਸ ਦਾ ਹਰ ਧਰਮ ਦੇ ਪਾਦਰੀਆਂ/ਪੁਜਾਰੀਆਂ ਅਤੇ ਸਿਆਸਤਦਾਨਾਂ ਨੂੰ ਮਨੁੱਖਤਾ ਮਗਰ ਲੱਗੇ ਮਾਫ਼ੀਆ ਕਹਿਣਾ ਚੰਗਾ ਲੱਗਦਾ ਹੈ। ਉਸ ਕੋਲ਼ ਮਸਲੇ ਦੀ ਤਹਿ ਤਕ ਪਹੁੰਚਣ ਦੀ ਸਮਰੱਥਾ ਕਮਾਲ ਦੀ ਹੈ।
ਯਹੂਦੀ ਧਰਮ ਵਿੱਚ ਦਸ ਪਵਿੱਤਰ ਹੁਕਮ ਦਰਜ ਹਨ। ਕਿਸੇ ਨੇ ਓਸ਼ੋ ਨੂੰ ਉਸ ਦੇ ਦਸ ਪਵਿੱਤਰ ਹੁਕਮ ਪੁੱਛੇ ਤਾਂ ਉਸ ਨੇ ਜੋ ਕਿਹਾ ਉਹ ਓਸ਼ੋ ਨੂੰ ਸਮਝਣ ਵਿੱਚ ਮਦਦਗਾਰ ਹੋ ਸਕਦੇ ਹਨ।
ਮੈੰ ਕਿਸੇ ਵੀ ਕਿਸਮ ਦੇ ਹੁਕਮ ਦੇ ਵਿਰੁੱਧ ਹਾਂ। ਫਿਰ ਵੀ ਮਜ਼ੇ ਲਈ ਹੇਠਾਂ ਦਸ ਹੁਕਮ ਲਿਖ ਰਿਹਾ ਹਾਂ :

1. ਅੰਦਰੋਂ ਆਉਣ ਵਾਲੇ ਹੁਕਮਾਂ ਤੋਂ ਇਲਾਵਾ ਕਿਸੇ ਹੋਰ ਹੁਕਮ ਦੀ ਪਾਲਣਾ ਨਾ ਕਰੋ।
2. ਜੀਵਨ ਆਪ ਹੀ ਇੱਕੋ ਇੱਕ ਰੱਬ ਹੈ।
3. ਸੱਚ ਅੰਦਰ ਹੈ, ਇਸਨੂੰ ਕਿਤੇ ਹੋਰ ਨਾ ਲੱਭੋ।
4. ਪਿਆਰ ਹੀ ਪ੍ਰਾਰਥਨਾ ਹੈ।
5. ਖਾਲੀਪਣ ਸੱਚ ਦਾ ਦਰਵਾਜ਼ਾ ਹੈ; ਇਹ ਹੀ ਸਾਧਨ ਹੈ, ਇਹੀ ਅੰਤ ਹੈ ਅਤੇ ਇਹ ਹੀ ਪ੍ਰਾਪਤੀ ਹੈ।
6. ਜ਼ਿੰਦਗੀ ਇੱਥੇ ਅਤੇ ਹੁਣ ਵਿੱਚ ਹੈ।
7. ਪੂਰੀ ਤਰ੍ਹਾਂ ਜਾਗਰੁਕ/ ਚੇਤੰਨ ਰਹੋ।
8. ਤੈਰਨ ਦੀ ਲੋੜ ਨਹੀਂ ਬਸ ਰੁੜਦੇ ਰਹੋ, ਫਲੋਟ ਕਰੋ।
9. ਹਰ ਪਲ ਮਰੋ ਤਾਂ ਜੋ ਤੁਸੀਂ ਹਰ ਪਲ ਨਵੇਂ ਹੋ ਸਕੋ।
10. ਭਾਲਣਾ ਬੰਦ ਕਰੋ। ਜੋ ਹੈ, ਉਹ ਹੈ: ਬਸ ਰੁਕੋ ਅਤੇ ਦੇਖੋ।

ਆਖ਼ਰ ਵਿੱਚ, ਓਸ਼ੋ ਹੋਵੇ ਜਾਂ ਕੋਈ ਹੋਰ ਲੇਖਕ, ਚਿੰਤਕ, ਯੋਗੀ, ਪੀਰ, ਫਕੀਰ, ਗਿਆਨੀ ਜਾਂ ਵਿਗਿਆਨੀ; ਇਹ ਸਾਡੀ ਆਪਣੀ ਬੌਧਿਕ ਸਮਰੱਥਾ ( I.Q.) ਉੱਪਰ ਹੀ ਨਿਰਭਰ ਕਰਦਾ ਹੈ ਕਿ ਸਾਨੂੰ ਕੀ ਅਤੇ ਕਿੰਨਾ ਸਮਝ ਆਉਂਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ 16.14 ਲੱਖ ਦੀ ਲਾਗਤ ਨਾਲ ਲੱਗੀਆਂ ਸਟਰੀਟ ਲਾਈਟਾਂ ਦੀ ਕਰਵਾਈ ਸ਼ੁਰੂਆਤ 
Next articleਮਿਸ਼ਨਰੀ ਗੀਤਕਾਰ ਜੈਲੀ ਠੱਕਰਵਾਲ ਦੀ ਬੇਟੀ ਦੇ ਵਿਆਹ ਵਿੱਚ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਤੇ ਪਾਰਟੀ ਦੀ ਸਾਰੀ ਕਰੀਮ ਪਹੁੰਚੀ ਹੋਈ ਸੀ