*ਵਿਧਾਇਕ ਨੇ ਤੈਅ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼*
ਡੇਰਾਬੱਸੀ,(ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ :- ਲੰਬੇ ਸਮੇਂ ਤੋਂ ਡੇਰਾਬਸੀ ਨਗਰ ਕੌਂਸਲ ਵਿੱਚ ਲਮਕ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬਸੀ ਨਗਰ ਕੌਂਸਲ ਦਫਤਰ ਵਿਖੇ ਇੱਕ ਰਿਵਿਊ ਮੀਟਿੰਗ ਕੀਤੀ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਵਾਰਡਾਂ ਦੇ ਕੌਂਸਲਰ ਮੌਜੂਦ ਸਨ। ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਆਸੂ ਉਪਨੇਜਾ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਵਿਧਾਇਕ ਕੁਲਜੀਤ ਰੰਧਾਵਾ ਨੇ ਠੇਕੇਦਾਰਾਂ ਸਮੇਤ ਕੌਂਸਲ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਦਿਆਂ ਆਖਿਆ ਕਿ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ। ਉਨ੍ਹਾਂ ਮਾਰਚ 2023 ਵਿੱਚ ਅਲਾਟ ਹੋਏ ਕੰਮਾਂ ਵਿੱਚ ਲੇਟ ਲਤੀਫੀ ਕਰਨ ਵਾਲੇ ਠੇਕੇਦਾਰਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ। ਇੱਕ ਹਫਤੇ ਵਿੱਚ ਸ਼ਹਿਰ ਵਿੱਚ ਬਿਨਾਂ ਢੱਕਣਾ ਅਤੇ ਟੁੱਟੇ ਮੇਨ ਹੋਲਾਂ ਦੀ ਥਾਂ ਨਵੇਂ ਮੇਨ ਹੋਲ ਲਗਾਉਣ ਲਈ ਸਮਾਂਬੰਦ ਕੀਤਾ ਗਿਆ। ਬਰਸਾਤਾਂ ਦੇ ਸੀਜਨ ਨੂੰ ਧਿਆਨ ਰੱਖਦਿਆਂ ਸ਼ਹਿਰ ਵਿਚਲੇ ਸਮੂਹ ਬਰਸਾਤੀ ਨਾਲਿਆਂ ਅਤੇ ਡਰੇਨਾਂ ਦੀ ਸਫਾਈ ਕਰਨ ਲਈ ਵੀ ਆਦੇਸ਼ ਜਾਰੀ ਕੀਤੇ ਗਏ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਸ਼ਹਿਰ ਵਿਚਲੇ ਵਿਕਾਸ ਕਾਰਜਾਂ ਸਮੇਤ ਪੁਰਾਣੇ ਟੈਂਡਰਾਂ ਦੇ ਅਧੂਰੇ ਪਏ ਕੰਮਾਂ ਨੂੰ ਲੈ ਕੇ ਤਾਲਮੇਲ ਮੀਟਿੰਗ ਕੀਤੀ ਗਈ । ਉਹ ਕੁਝ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਹਨ । ਉਹਨਾਂ ਆਖਿਆ ਕਿ ਕੰਮ ਵਿੱਚ ਦੇਰੀ ਕਰਨ ਵਾਲੇ ਠੇਕੇਦਾਰ ਅਤੇ ਅਧਿਕਾਰੀ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਦੋ ਮਹੀਨੇ ਵਿੱਚ ਪੈਂਡਿੰਗ ਪਏ ਕੰਮਾਂ ਨੂੰ ਮੁਕੰਮਲ ਕਰਨ ਲਈ ਸਖਤ ਹਦਾਇਤ ਜਾਰੀ ਕਰਦਿਆਂ ਕੰਮ ਵਿੱਚ ਲਾਪਰਵਾਹੀ ਕਰਨ ਵਾਲੇ ਠੇਕੇਦਾਰਾਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਰੰਧਾਵਾ ਨੇ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਆਪਣੇ ਆਪ ਸਟੇਸ਼ਨ ਛੱਡ ਕੇ ਜਾਣ ਦੀ ਸਲਾਹ ਦਿੱਤੀ। ਵਿਧਾਇਕ ਨੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਨਾ ਕਰਨ ਤੇ ਤਾੜਨਾ ਕੀਤੀ ਅਤੇ ਨਜਾਇਜ਼ ਉਸਾਰੀਆਂ ਤੋੜਨ ਲਈ ਕੱਲ ਤੋਂ ਹੀ ਕਾਰਵਾਈ ਆਰੰਭ ਕਰਨ ਲਈ ਆਖਿਆ। ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਵਚਨਬੱਧ ਹੈ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣ ਲਈ ਕੰਮ ਕਰਨ ਰਹੀ ਹੈ। ਇਸ ਮੌਕੇ ਕਾਰਜ ਸਾਧਕ ਅਫਸਰ ਅਤੇ ਬਲਾਕ ਪ੍ਰਧਾਨ ਵੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj