(ਸਮਾਜ ਵੀਕਲੀ)
ਜਸਵਿੰਦਰ ਸਿੰਘ ਦੇ ਮੁੰਡੇ ਰਕੇਸ਼ ਨੇ ਦਸਵੀਂ ਜਮਾਤ ਦੇ ਪੇਪਰ ਪਾਏ ਹੋਏ ਸਨ। ਅੱਜ ਦਸਵੀਂ ਜਮਾਤ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਘੋਸ਼ਿਤ ਕੀਤਾ ਸੀ। ਸ਼ਾਮ ਨੂੰ ਜਦੋਂ ਸ਼ਹਿਰ ਤੋਂ ਜਸਵਿੰਦਰ ਸਿੰਘ ਕੰਮ ਤੋਂ ਘਰ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਰਕੇਸ਼ ਮੂੰਹ ਲਟਕਾਈ ਬੈਠਾ ਸੀ।
ਜਸਵਿੰਦਰ ਸਿੰਘ ਨੇ ਰਕੇਸ਼ ਨੂੰ ਪੁੱਛਿਆ,”ਪੁੱਤ ਕੀ ਗੱਲ ਹੋਈ? ਬੜਾ ਚੁੱਪ, ਚੁੱਪ ਬੈਠਾਂ।”
“ਪਾਪਾ ਜੀ,ਅੱਜ ਦਸਵੀਂ ਜਮਾਤ ਦਾ ਨਤੀਜਾ ਨਿਕਲਿਆ ਆ। ਮੈਂ ਦਸਵੀਂ ਜਮਾਤ ਚੋਂ ਫੇਲ੍ਹ ਹੋ ਗਿਆਂ।” ਰਕੇਸ਼ ਨੇ ਰੋਂਦੇ, ਰੋਂਦੇ ਨੇ ਆਖਿਆ।
” ਪੁੱਤ ਤੂੰ ਕਿਹੜਾ ਸਾਰਾ ਸਾਲ ਚੱਜ ਨਾਲ ਪੜ੍ਹਿਆਂ? ਟੀਚਰਾਂ ਦਾ ਦੱਸਿਆ ਕੰਮ ਤੂੰ ਕਦੇ ਕਾਪੀਆਂ ‘ਚ ਧਿਆਨ ਲਾ ਕੇ ਨ੍ਹੀ ਕੀਤਾ। ਮੈਂ ਤੈਨੂੰ ਕਦੇ ਕੁੱਝ ਯਾਦ ਕਰਦੇ ਨੂੰ ਨ੍ਹੀ ਦੇਖਿਆ। ਆਪਣੀ ਅਣਗਹਿਲੀ ਕਾਰਨ ਹੀ ਤੂੰ ਫੇਲ੍ਹ ਹੋਇਆਂ। ਹੁਣ ਰੋ ਕੇ ਕੀ ਲੱਭਣਾ?” ਜਸਵਿੰਦਰ ਸਿੰਘ ਨੇ ਆਖਿਆ।
” ਪਾਪਾ ਜੀ, ਹੁਣ ਮੈਨੂੰ ਮਾਫ ਕਰ ਦਿਉ। ਮੈਨੂੰ ਸਕੂਲ ਤੋਂ ਪੜ੍ਹਨ ਤੋਂ ਨਾ ਹਟਾਇਉ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਐ। ਐਤਕੀਂ ਮੈਂ ਦਿਲ ਲਾ ਕੇ ਪੜ੍ਹਾਂਗਾ। ਤੁਹਾਨੂੰ ਪਾਸ ਹੋ ਕੇ ਤੇ ਚੰਗੇ ਨੰਬਰ ਲੈ ਕੇ ਦੱਸਾਂਗਾ।” ਰਕੇਸ਼ ਨੇ ਵਿਸ਼ਵਾਸ ਨਾਲ ਆਖਿਆ।
” ਪੁੱਤ, ਅਣਗਹਿਲੀ ਕਰਨ ਨਾਲ ਵੱਡੇ, ਵੱਡੇ ਕੰਮ ਖਰਾਬ ਹੋ ਜਾਂਦੇ ਆ। ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਐ, ਮੇਰੇ ਲਈ ਇਹੋ ਬਹੁਤ ਆ।” ਰਕੇਸ਼ ਨੂੰ ਗਲ਼ ਨਾਲ ਲਾਂਦੇ ਹੋਏ ਜਸਵਿੰਦਰ ਸਿੰਘ ਨੇ ਆਖਿਆ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-144514
ਫੋਨ 9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly