ਨਾਂਹਪੱਖੀ ਸੋਚ ਆਪਣੀ ਤਰੱਕੀ ਵਿੱਚ ਖ਼ੁਦ ਹੀ ਬਣ ਜਾਂਦੀ ਹੈ ਅੜਿੱਕਾ:

ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ)- ਮਨੁੱਖੀ ਜੀਵਨ ਹੀ ਸੰਘਰਸ਼ ਨਾਲ  ਭਰਿਆ ਹੋਇਆ ਹੈ।ਜਨਮ ਤੋਂ ਲੈ ਕੇ ਆਖਰੀ ਸਾਹਾਂ ਤੱਕ ਮਨੁੱਖ ਅਨੇਕਾਂ ਹੀ ਸੰਘਰਸ਼ਾਂ ਦਾ ਸਾਹਮਣਾ ਕਰਦਾ ਹੈ। ਕੋਈ ਵੀ ਟੀਚੇ ਤੇ ਪਹੁੰਚਣ ਲਈ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਤਾਂ ਅਜਿਹਾ ਦੇਖਣ ਨੂੰ ਵੀ ਮਿਲਦਾ ਹੈ ਕਿ ਜਿਹੜੀ ਮੰਜਿਲ ਜਾਂ ਟਿੱਚਾ ਹਾਸਲ ਨਹੀਂ ਹੁੰਦਾ, ਤਾਂ ਉਸ ਮੰਜ਼ਿਲ ਨੂੰ ਸਰ ਕਰਨ ਲਈ ਹੋਰ ਵੀ ਜ਼ਿਆਦਾ ਕਰਮ ਕਰਨੇ ਪੈਂਦੇ ਹਨ। ਭਾਵ ਪਹਿਲੇ ਨਾਲੋਂ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ।ਜੇ ਫਿਰ ਵੀ ਮਨ ਚਾਹੀ ਮੰਜ਼ਿਲ ਨਹੀਂ ਮਿਲਦੀ, ਤਾਂ ਸਾਡਾ ਦਿਲ ਬਹੁਤ ਉਦਾਸ ਹੋ ਜਾਂਦਾ ਹੈ। ਸਾਡੇ ਦਿਮਾਗ ਵਿਚ ਨਕਾਰਾਤਮਕ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਅਸੀਂ ਫਿਰ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਨ ਕਿ ਅਸੀਂ ਇਹ ਮੰਜ਼ਿਲ ਕਦੇ ਵੀ ਸਰ ਨਹੀਂ ਕਰ ਸਕਦੇ। ਅਸੀਂ ਇਸ ਮੰਜ਼ਿਲ ਤੱਕ ਪਹੁੰਚਣ ਲਈ ਆਪਣਾ ਸਮਾਂ ਬਹੁਤ ਬਰਬਾਦ ਕੀਤਾ ਹੈ। ਫਿਰ ਵੀ ਰੱਬ ਨੇ ਸਾਨੂੰ ਫ਼ਲ ਨਹੀਂ ਦਿੱਤਾ ਹੈ। ਉਲਟੇ ਉਲਟੇ ਖਿਆਲ ਦਿਮਾਗ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ। ਅਸੀਂ ਫਿਰ ਮਿਹਨਤ ਕਰਨੀ ਛੱਡ ਦਿੰਦੇ ਹਾਂ। ਕਰਮ ਨਹੀਂ ਕਰਦੇ।
    ਕਈ ਦੋਸਤ ਸੱਜਣ-ਮਿੱਤਰ ਅਜਿਹੇ ਹੀ ਨਕਾਰਾਤਮਕ ਵਿਚਾਰਾਂ ਨਾਲ ਭਰੇ ਹੁੰਦੇ ਹਨ। ਉਹਨਾਂ ਦੀਆਂ ਅਜਿਹੀਆਂ ਭੈੜੀਆਂ ਗੱਲਾਂ ਸੁਣ ਕੇ ਸਾਡੇ ਅੰਦਰ ਵੀ ਫ਼ਿਰ ਨਕਾਰਾਤਮਕ ਵਿਚਾਰ ਪੈਦਾ ਹੋ ਜਾਂਦੇ ਹਨ। ਉਹ ਕਹਿਣਾ ਸ਼ੁਰੂ ਕਰ ਦਿੰਦੇ ਹਨ ਕਿ ਤੇਰੇ ਤੋਂ ਇਹ ਮੰਜ਼ਿਲ ਸਰ ਨਹੀਂ ਹੋਣੀ ਜਾਂ ਤੇਰੇ ਤੋਂ ਇਹ ਪ੍ਰੀਖਿਆ ਪਾਸ ਨਹੀਂ ਹੋਣੀ, ਤੇਰਾ ਸਟਾਇਮਨਾ ਬਹੁਤ ਘੱਟ ਹੈ । ਤੂੰ ਇਸ ਦੇ ਲਾਇਕ ਨਹੀਂ ਹੈ। ਫਿਰ ਅਜਿਹੇ ਵਿਚਾਰਾਂ ਨਾਲ ਅਸੀਂ ਮੰਜ਼ਿਲ ਨੂੰ ਕਿਵੇਂ ਸਰ ਕਰ ਪਾਵਾਂਗੇ। ਅਜਿਹੇ ਲੋਕ ਮੰਜ਼ਿਲ ਤੇ ਪੁੱਜਣ ਲਈ ਸੰਘਰਸ਼ ਨਹੀਂ ਕਰਦੇ ਤਾਂ ਹੋਰਾਂ ਨੂੰ ਵੀ ਰੋਕਦੇ  ਹਨ। ਕਹਿਣ ਦਾ ਭਾਵ ਹੈ ਕਿ ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਜੇ ਅਸੀਂ ਇਸ ਮੰਜ਼ਿਲ ਤੇ ਨਹੀਂ ਪੁੱਜੇ ਹਨ ਤਾਂ ਇਸ ਇਨਸਾਨ ਨੂੰ ਵੀ ਇਸ ਮੰਜ਼ਿਲ ਤੇ ਪੁੱਜਣ ਤੋਂ ਰੋਕਣਾ ਹੈ। ਇਸ ਨੂੰ ਵੀ ਨਕਾਰਾਤਮਕ ਵਿਚਾਰਾਂ ਨਾਲ ਭਰ ਦੇਣਾ  ਹੈ। ਅੱਜ ਦੇ ਸਮੇਂ ਵਿੱਚ ਕੋਈ ਵੀ ਇਨਸਾਨ ਚਾਹੇ ਉਹ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ, ਆਪਣੇ ਕਿਸੇ ਦੀ ਵੀ ਤਰੱਕੀ ਦੇਖ ਕੇ ਖੁਸ਼ ਨਹੀਂ ਹੁੰਦਾ। ਇੱਕ ਦੂਜੇ ਪ੍ਰਤੀ  ਈਰਖਾ ਬਹੁਤ ਹੈ। ਉਲਟਾ  ਇਨਸਾਨ  ਨੂੰ ਪ੍ਰੇਰਣਾ ਤਾਂ ਕਿ ਦੇਣੀ, ਅਜਿਹੀਆਂ ਗੱਲਾਂ ਕਰਕੇ ਉਸ ਇਨਸਾਨ ਨੂੰ ਵੀ ਮਿਹਨਤ ਦੀ ਪਟੜੀ ਤੋਂ  ਥੱਲੇ ਉਤਾਰ ਦਿੰਦੇ ਹਨ। ਅਜਿਹੇ ਦੋਸਤਾਂ ਮਿਤਰਾਂ ਕਰੀਬੀਆਂ, ਰਿਸ਼ਤੇਦਾਰਾਂ ਦੀ ਬਿਲਕੁਲ ਵੀ ਸੰਗਤ ਨਹੀਂ ਕਰਨੀ ਚਾਹੀਦੀ। ਦੋਸਤ ਇਕ ਹੋਵੇ, ਹੋਵੇ ਦਿਲੋਂ ਗ਼ਰੀਬ।  ਜੋ ਤੁਹਾਨੂੰ ਮੁਸੀਬਤਾਂ ਵਿੱਚ ਵੀ ਤੁਹਾਡਾ ਹੌਂਸਲਾ ਅਫਜਾਈ ਕਰੇ। ਤੁਹਾਨੂੰ ਵਧੀਆ ਵਧੀਆ ਮਾਹਿਰਾਂ ਬਾਰੇ ਸਲਾਹ ਦੇਵੇ।
    ਕਈ ਵਾਰ ਅਸੀਂ ਦੇਖਦੇ ਹੀ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਅਨੇਕਾਂ ਹੀ ਉਤਾਰ ਚੜਾਅ ਆਉਂਦੇ ਹਨ। ਅਸੀਂ ਅਜਿਹੀ ਸਥਿਤੀ ਵਿਚ ਕਈ ਵਾਰ ਡਾਵਾਂਡੋਲ ਵੀ ਹੋ ਜਾਂਦੇ ਹਾਂ। ਅਜਿਹੀ ਮੁਸੀਬਤ ਵਿੱਚ ਲੋਕ, ਕਰੀਬੀ ਸਾਥੀ ਸਾਨੂੰ ਕਈ ਤਰ੍ਹਾਂ ਦੀਆਂ ਸਾਲਾਹਾਂ ਸਾਨੂੰ ਦੇਣ ਲੱਗ ਜਾਂਦੇ ਹਨ। ਚੱਲ ਮੈਂ ਤੈਨੂੰ ਇੱਥੇ ਲੈ ਕੇ ਜਾਵਾ। ਜਾਂ ਤੈਨੂੰ ਮੈਂ ਉਸ ਪੰਡਿਤ ਕੋਲ ਲੈ ਕੇ ਜਾਵਾਂ।ਕਈ ਵਾਰ ਤਾਂ ਹਾਲਾਤ ਅਜਿਹੇ ਪੈਦਾ ਹੋ ਜਾਂਦੇ ਹਨ ਕਿ ਸਾਡਾ ਨਿਰੰਕਾਰ ਪ੍ਰਭੂ ਪ੍ਰਮਾਤਮਾ ਤੇ ਵਿਸ਼ਵਾਸ਼ ਵੀ ਨਹੀਂ ਟਿੱਕਦਾ। ਅਸੀ ਡਾਵਾਂਡੋਲ ਸਥਿਤੀ ਵਿਚ ਇੱਧਰ-ਉੱਧਰ ਭਟਕਣਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਤਾਂ ਅਸੀਂ ਤੰਤ੍ਰਿਕਾ ਦਾ ਵੀ ਸਹਾਰਾ ਲੈਣ ਲੱਗ ਜਾਂਦੇ ਹਾਂ ਤਾਂ ਜੋ ਅਸੀਂ ਮੁਸੀਬਤ ਵਿੱਚੋਂ ਨਿਕਲ ਜਾਈਏ। ਸਾਨੂੰ ਆਪਣਾ ਅੰਦਰਲਾ ਮਨ ਤਾਕਤਵਰ ਬਣਾਉਣਾ ਚਾਹੀਦਾ ਹੈ । ਨਿਰੰਕਾਰ ਪ੍ਰਭੂ ਪ੍ਰਮਾਤਮਾ ਤੇ ਦ੍ਰਿੜ, ਪੱਥਰਾਂ ਵਾਂਗੂੰ ਵਿਸ਼ਵਾਸ ਹੋਣਾ ਚਾਹੀਦਾ ਹੈ।ਜ਼ਿੰਦਗੀ ਇਕ ਸੰਘਰਸ਼ ਹੈ । ਸੁੱਖ-ਦੁੱਖ ਤਾਂ ਆਉਂਦੇ ਹੀ ਰਹਿੰਦੇ ਹਨ। ਆਪਣਾ ਵਿਸ਼ਵਾਸ਼ ਪਰਮਾਤਮਾ ਤੇ ਮਜ਼ਬੂਤ ਬਣਾਉਣਾ ਚਾਹੀਦਾ ਹੈ। ਜੇ ਸਾਡਾ ਅੰਦਰਲਾ ਮਨ ਮਜ਼ਬੂਤ ਹੋਵੇਗਾ ਤਾਂ ਅਸੀਂ ਵੱਡੀ ਤੋਂ ਵੱਡੀ ਮੁਸੀਬਤ  ਦਾ ਵੀ ਆਸਾਨੀ ਨਾਲ ਟਾਕਰਾ ਕਰ ਲਵਾਂਗੇ। ਹਮੇਸ਼ਾ ਕਰਮ ਕਰਦੇ ਰਹੋ ,ਫਲ ਦੀ ਇੱਛਾ ਨਾ ਕਰੋ। ਫੱਲ ਪਰਮਾਤਮਾ ਨੇ ਦੇਣਾ ਹੈ। ਜੇ ਸਫ਼ਲਤਾ ਨਹੀਂ ਮਿਲਦੀ ਹੈ ,ਤਾਂ ਦੁਬਾਰਾ ਮਿਹਨਤ ਕਰੋ। ਮੁਲਾਂਕਣ ਕਰੋ ਕਿ ਤੁਹਾਨੂੰ ਕਿਹੜੇ ਕਾਰਨਾਂ ਕਰਕੇ ਸਫਲਤਾ ਨਹੀਂ ਮਿਲੀ ਹੈ। ਆਪਣੇ ਆਪ ਨਾਲ ਪ੍ਰਸ਼ਨ ਕਰੋ। ਮਿਹਨਤ ਕਰਨ ਨਾਲ ਮੰਜਿਲ ਇੱਕ ਦਿਨ ਜਰੂਰ ਸਰ ਹੋਏਗੀ ।
ਮੁਕਾਬਲੇ ਦੀਆਂ ਪ੍ਰੀਖਿਆਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਫਲਤਾ ਇੱਕ ਵਾਰ ‘ਚ ਨਹੀਂ ਮਿਲਦੀ। ਬਾਰ ਬਾਰ ਮਿਹਨਤ ਕਰਨੀ ਪੈਂਦੀ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਕਈ ਚਰਨਾਂ ਵਿੱਚ ਹੁੰਦੀਆਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਕਈ ਵਾਰ ਜੋ ਲਾਸਟ ਇੰਟਰਵਿਊ ਰਾਉਂਡ ਹੁੰਦਾ ਹੈ ਉਸ ਵਿੱਚ ਵਿਦਿਆਰਥੀ ਰਹਿ ਜਾਂਦੇ ਹਨ। ਦਿਲ ਬਹੁਤ ਉਦਾਸ ਹੁੰਦਾ ਹੈ। ਵਿਦਿਆਰਥੀ ਫ਼ਿਰ ਮਿਹਨਤ ਕਰਦੇ ਹਨ। ਮੁਲਾਂਕਣ ਕਰਦੇ ਹਨ ਕਿ ਅਸੀਂ ਮੰਜ਼ਿਲ ਸਰ ਕਿਉਂ ਨਹੀਂ ਕੀਤੀ। ਫਿਰ ਵਧੀਆ ਯੋਜਨਾ ਬਣਾ ਕੇ ਮੁਕਾਬਲੇ ਦੀ ਪ੍ਰੀਖਿਆ ਪਾਸ ਕਰ ਲਈ ਜਾਂਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਕਈ ਵਾਰ ਜਿੰਦਰਾ ਆਖਰੀ ਚਾਬੀ ਨਾਲ ਹੀ ਖੁੱਲਦਾ ਹੈ। ਅਜਿਹਾ ਵੀ ਦੇਖਣ ਨੂੰ ਆਉਂਦਾ ਹੈ ਕਿ ਜਦੋਂ ਆਖਰੀ ਮੌਕਾ ਹੁੰਦਾ ਹੈ ਤਾਂ ਮੁਕਾਬਲੇ ਦੀ ਪ੍ਰੀਖਿਆ ਵਿੱਚ ਅਜਿਹੇ ਵਿਦਿਆਰਥੀ ਸਿਖਰਲੀ ਪੁਜੀਸ਼ਨਾਂ ਤੇ ਆ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਦਾ ਸੰਗ ਕਰਨਾ ਚਾਹੀਦਾ ਹੈ। ਉਹਨਾਂ ਦੇ ਇਤਿਹਾਸ ਬਾਰੇ ਜਾਨਣਾ ਚਾਹੀਦਾ ਹੈ। ਆਪਣੇ ਆਪ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅੰਦਰ ਤੋਂ ਹੀ ਊਰਜਾ ਪੈਦਾ  ਹੋਣੀ ਸ਼ੁਰੂ ਹੋ ਜਾਂਦੀ ਹੈ। ਚੰਗੀਆਂ ਚੰਗੀਆਂ ਕਿਤਾਬਾਂ ਜੋ ਸਾਨੂੰ ਜੀਵਨ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਹਨ ,ਪੜ੍ਹਨੀਆਂ ਚਾਹੀਦੀਆਂ ਹਨ। ਫਿਰ ਅਸੀਂ ਆਪਣਾ ਮੁਕਾਮ ਹਾਸਿਲ ਕਰ ਸਕਦੇ ਹਾਂ। ਨਿਰੰਕਾਰ ਪ੍ਰਭੂ ਪਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ। ਫਿਰ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਮੁਕਾਮ ਹਾਸਿਲ ਕਰ ਕੇ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਹਨ।
ਸੰਜੀਵ ਸਿੰਘ ਸੈਣੀ,
ਮੋਹਾਲੀ   7888966168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖ ਸਿਆਸਤ ਅਤੇ ਬਦਲਦੇ ਸਮੀਕਰਣ
Next articleਆਧੁਨਿਕ ਜਨੂੰਨ: ਨੌਜਵਾਨਾਂ ਵਿੱਚ ਸੋਸ਼ਲ ਮੀਡੀਆ ਤੇ ਪ੍ਰਸਿੱਧੀ ਦੀ ਹੋੜ