(ਸਮਾਜ ਵੀਕਲੀ)
ਜਿੰਦਗੀ ਵਿੱਚ ਕੁੱਝ ਵੀ ਸਥਿਰ ਨਹੀਂ ਹੈ l ਸਭ ਕੁੱਝ ਬਦਲਦਾ ਰਹਿੰਦਾ ਹੈ l ਕੋਈ ਵੀ ਜਾਣਕਾਰੀ ਆਖਰੀ ਸੱਚ ਨਹੀਂ ਹੁੰਦੀ l ਸਮਾਂ ਬੀਤਣ ਦੇ ਨਾਲ ਨਾਲ ਨਵੀਂ ਜਾਣਕਾਰੀ ਆ ਜਾਂਦੀ ਹੈ ਜਿਸ ਨਾਲ ਪੁਰਾਣੀ ਜਾਣਕਾਰੀ ਵਿੱਚ ਸੁਧਾਰ ਆ ਜਾਂਦਾ ਹੈ ਜਾਂ ਪੁਰਾਣੀ ਜਾਣਕਾਰੀ ਗਲਤ ਸਾਬਤ ਹੋ ਜਾਂਦੀ ਹੈ l
ਵਿਗਿਆਨਿਕ ਨਜ਼ਰੀਏ ਦੇ ਅਧਾਰ ਤੇ ਚੱਲਣ ਵਾਲੇ ਲੋਕ ਇਸ ਹੋਈ ਤਬਦੀਲੀ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਂਦੇ ਹਨ l ਉਹ ਪਹਿਲੀ ਜਾਣਕਾਰੀ ਦੇਣ ਵਾਲੇ ਦਾ ਵੀ ਸਤਿਕਾਰ ਕਰਦੇ ਹਨ ਅਤੇ ਨਵੀਂ ਜਾਣਕਾਰੀ ਦੇਣ ਵਾਲੇ ਦਾ ਜਾਂ ਪੁਰਾਣੀ ਜਾਣਕਾਰੀ ਨੂੰ ਠੀਕ ਕਰਨ ਵਾਲੇ ਦਾ ਵੀ ਸਤਿਕਾਰ ਕਰਦੇ ਹਨ l
ਇਸੇ ਤਰਾਂ ਆਮ ਬੱਚਾ ਜਦੋਂ ਵੱਡਾ ਹੋਈ ਜਾਂਦਾ ਹੈ ਉਹ ਕੁੱਝ ਨਵਾਂ ਪੜ੍ਹਦਾ ਹੈ, ਨਵਾਂ ਸਿੱਖਦਾ ਹੈ, ਨਵੇਂ ਲੋਕਾਂ ਨੂੰ ਮਿਲਦਾ ਹੈ, ਆਪਣੇ ਤਜਰਬੇ ਕਰਦਾ ਹੈ, ਉਸ ਨੂੰ ਵੱਖ ਵੱਖ ਤਜਰਬੇ ਵਾਲੇ ਲੋਕ ਮਿਲਦੇ ਹਨ, ਕਿੱਤਾ ਕਰਨ ਵਾਲੇ ਕਾਮੇ ਮਿਲਦੇ ਹਨ, ਵਿਆਹ ਕਰਵਾਉਂਦਾ ਹੈ, ਉਸ ਦੇ ਬੱਚੇ ਹੁੰਦੇ ਹਨ, ਕਈ ਕਾਮਯਾਬੀਆਂ ਹੁੰਦੀਆਂ ਹਨ ਅਤੇ ਕਈ ਵਾਰ ਫੇਲ੍ਹ ਹੋਈ ਜਾਂਦਾ ਹੈ l ਇਸ ਸਭ ਕੁੱਝ ਦਾ ਉਸ ਉੱਪਰ ਬਹੁਤ ਪ੍ਰਭਾਵ ਪੈਂਦਾ ਹੈ ਜਿਸ ਨਾਲ ਉਸ ਦੇ ਵਿਚਾਰ ਬਦਲਦੇ ਰਹਿੰਦੇ ਹਨ l ਜੋ ਉਹ 16 ਸਾਲ ਦੀ ਉਮਰ ਵਿੱਚ ਸੋਚਦਾ ਹੈ ਉਹ 30 ਸਾਲ ਦੀ ਉਮਰ ਵਿੱਚ ਉਸ ਤੋਂ ਵੱਖਰਾ ਸੋਚਦਾ ਹੈ ਤੇ ਹੋਰ ਵਧਦੀ ਉਮਰ ਨਾਲ ਉਸ ਦੇ ਵਿਚਾਰ ਫਿਰ ਬਦਲ ਜਾਂਦੇ ਹਨ l
ਇਸ ਦੇ ਉਲਟ ਧਾਰਮਿਕ ਜਾਣਕਾਰੀ ਨਹੀਂ ਬਦਲਦੀ l ਇਸ ਕਰਕੇ ਧਾਰਮਿਕ ਲੋਕ ਉਸੇ ਜਾਣਕਾਰੀ ਨੂੰ ਹਮੇਸ਼ਾਂ ਸੱਚ ਮੰਨਦੇ ਹਨ ਅਤੇ ਹਜ਼ਾਰਾਂ ਸਾਲਾਂ ਬਾਦ ਵੀ ਧਾਰਮਿਕ ਲੋਕ ਉਸੇ ਜਾਣਕਾਰੀ ਨੂੰ ਸੱਚ ਮੰਨਣਗੇ l ਉਸ ਵਿੱਚ ਬਦਲਾਓ ਕਰਨ ਦੀ ਕਿਸੇ ਨੂੰ ਇਜਾਜਤ ਨਹੀਂ ਹੁੰਦੀ l ਧਰਮ ਵਿਅਕਤੀ ਦੀ ਸੋਚ ਨੂੰ ਉੱਥੇ ਹੀ ਖੜ੍ਹੀ ਕਰਨ ਦੀ ਕੋਸ਼ਿਸ਼ ਕਰਦਾ ਹੈ l ਜਿਸ ਧਰਮ ਵਿੱਚ ਬੱਚਾ ਪੈਦਾ ਹੁੰਦਾ ਹੈ l ਪਰਿਵਾਰ ਦੇ ਕਹਿਣ ਅਤੇ ਸਿਖਾਉਣ ਕਾਰਨ ਉਸੇ ਨੂੰ ਮਹਾਨ ਮੰਨਣ ਲੱਗ ਪੈਂਦਾ ਹੈ ਕਿਉਂਕਿ ਪਰਿਵਾਰ ਵਲੋਂ ਉਸ ਨੂੰ ਇਹ ਹੀ ਸਿਖਾਇਆ ਜਾਂਦਾ ਹੈ l ਕਈ ਮੁਲਕਾਂ ਵਿੱਚ ਕਨੂੰਨ ਵੀ ਬਣਾਏ ਜਾਂਦੇ ਹਨ ਤਾਂ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ l ਭਾਵਨਾਵਾਂ ਤਾਂ ਗ਼ੈਰ ਧਾਰਮਿਕ ਲੋਕਾਂ ਦੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਆਮ ਤੌਰ ਤੇ ਪ੍ਰਵਾਹ ਨਹੀਂ ਕੀਤੀ ਜਾਂਦੀ l
ਧਾਰਮਿਕ ਮੁਲਕਾਂ ਦੇ ਕਾਫੀ ਲੋਕ ਆਰਥਿਕ ਪੱਖੋਂ ਕਮਜ਼ੋਰ ਰਹਿ ਜਾਂਦੇ ਹਨ ਕਿਉਂਕਿ ਉਹ ਆਰਥਿਕਤਾ ਸੁਧਾਰਨ ਬਾਰੇ ਘੱਟ ਪੜ੍ਹਦੇ ਹਨ ਪਰ ਧਰਮ ਬਾਰੇ ਜਿਆਦਾ ਪੜ੍ਹਦੇ ਹਨ l ਇਕੱਲਾ ਧਰਮ ਬਾਰੇ ਪੜ੍ਹਦੇ ਹੀ ਨਹੀਂ ਬਲਕਿ ਧਰਮ ਦੀ ਇੱਕੋ ਗੱਲ ਨੂੰ ਵਾਰ ਵਾਰ ਪੜ੍ਹਦੇ ਅਤੇ ਵਾਰ ਵਾਰ ਦੁਹਰਾਉਂਦੇ ਹਨ l ਉਨ੍ਹਾਂ ਵਿੱਚੋਂ ਜਿਆਦਾ ਲੋਕ ਆਪਣੇ ਹੀ ਧਰਮ ਬਾਰੇ ਪੜ੍ਹਦੇ ਹਨ ਪਰ ਦੂਜੇ ਦੇ ਧਰਮ ਬਾਰੇ ਨਹੀਂ l ਆਪਣੇ ਹੀ ਧਰਮ ਬਾਰੇ ਪੜ੍ਹਨ ਦੇ ਬਾਵਯੂਦ ਉਹ ਧਰਮ ਦਾ ਕਿਹਾ ਵੀ ਨਹੀਂ ਮੰਨਦੇ ਭਾਵ ਉਹ ਧਰਮ ਦੇ ਕਹੇ ਅਨੁਸਾਰ ਵੀ ਨਹੀਂ ਚੱਲਦੇ l ਕਿਸੇ ਪੜ੍ਹੀ ਲਿਖਤ ਨੂੰ ਜੇਕਰ ਆਪਣੀ ਜਿੰਦਗੀ ਵਿੱਚ ਨਾ ਅਪਣਾਇਆ (ਲਾਗੂ ਕੀਤਾ) ਜਾਵੇ ਤਾਂ ਉਸ ਦੇ ਪੜ੍ਹੇ ਹੋਣ ਦਾ ਕੋਈ ਲਾਭ ਨਹੀਂ ਹੁੰਦਾ ਭਾਵੇਂ ਉਸ ਨੂੰ ਜਿੰਨੀ ਵਾਰ ਮਰਜ਼ੀ ਪੜ੍ਹੋ l
ਇਨਸਾਨ ਨੂੰ ਸੰਸਾਰ ਦੇ ਹਾਣ ਦਾ ਹੋਣ ਲਈ ਹਮੇਸ਼ਾਂ ਨਵੀਆਂ ਖੋਜਾਂ ਕਰਨੀਆਂ ਚਾਹੀਦੀਆਂ ਹਨ, ਨਵੇਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ, ਵੱਖ ਵੱਖ ਕਿੱਤਿਆਂ ਵਿੱਚ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ ਅਤੇ ਕਦੇ ਵੀ ਕਿਸੇ ਗੱਲ ਨੂੰ ਆਖਰੀ ਸੱਚ ਨਹੀਂ ਮੰਨਣਾ ਚਾਹੀਦਾ l ਗੋਰਿਆਂ ਦੇ ਮੁਲਕਾਂ ਵਿੱਚ ਆ ਕੇ ਪਤਾ ਲਗਦਾ ਹੈ ਕਿ ਇਹ ਕਦੇ ਵੀ ਆਪਣੇ ਆਪ ਨੂੰ ਜਾਂ ਆਪਣੇ ਧਰਮ ਨੂੰ ਜਾਂ ਆਪਣੀ ਜਾਤ ਨੂੰ ਮਹਾਨ ਨਹੀਂ ਕਹਿੰਦੇ ਜਦ ਕਿ ਭਾਰਤ ਵਿੱਚ ਧਰਮਾਂ ਦਾ ਜ਼ੋਰ ਆਪਣੇ ਧਰਮ ਨੂੰ ਮਹਾਨ ਸਾਬਤ ਕਰਨ ਤੇ ਹੀ ਲੱਗਾ ਰਹਿੰਦਾ ਹੈ l ਮਹਾਨਤਾ ਨੂੰ ਕਦੇ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ l ਮਹਾਨਤਾ ਤਾਂ ਆਪਣੇ ਆਪ ਦਿਖਾਈ ਦੇਣ ਲੱਗ ਪੈਂਦੀ ਹੈ l
ਇਸ ਕਰਕੇ ਜਿਵੇਂ ਜਿਵੇਂ ਤੁਹਾਡੇ ਕੋਲ ਨਵਾਂ ਗਿਆਨ ਜਾਂ ਨਵੀਂ ਜਾਣਕਾਰੀ ਆਈ ਜਾਂਦੀ ਹੈ ਤਾਂ ਉਸ ਅਨੁਸਾਰ ਆਪਣੇ ਆਪ ਨੂੰ ਬਦਲਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਦੁਨੀਆਂ ਦੇ ਹਾਣਦੇ ਬਣ ਸਕੀਏ ਅਤੇ ਇਸ ਧਰਤੀ ਨੂੰ ਸਵਰਗ ਬਣਾ ਸਕੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly