44 ਸਾਲ ਲੰਮੇ ਚੱਲੇ ਬਿਜੌਲਿਆ ਦੇ ਇਤਿਹਾਸਕ ਕਿਸਾਨ ਅੰਦੋਲਨ ਤੋਂ ਸੇਧ ਲੈਣ ਦੀ ਲੋੜ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਮਨੁੱਖ ਸਦਾ ਆਪਣੀ ਸੱਭਿਆਚਾਰਕ ਵਿਰਾਸਤ ਤੋਂ ਸਿਖਦਾ ਰਿਹਾ ਹੈ ਅਤੇ ਆਪਣੇ ਨਿੱਜੀ ਤੇ ਸਮੂਹਿਕ ਤਜਰਬਿਆਂ ਨਾਲ਼ ਸੱਭਿਆਚਾਰਕ ਵਿਰਾਸਤ ਨੂੰ ਹੋਰ ਅਮੀਰ ਵੀ ਬਣਾਉਂਦਾ ਰਿਹਾ ਹੈ। ਮਨੁੱਖ ਆਪਣੇ ਰੋਸ਼ਨ ਭਵਿੱਖ ਦੀ ਚਾਹਨਾ ਹਿੱਤ, ਬਹੁਥੇਰੀ ਵਾਰ ਆਪਣੇ ਅਤੀਤ ਨੂੰ ਚਾਨਣ–ਮੁਨਾਰਾ ਬਣਾਇਆ ਹੈ। ਰਸੂਲ ਹਮਜ਼ਾਤੋਵ ਦੇ ਕਹਿਣ ਅਨੁਸਾਰ, ‘ਜੇ ਤੁਸੀਂ ਆਪਣੇ ਅਤੀਤ ‘ਤੇ ਗੋਲ਼ੀ ਚਲਾਓਗੇ ਤਾਂ ਤੁਹਾਡਾ ਭਵਿੱਖ ਤੁਹਾਨੂੰ ਤੋਪ ਨਾਲ਼ ਫੁੰਡੇਗਾ।’ ਅਤੀਤ ਵਿੱਚ ਕੀਤੀ ਘਾਲਣਾ, ਪ੍ਰਾਪਤ ਹੋਈਆਂ ਜਿੱਤਾਂ–ਹਾਰਾਂ, ਕੌੜੇ–ਮਿੱਠੇ ਤਜਰਬੇ, ਆਪਣੀਆਂ ਅਸਫ਼ਤਾਵਾਂ ਤੋਂ ਸਿੱਖਣ ਦੀ ਲਗਨ ਹੀ ਮਨੁੱਖ ਦੇ ਭਵਿੱਖ ਨੂੰ ਉਜਲਾ, ਬਿਹਤਰ ਤੇ ਕਲਿਆਣਮਈ ਬਣਾ ਸਕਦੀ ਹੈ। ਅਤੀਤ, ਭਵਿੱਖ ਦੀ ਪਿੱਠ ਹੁੰਦਾ ਹੈ।

ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ 3 ਖੇਤੀ ਬਿਲਾਂ ਦੇ ਵਿਰੋਧ ਵਿੱਚ, ਕਿਸਾਨ–ਮਜ਼ਦੂਰ ਅੰਦੋਲਨਕਾਰੀ (ਪ੍ਰਮੁੱਖਤ ਪੰਜਾਬ ਸੂਬੇ ਦੇ ਕਿਸਾਨ/ਮਜ਼ਦੂਰ) ਪਿਛਲੇ ਕਾਫ਼ੀ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਸਾਂਤਮਈ ਹਾਜ਼ਰੀ ਦਰਜ ਕਰਵਾ ਰਹੇ ਹਨ। ਬਹੁਤ ਹੀ ਘੱਟ ਸਮੇਂ ਵਿੱਚ ਇਸ ਕਿਸਾਨ–ਮਜ਼ਦੂਰ ਅੰਦੋਲਨ ਨੇ ਕਾਫ਼ੀ ਉਤਰਾਅ–ਚੜ੍ਹਾਅ ਵੇਖ ਲਏ ਹਨ। ਇਨ੍ਹਾਂ ਉਤਰਾਵਾਂ–ਚੜ੍ਹਾਵਾਂ ਨੇ ਖ਼ਾਸ ਤੌਰ ‘ਤੇ ਨੌਜਵਾਨਾਂ, ਕਾਹਲ਼ੇ ਸੁਭਾਅ ਦੇ ਪੰਜਾਬੀਆਂ, ਧਰਨੇ–ਹੜਤਾਲ਼ਾਂ–ਮੁਜ਼ਾਹਰਿਆਂ ਵਿੱਚ ਸ਼ਮੂਲੀਅਤ ਨਾ ਕਰਨ ਵਾਲ਼ੇ ਸਿਖਾਂਦਰੂ ਅੰਦੋਲਨਕਾਰੀਆਂ ਨੂੰ ਰਤਾ ਕੁ ਨਿਰਾਸ਼ ਤੇ ਹਤਾਸ਼ ਵੀ ਕੀਤਾ ਹੈ। ਨਿਰਾਸ਼ਾ ਤੇ ਹਤਾਸ਼ਾ ਦਾ ਪ੍ਰਮੁੱਖਤ ਕਾਰਨ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਉਨ੍ਹਾਂ ਇਹ ਨਹੀਂ ਸੀ ਸੋਚਿਆ ਕਿ ਇਹ ਸੰਘਰਸ਼ ਇੰਨੇ ਦਿਨਾਂ ਲਈ ਲੰਮਾ ਚਲਾ ਜਾਵੇਗਾ ਪਰ ਪਿਛਲੇ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ਦੇ ਅੰਦੋਲਨਾਂ ਵਿੱਚ ਸ਼ਮੂਲੀਅਤ ਕਰਨ ਵਾਲ਼ੇ ਸਾਰੇ ਅੰਦੋਲਨਕਾਰੀਆਂ ਲਈ ਇਹ ਸੰਘਰਸ਼ ਹੋਰਨਾਂ ਸੰਘਰਸ਼ਾਂ ਵਰਗਾ ਹੀ ਹੈ। ਇਸੇ ਲਈ ਤਜਰਬੇਕਾਰ ਅੰਦੋਲਨਕਾਰੀ ਬਹੁਤ ਸਹਿਜ–ਮਤੇ ਨਾਲ਼ ਚੱਲ ਰਹੇ ਹਨ।

ਬਿਨਾਂ ਕਿਸੇ ਉਕਸਾਹਟ, ਭੜਕਾਹਟ ਦੇ ਹੌਲ਼ੀ–ਹੌਲ਼ੀ ‘ਚੂੜੀ ਵੀ ਕਸਦੇ’ ਜਾ ਰਹੇ ਹਨ। ਦਿੱਲੀ ਦੇ ਬਾਰਡਰਾਂ ਉੱਤੇ ਖੇਤੀ ਬਿਲ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਵਿੱਚ ਭਾਗ ਲੈਣ ਵਾਲ਼ੇ ਅੰਦੋਲਨਕਾਰੀਆਂ ਨੂੰ ਰਾਜਸਥਾਨ ਦੇ ਕਿਸਾਨਾਂ ਵੱਲ੍ਹੋਂ ਹੁਣ ਤੱਕ ਵਿੱਢੇ ਗਏ ਇਤਿਹਾਸਕ ਕਿਸਾਨ ਅੰਦੋਲਨਾਂ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ ਹੈ, ਸਮਝਣਾ ਚਾਹੀਦਾ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਇਸ ਅੰਦੋਲਨ ਨੂੰ ਹੋਰ ਮਜ਼ਬੂਤੀ ਨਾਲ਼ ਅੱਗੇ ਵਧਾਉਣਾ ਚਾਹੀਦਾ ਹੈ। ਰਾਜਸਥਾਨ ਦੀ ਧਰਤੀ ਉੱਤੇ ਬਹੁਤ ਸਾਰੇ ਕਿਸਾਨ ਅੰਦੋਲਨ ਚਲਾਏ ਗਏ ਜਿਨ੍ਹਾਂ ਵਿੱਚੋਂ ਬਿਜੌਲਿਆ ਕਿਸਾਨ ਅੰਦੋਲਨ ਭੀਲਵਾੜਾ, ਬੇਂਗੂ ਕਿਸਾਨ ਅੰਦੋਲਨ, ਸ਼ੇਖਾਵਟੀ ਕਿਸਾਨ ਅੰਦੋਲਨ, ਬੂੰਦੀ ਕਿਸਾਨ ਅੰਦੋਲਨ, ਭਰਤਪੁਰ–ਅਲਵਰ ਕਿਸਾਨ ਅੰਦੋਲਨ, ਕਰੌਲੀ ਕਿਸਾਨ ਅੰਦੋਲਨ ਪ੍ਰਮੁੱਖ ਹਨ। ਇਸ ਤੋਂ ਇਲਾਵਾ ਉੱਥੋਂ ਦੇ ਖੇਤਰੀ ਆਦਿਵਾਸੀਆਂ ਨੇ ਵੀ ਕਾਫ਼ੀ ਵਿਦਰੋਹ ਕੀਤੇ ਜਿਨ੍ਹਾਂ ਵਿੱਚੋਂ ਮੇਰ, ਮੀਣਾ, ਭੀਲ ਜਨਜਾਤੀਆਂ ਵੱਲ੍ਹੋਂ ਕੀਤੇ ਗਏ ਵਿਦਰੋਹ ਪ੍ਰਮੁੱਖਤ ਹਨ।

ਦਿੱਲੀ ਬਾਰਡਰ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ–ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾਂ ਬਿਜੌਲਿਆ ਦੇ ਕਿਸਾਨ ਅੰਦੋਲਨ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਜਿਹੜਾ ਕਿ ਸੰਨ 1897 ਈ. ਤੋਂ ਲੈ ਕੇ ਸੰਨ 1941 ਈ. ਤੱਕ ਭਾਵ ਲਗਭਗ 44 ਸਾਲ ਲੰਮਾ ਚੱਲਿਆ ਸੀ। ਇਸ ਅੰਦੋਲਨ ਵਿੱਚ ਅਖ਼ੀਰੀ ਜਿੱਤ ਕਿਸਾਨਾਂ/ਜਨਤਾ ਦੀ ਹੀ ਹੋਈ। ਬਿਜੌਲਿਆ ਕਿਸਾਨ ਅੰਦੋਲਨ ਨੇ ਇੱਕ ਮਿਸਾਲ ਪੈਦਾ ਕੀਤੀ ਜਿਸ ਨੇ ਬਾਅਦ ਵਿੱਚ ਰਾਜਸਥਾਨ ਅਤੇ ਭਾਰਤ ਦੇ ਹੋਰਨਾਂ ਰਾਜਾਂ ਵਿੱਚ ਹੋਣ ਵਾਲ਼ੇ ਅੰਦੋਲਨਾਂ ਨੂੰ ਪ੍ਰਭਾਵਿਤ ਕੀਤਾ ਅਤੇ ਦਿਸ਼ਾ ਵੀ ਦਿਖਾਈ।

ਭਾਰਤ ਵਿੱਚ ਇੱਕ ਸੰਗਠਿਤ ਕਿਸਾਨ ਅੰਦੋਲਨ ਦੀ ਸ਼ੁਰੂਆਤ ਦਾ ਸਿਹਰਾ ਮੇਵਾੜ ਦੇ ਬਿਜੌਲਿਆ ਖੇਤਰ ਸਿਰ ਬੱਝਦਾ ਹੈ। ‘ਬਿਜੌਲਿਆ’, ਮੇਵਾੜ ਰਾਜ (ਰਾਜਸਥਾਨ) ਦਾ ਪ੍ਰਥਮ ਸ਼ਰੇਣੀ ਦਾ ਠਿਕਾਨਾ ਸੀ। ਇਸ ਠਿਕਾਨੇ ਦਾ ਸੰਸਥਾਪਕ ਅਸ਼ੋਕ ਪਰਮਾਰ ਸੀ, ਜਿਹੜਾ ਰਾਣਾ ਸਾਂਗਾ ਵੱਲੋਂ 1527 ਈ. ਵਿੱਚ ਖਾਨਵਾ ਦੇ ਯੁੱਧ ਵਿੱਚ ਲੜਿਆ ਸੀ ਅਤੇ ਜਿਸ ਦੇ ਏਵਜ ਵਜੋਂ ਰਾਣਾ ਸਾਂਗਾ ਨੇ ਉਸ ਨੂੰ ‘ਊਪਰਮਾਲ’ ਦੀ ਜਗੀਰ ਪ੍ਰਦਾਨ ਕੀਤੀ ਸੀ। ਬਿਜੌਲਿਆ ਇਸ ਉਕਤ ਜਗੀਰ ਦਾ ਸਦਰ ਮੁਕਾਮ ਸੀ। ਇਸ ਠਿਕਾਨੇ ਦਾ ਖੇਤਰਫਲ 100 ਵਰਗ ਮੀਲ ਸੀ ਜੋ 25 ਪਿੰਡਾਂ ਦੇ ਰੂਪ ਵਿੱਚ ਸੰਗਠਿਤ ਸੀ।

ਸੰਨ 1931 ਵਿੱਚ ਇੱਥੋਂ ਦੀ ਜਨਸੰਖਿਆ 15 ਹਜ਼ਾਰ ਦੇ ਕਰੀਬ ਸੀ, ਜਿਨ੍ਹਾਂ ਵਿੱਚੋਂ ਲਗਭਗ 10 ਹਜ਼ਾਰ ਕਿਸਾਨ ਸਨ ਅਤੇ ਉਨ੍ਹਾਂ ਕਿਸਾਨਾਂ ਵਿੱਚੋਂ ‘ਧਾਕੜ ਜਾਤੀ’ ਦੇ ਕਿਸਾਨਾਂ ਦੀ ਜਨਸੰਖਿਆ ਲਗਭਗ 6 ਹਜ਼ਾਰ ਦੇ ਕਰੀਬ ਸੀ। ਉਸ ਸਮੇਂ ਰਾਜਸਥਾਨ ਦੇ ਰਾਜੇ–ਮਹਾਰਾਜੇ; ਜਗੀਰਦਾਰ, ਠਾਕੁਰਾਂ ਆਦਿ ਰਾਹੀਂ ਰਾਜਸਥਾਨ ਤੋਂ ਬਹੁਤ ਤਰ੍ਹਾਂ ਦੇ ਲਗਾਨ ਵਸੂਲਦੇ ਸਨ ਅਤੇ ਇਨ੍ਹਾਂ ‘ਲਾਗ–ਬਾਗ਼ਾਂ’ ਦੀ ਕੋਈ ਨਿਸ਼ਚਿਤ ਸੰਖਿਆ ਨਹੀਂ ਸੀ। ਬਿਜੌਲਿਆ ਦੇ ‘ਰਾਵ ਸਵਾਈ ਕ੍ਰਿਸ਼ਣ ਸਿੰਘ’ ਦੇ ਸਮੇਂ ਬਿਜੌਲਿਆ ਦੀ ਜਨਤਾ ਤੋਂ 84 ਪ੍ਰਕਾਰ ਦੀਆਂ ਲਾਗਤਾਂ ਲਈਆਂ ਜਾਂਦੀਆਂ ਸਨ। ਭਾਰੀ ਲਗਾਨ ਅਤੇ ਅਨੇਕ ਲਾਗਤਾਂ ਤੋਂ ਇਲਾਵਾ ਓਥੋਂ ਦੀ ਜਨਤਾ ਕੋਲ਼ੋਂ ‘ਲਾਗ–ਬੇਗਾਰ’ ਵੀ ਲਈ ਜਾਂਦੀ ਸੀ। ਇੰਨੇ ਤਰ੍ਹਾਂ ਦੇ ਲਗਾਨ (ਲਾਗ–ਬਾਗ਼) ਦੇਣ ਕਾਰਨ ਬਿਜੌਲਿਆ ਦੀ ਜਨਤਾ ਠਿਕਾਨੇ ਦੇ ਅੱਤਿਆਚਾਰਾਂ ਨਾਲ਼ ਤਿਲਮਿਲਾ ਉੱਠੀ ਸੀ।

ਸੰਨ 1897 ਵਿੱਚ ‘ਗੰਗਾਰਾਮ ਧਾਕੜ’ ਦੇ ਮੌਤ–ਭੋਜ ਦੇ ਉੱਤੇ ਊਪਰਮਾਲ ਦੇ ਕਿਸਾਨ ‘ਗਿਰਧਾਰੀ ਪੁਰਾ’ ਨਾਮਕ ਪਿੰਡ ਵਿੱਚ ਇਕੱਠੇ ਹੋਏ। ਇਸ ਮੌਕੇ ਲਗਾਨਾਂ ਤੋਂ ਪੀੜਿਤ ਕਿਸਾਨਾਂ ਦੁਆਰਾ ਕੀਤਾ ਫ਼ੈਸਲਾ ਮੰਨ ਕੇ, ਨਾਨਜੀ ਪਟੇਲ ਅਤੇ ਠਾਕਰੀ ਪਟੇਲ ਠਿਕਾਨੇ ਦੇ ਜ਼ੁਲਮਾਂ ਵਿਰੁੱਧ, ਮਹਾਰਾਣਾ ਨੂੰ ਸ਼ਿਕਾਇਤ ਕਰਨ ਲਈ ਉਦੈਪੁਰ ਪਹੁੰਚ ਗਏ। ਮਹਾਰਾਣਾ ਨੇ ਲਗਭਗ 6 ਮਹੀਨੇ ਬਾਅਦ ਉਨ੍ਹਾਂ ਦੀ ਗੱਲ ਸੁਣੀ ਅਤੇ ਫਿਰ ਆਪਣੇ ਇੱਕ ਰੈਵੀਨਿਊ ਅਧਿਕਾਰੀ ਹਾਮਿਦ ਹੁਸੈਨ ਨੂੰ ਸ਼ਿਕਾਇਤਾਂ ਸੱਚਾਈ ਜਾਨਣ ਲਈ ਬਿਜੌਲਿਆ ਭੇਜਿਆ। ਅਧਿਕਾਰੀ ਹਾਮਿਦ ਨੇ ਆਪਣੀ ਰਿਪੋਰਟ ਵਿੱਚ ਕਿਸਾਨਾਂ ਦੀ ਸ਼ਿਕਾਇਤਾਂ ਨੂੰ ਠੀਕ ਤੇ ਜਾਇਜ਼ ਠਹਿਰਾਇਆ ਪਰ ਰਾਜ ਸਰਕਾਰ ਨੇ ਇਸ ਉੱਤੇ ਕੋਈ ਲੋੜੀਂਦੀ ਕਾਰਵਾਈ ਨਾ ਕੀਤੀ; ਜਿਸ ਵਜ੍ਹਾ ਰਾਵ ਕ੍ਰਿਸ਼ਣ ਸਿੰਘ ਨੂੰ ਸ਼ਹਿ ਮਿਲ ਗਈ। ਉਸਨੇ ਉਦੈਪੁਰ ਜਾ ਕੇ ਉਸ ਵਿਰੁੱਧ ਸ਼ਿਕਾਇਤ ਕਰਨ ਵਾਲ਼ੇ ਨਾਨਜੀ ਅਤੇ ਠਾਕਰੀ ਪਟੇਲ ਨੂੰ ਊਪਰਮਾਲ ਤੋਂ ਨਿਕਾਲ਼ਾ ਦੇ ਦਿੱਤਾ। ਕਿਸਾਨਾਂ ਦੁਆਰਾ ਲਗਾਨਾਂ ਤੋਂ ਮੁਕਤੀ ਦਾ ਇਹ ਪਹਿਲਾ ਯਤਨ ਅਸਫ਼ਲ ਰਿਹਾ।

ਸੰਨ 1903 ਵਿੱਚ ਰਾਵ ਕ੍ਰਿਸ਼ਣ ਸਿੰਘ ਨੇ ਊਪਰਮਾਲ ਦੀ ਜਨਤਾ ਉੱਤੇ ‘ਚੰਵਰੀ’ ਦੀ ਲਾਗਤ ਲਗਾ ਦਿੱਤੀ। ਇਸ ਲਾਗਤ ਦੇ ਅਨੁਸਾਰ ਪੱਟੇ ਦੇ ਹਰ ਵਿਅਕਤੀ ਨੂੰ ਆਪਣੀ ਲੜਕੀ ਦੀ ਸ਼ਾਦੀ ਮੌਕੇ 5 ਰੁਪਏ ‘ਚੰਵਰੀ–ਕਰ’ ਦੇ ਰੂਪ ਵਿੱਚ ਠਿਕਾਨੇ ਨੂੰ ਦੇਣੇ ਪੈਣੇ ਸਨ। ਇਸ ਦੇ ਵਿਰੋਧ ਵਜੋਂ ਕਿਸਾਨਾਂ ਨੇ ਆਪਣੀਆਂ ਬੇਟੀਆਂ ਦੇ ਵਿਆਹਾਂ ਉੱਤੇ ਹੀ ਪਾਬੰਦੀ ਲਗਾ ਦਿੱਤੀ ਪਰ ਕਿਸਾਨਾਂ ਦੇ ਇਸ ਵਿਰੋਧਮਈ ਪੈਂਤੜੇ ਦਾ ਰਾਵ ਉੱਤੇ ਕੋਈ ਅਸਰ ਨਾ ਹੋਇਆ। ਫੇਰ ਕਿਸਾਨਾਂ ਨੇ ਰਲ਼ ਕੇ ਨਿਰਣਾ ਕੀਤਾ ਕਿ ਜਦ ਤੱਕ ‘ਚੰਵਰੀ–ਕਰ’ ਦੀ ਲਾਗਤ ਖ਼ਤਮ ਨਹੀਂ ਕਰ ਦਿੱਤੀ ਜਾਂਦੀ ਅਤੇ ਹੋਰ ਵਾਧੂ ਲਗਾਨਾਂ ਵਿੱਚ ਕਟੌਤੀ ਨਹੀਂ ਕਰ ਦਿੱਤੀ ਜਾਂਦੀ, ਉਦੋਂ ਤੱਕ ਉਹ ਠਿਕਾਨੇ ਦੀ ਭੂਮੀ ਉੱਤੇ ਨਾ ਖੇਤੀ ਕਰਨਗੇ ਤੇ ਨਾ ਹੀ ਠਿਕਾਨੇ ਨੂੰ ਕੋਈ ਲਗਾਨ ਅਤੇ ਲਾਗ–ਬਾਗ਼ ਦੇਣਗੇ। ਕਿਸਾਨਾਂ ਦੇ ਇਸ ਵਿਰੋਧਮਈ ਪੈਂਤੜੇ ਨੇ ਆਪਣਾ ਰੰਗ ਵਿਖਾਇਆ। ਠਾਕੁਰ ਨੇ ਚੰਵਰੀ–ਕਰ ਦੀ ਲਾਗਤ ਅੱਧੀ ਕਰ ਦਿੱਤੀ ਅਤੇ ਲਗਾਨ, ਉਪਜ ਦੇ ਅੱਧੇ ਹਿੱਸੇ ਦੀ ਥਾਏਂ 2/5 ਹੀ ਲੈਣ ਦੀ ਘੋਸ਼ਣਾ ਕਰ ਦਿੱਤੀ। ਭਾਵੇਂ ਇਹ ਕੋਈ ਬਹੁਤ ਵੱਡਾ ਮਾਅਰਕਾ ਨਹੀਂ ਸੀ ਪਰ ਉਸ ਜ਼ਮਾਨੇ ਦੀਆਂ ਜਗੀਰੂ/ਸਾਮੰਤੀ/ਭੂਪਵਾਦੀ ਪ੍ਰਸਥਿਤੀਆਂ ਵਿੱਚ ਇਸ ਨੂੰ ਕਿਸਾਨਾਂ ਦੀ ਜਿੱਤ ਹੀ ਕਿਹਾ ਜਾਵੇਗਾ। ਇਸ ਸਫ਼ਲਤਾ ਨੇ ਕਿਸਾਨਾਂ ਦੇ ਅਹਿੰਸਾਤਮਕ ਅੰਦੋਲਨ ਦੀ ਆਧਾਰਸ਼ਿਲਾ ਰੱਖੀ।

ਸੰਨ 1906 ‘ਚ ਰਾਵ ਕ੍ਰਿਸ਼ਣ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਉਹਦੀ ਜਗ੍ਹਾ ‘ਪ੍ਰਿਥਵੀ ਸਿੰਘ’ ਨੇ ਬਿਜੌਲਿਆ ਦਾ ਸਵਾਮੀ ਬਣਨਾ ਸੀ। ਮੇਵਾੜ ਰਾਜ ਦੇ ਨਿਅਮਾਂ ਅਨੁਸਾਰ ‘ਪ੍ਰਿਥਵੀ ਸਿੰਘ ਨੂੰ ਬਿਜੌਲਿਆ ਦਾ ਉੱਤਰਾਧਿਕਾਰੀ ਤਾਂ ਹੀ ਸਵੀਕਾਰ ਕੀਤਾ ਜਾ ਸਕਦਾ ਸੀ ਜੇ ਉਹ ‘ਤਲਵਾਰ ਬੰਧਾਈ’ ਦੇ ਰੂਪ ਵਿੱਚ ਮਹਾਰਾਣਾ ਨੂੰ ਇੱਕ ਵੱਡੀ ਧਨਰਾਸ਼ੀ ਦਿੰਦਾ।’ ਪ੍ਰਿਥਵੀ ਸਿੰਘ ਨੇ ‘ਤਲਵਾਰ ਬੰਧਾਈ’ ਵਾਲ਼ੀ ਧਨਰਾਸ਼ੀ ਦਾ ਭਾਰ ਵੀ ਜਨਤਾ ਉੱਤੇ ਪਾਉਂਦਿਆਂ ਇੱਕ ਪਾਸੇ ਲਗਾਨ ਵਿੱਚ ਵਾਧਾ ਕਰ ਦਿੱਤਾ ਤੇ ਦੂਜੇ ਪਾਸੇ ‘ਤਲਵਾਰ ਬੰਦੀ’ ਦੀ ਲਾਗਤ ਲਗਾ ਦਿੱਤੀ। ਕਿਸਾਨਾਂ ਨੇ ਸਾਧੂ ਸੀਤਾਰਾਮਦਾਸ, ਫ਼ਤਹਿਕਰਣ ਚਾਰਣ ਅਤੇ ਬ੍ਰਹਮਦੇਵ ਦੀ ਅਗਵਾਈ ਵਿੱਚ ਪ੍ਰਿਥਵੀ ਸਿੰਘ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਸੰਨ 1913 ਵਿੱਚ ਠਿਕਾਨੇ ਨੂੰ ਭੂਮੀ–ਕਰ ਨਹੀਂ ਦਿੱਤਾ। ਗੁੱਸੇ ਵਿੱਚ ਆਏ ਠਾਕੁਰ ਨੇ ਕਈ ਕਿਸਾਨ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਸੇ ਦੌਰਾਨ 1914 ਈ. ਵਿੱਚ ਪ੍ਰਿਥਵੀ ਸਿੰਘ ਦੀ ਮੌਤ ਹੋ ਗਈ; ਉਹਦਾ ਪੁੱਤਰ ਕੇਸਰ ਸਿੰਘ ਨਾਬਾਲਿਗ ਸੀ ਸੋ ਇਸ ਕਰਕੇ ਸਰਕਾਰ ਨੇ ਠਿਕਾਨੇ ਉੱਤੇ ‘ਮੁਰਸਮਾਤ’ (Court of Wards) ਕਾਇਮ ਕਰ ਦਿੱਤੀ ਗਈ। ਰਾਜ ਸਰਕਾਰ ਵੱਲ੍ਹੋਂ ‘ਅਮਰ ਸਿੰਘ ਰਾਣਾਵਤ’ ਨੂੰ ਬਿਜੌਲਿਆ ਠਿਕਾਨੇ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ।

ਬਿਜੌਲਿਆ ਦੇ ਕਿਸਾਨ–ਅੰਦੋਲਨ ਦੇ ਥੰਮ੍ਹ ਰਹੇ ਕ੍ਰਾਂਤੀਕਾਰੀ ‘ਸ਼੍ਰੀ ਵਿਜੈ ਸਿੰਘ ਪਥਿਕ’ ਨੇ ਇਸ ਅੰਦੋਲਨ ਵਿੱਚ ਸੰਨ 1916 ਵਿੱਚ ਪ੍ਰਵੇਸ਼ ਕੀਤਾ। ਸ਼੍ਰੀ ਪਥਿਕ ਨੇ ਚਿਤੌੜ ਪਹੁੰਚ ਕੇ ਹਰਿਭਾਈ ਕਿੰਕਰ ਦੁਆਰਾ ਸੰਚਾਲਿਤ ‘ਵਿੱਦਿਆ–ਪ੍ਰਚਾਰਣੀ ਸਭਾ’ ਨਾਲ਼ ਨਾਤਾ ਜੋੜ ਲਿਆ। ਇਸੇ ਸੰਸਥਾ ਦੀ ਇੱਕ ਸ਼ਾਖਾ ਸਾਧੂ ਸੀਤਾਰਾਮਦਾਸ ਨੇ ਬਿਜੌਲਿਆ ਵਿੱਚ ਵੀ ਸਥਾਪਿਤ ਕੀਤੀ ਸੀ। ਸਾਧੂ ਸੀਤਾਰਾਮਦਾਸ ‘ਵਿੱਦਿਆ–ਪ੍ਰਚਾਰਣੀ ਸਭਾ’ ਦੇ ਸਾਲਾਨਾ ਜਲਸੇ ਵਿੱਚ ਭਾਗ ਲੈਣ ਲਈ ਚਿਤੌੜ ਆਏ ਸਨ ਅਤੇ ਇੱਥੇ ਆ ਕੇ ਉਨ੍ਹਾਂ ਨੇ ਸ਼੍ਰੀ ਪਥਿਕ ਦੀ ਸ਼ਖ਼ਸੀਅਤ ਦਾ ਪ੍ਰਭਾਵ ਕਬੂਲਦਿਆਂ ਉਨ੍ਹਾਂ ਨੂੰ ਬਿਜੌਲਿਆ ਕਿਸਾਨ ਅੰਦੋਲਨ ਦਾ ਸੰਚਾਲਨ ਕਰਨ ਦੀ ਬੇਨਤੀ ਕੀਤੀ। ਬੇਨਤੀ ਨੂੰ ਸਵੀਕਾਰਦਿਆਂ ਸ਼੍ਰੀ ਪਥਿਕ ਤੁਰਤ ਹੀ ਬਿਜੌਲਿਆ ਚਲੇ ਗਏ ਅਤੇ ਉਨ੍ਹਾਂ ਨੇ ਬਿਜੌਲਿਆ ਨੂੰ ਹੀ ਆਪਣੀ ਕਰਮ–ਭੂਮੀ ਬਣਾ ਲਿਆ।

ਇੱਥੇ ਹੀ ਮਾਣਿਕਯਲਾਲ ਵਰਮਾ, ਸ਼੍ਰੀ ਪਥਿਕ ਦੇ ਸੰਪਰਕ ਵਿੱਚ ਆਏ। ਸ਼੍ਰੀ ਪਥਿਕ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਨੇ ਠਿਕਾਨੇ ਦੀ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਤੇ ਵਿੱਦਿਆ–ਪ੍ਰਚਾਰਣੀ ਸਭਾ ਦੇ ਮੰਤਰੀ ਬਣ ਗਏ। ਸੰਨ 1917 ਈ. ਵਿੱਚ ਸ਼੍ਰੀ ਪਥਿਕ ਨੇ ਬਾਰੀਸਲ ਪਿੰਡ ਵਿੱਚ ‘ਊਪਰਮਾਲ ਪੰਚ ਬੋਰਡ’ (ਕਿਸਾਨ ਪੰਚਾਇਤ ਬੋਰਡ) ਨਾਮਕ ਇੱਕ ਸੰਗਠਨ ਕਾਇਮ ਕਰ ਕੇ ਕ੍ਰਾਂਤੀ ਦਾ ਬਿਗੁਲ ਵਜਾ ਦਿੱਤਾ। ‘ਸ਼੍ਰੀ ਮੰਨਾ ਪਟੇਲ’ ਇਸ ਪੰਚਾਇਤ ਦੇ ਸਰਪੰਚ ਬਣੇ। ਤਿਲਕ ਨੇ ਆਪਣੇ ਅੰਗਰੇਜ਼ੀ ਪੱਤਰ ‘ਮਰਾਠਾ’ ਵਿੱਚ ਬਿਜੌਲਿਆ ਦੇ ਕਿਸਾਨਾਂ ਦੀ ਵੀਰਤਾ ਅਤੇ ਸੰਗਠਨ ਦੀ ਦ੍ਰਿੜਤਾ ਤੋਂ ਪ੍ਰਭਾਵਿਤ ਹੋ ਕੇ ਨਾ ਕੇਵਲ ਇੱਕ ਸੰਪਾਦਕੀ ਲੇਖ ਲਿਖਿਆ ਬਲਕਿ ਕਿਸਾਨਾਂ ਦੇ ਹੱਕ ਵਿੱਚ ਮੇਵਾੜ ਦੇ ਮਹਾਰਾਣਾ ਫ਼ਤਹਿ ਸਿੰਘ ਨੂੰ ਇੱਕ ਪੱਤਰ ਵੀ ਲਿਖਿਆ।

ਇਸ ਵੇਲ਼ੇ ਬਿਜੌਲਿਆ ਦੇ ਕਿਸਾਨ ਰੂਸ ਦੀ ਅਕਤੂਬਰ–1917 ਦੀ ਕਰਾਂਤੀ ਤੋਂ ਵੀ ਪ੍ਰਭਾਵਿਤ ਸਨ ਕਿਉਂਕਿ ਸ਼੍ਰੀ ਪਥਿਕ, ਮਾਣਿਕਯਲਾਲ ਵਰਮਾ, ਸਾਧੂ ਸੀਤਾਰਾਮ ਦਾਸ, ਭੰਵਰ ਲਾਲ ਸੁਨਾਰ, ਪ੍ਰੇਮਚੰਦ ਭੀਲ ਆਦਿ ਨੇਤਾ, ਰੂਸ ਵਿੱਚ ਕਿਸਾਨ ਤੇ ਮਜ਼ਦੂਰ ਸੱਤਾ ਦੀ ਸਥਾਪਨਾ ਦਾ ਸਮਾਚਾਰ ਬਿਜੌਲਿਆ ਦੇ ਕਿਸਾਨਾਂ ਵਿੱਚ ਪ੍ਰਸਾਰਿਤ ਕਰ ਰਹੇ ਸਨ। ਬਿਜੌਲਿਆ ਦੇ ਲੋਕ ਇੱਕ–ਦੂਜੇ ਨੂੰ ਸਾਥੀ (ਕਾਮਰੇਡ) ਕਹਿ ਕੇ ਸੰਬੋਧਨ ਕਰਨ ਲੱਗ ਪਏ ਸਨ। ਬ੍ਰਿਟਿਸ਼ ਸਰਕਾਰ ਬਿਜੌਲਿਆ ਕਿਸਾਨ ਪੰਚਾਇਤਾਂ ਨੂੰ ਬੋਲਸ਼ੇਵਿਕ ਰੂਸ ਦੇ ਕਮਿਊਨਾਂ ਦਾ ਹੀ ਪ੍ਰਤੀਰੂਪ ਮੰਨਦੀ ਸੀ ਅਤੇ ਇਸੇ ਲਈ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਪ੍ਰਮੁੱਖ ਲੀਡਰ ਸ਼੍ਰੀ ਪਥਿਕ ਨੂੰ ‘ਬੋਲਸ਼ੇਵਿਕ’ (ਵਿਪਲਵਵਾਦੀ) ਕਿਹਾ। ਉਹ ਇਸ ਅੰਦੋਲਨ ਦੀ ਸ਼ਕਤੀ ਨੂੰ ਕੁਚਲਣ ਦੇ ਪੱਖ ਵਿੱਚ ਸਨ। ਬ੍ਰਿਟਿਸ਼ ਸਰਕਾਰ ਦੇ ਗੁਪਤਚਰ ਸ਼੍ਰੀ ਪਥਿਕ ਦੀ ਸਾਰੀਆਂ ਗਤੀਵਿਧੀਆਂ ਦੀ ਰਿਪੋਰਟ ਭੇਜ ਰਹੇ ਸਨ। ਅੰਗਰੇਜ਼ੀ ਸਰਕਾਰ ਦੇ ਇਸ਼ਾਰੇ ਉੱਤੇ ਰਾਜ ਸਰਕਾਰ ਨੇ ਸ਼੍ਰੀ ਪਥਿਕ ਦੀ ਗ੍ਰਿਫ਼ਤਤਾਰੀ ਲਈ ਵਾਰੰਟ ਜਾਰੀ ਕਰ ਦਿੱਤਾ। ਇਸ ਦੀ ਅਗਾਊਂ ਸੂਚਨਾ ਸ਼੍ਰੀ ਪਥਿਕ ਨੂੰ ਮਿਲ ਗਈ ਸੀ ਸੋ ਉਹ ਬਿਜੌਲਿਆ ਛੱਡ ਕੇ ਰੂਪੋਸ਼ ਹੋ ਕੇ ਊਮਾ ਜੀ ਦੇ ਖੇੜੇ ਵਿੱਚ ਇੱਕ ਖੰਡਰ ਮਕਾਨ ਵਿੱਚ ਰਹਿਣ ਲੱਗ ਪਏ। ਫੇਰ ਊਮਾ ਜੀ ਦਾ ਖੇੜਾ ਕਿਸਾਨ ਕਰਾਂਤੀ ਦਾ ਮੁੱਖ ਕੇਂਦਰ ਬਣ ਗਿਆ।

ਸ਼੍ਰੀ ਪਥਿਕ ਜੀ ਰੂਪੋਸ਼ ਹੁੰਦੇ ਹੋਏ ਵੀ ਪਿੰਡ–ਪਿੰਡ ਤੁਰ–ਫਿਰ ਕੇ ਕਿਸਾਨਾਂ ਦੇ ਸੰਗਠਨਾਂ ਨੂੰ ਮਜ਼ਬੂਤ ਕਰਨ ਲਈ ਕਾਰਜਸ਼ੀਲ ਰਹੇ। ਉਨ੍ਹਾਂ ਦਿਨਾਂ ਵਿੱਚ ਕਿਸਾਨਾਂ ਤੋਂ ਪਹਿਲੇ ਵਿਸ਼ਵ ਯੁੱਧ ਲਈ ਜਬਰਨ ਧਨਰਾਸ਼ੀ ਵਸੂਲੀ ਜਾ ਰਹੀ ਸੀ; ਸ਼੍ਰੀ ਪਥਿਕ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਗੋਬਿੰਦ ਨਿਵਾਸ ਪਿੰਡ ਦੇ ਨਰਾਇਣ ਜੀ ਪਟੇਲ ਨੇ ਠਿਕਾਨੇ ਵਿੱਚ ਬੇਗਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਵਜ੍ਹਾ ਠਿਕਾਨੇ ਦੇ ਕਰਮਚਾਰੀਆਂ ਨੇ ਉਸਨੂੰ ਫੜ ਕੇ ਕੈਦ ਕਰ ਲਿਆ। ਕਿਸਾਨ ਪੰਚਾਇਤ ਦੇ ਆਦੇਸ਼ ਅਨੁਸਾਰ ਕਿਸਾਨਾਂ ਦੇ ਜਥੇ ਬਿਜੌਲਿਆ ਪਹੁੰਚਣ ਲੱਗੇ। ਉਨ੍ਹਾਂ ਦਾ ਨਾਹਰਾ ਸੀ ਕਿ ‘ਇਨ੍ਹਾਂ ਨੂੰ ਛੱਡੋ, ਨਹੀਂ ਤਾਂ ਸਾਨੂੰ ਵੀ ਜੇਲ੍ਹ ‘ਚ ਡੱਕੋ।’ ਲਗਭਗ 2000 ਕਿਸਾਨ ਜਦ ਠਿਕਾਨੇ ਦੇ ਦਫ਼ਤਰ ਦੇ ਬਾਹਰ ਜਾ ਖਲੋਤੇ ਤਾਂ ਇਹ ਵੇਖ ਠਿਕਾਨੇ ਦੇ ਪ੍ਰਸ਼ਾਸਕ ਬੁਰੀ ਤਰ੍ਹਾਂ ਡਰ ਗਏ। ਉਨ੍ਹਾਂ ਨੇ ਨਰਾਇਣਜੀ ਪਟੇਲ ਨੂੰ ਜੇਲ੍ਹ ਤੋਂ ਮੁਕਤ ਕਰ ਦਿੱਤਾ।

ਇਸ ਜਿੱਤ ਨੇ ਜਨਤਾ ਵਿੱਚ ਹੋਰ ਜ਼ੋਸ਼ ਭਰ ਦਿੱਤਾ। ਸਾਰੇ ਊਪਰਮਾਲ ਖੇਤਰ ਵਿੱਚ ਸਤਿਆਗ੍ਰਹਿ ਸਬੰਧੀ ਗੀਤ ਗੂੰਜਣ ਲੱਗ ਪਏ। ਇੱਕ ਪਾਸੇ ਵਰਮਾ ਜੀ ਦੁਆਰਾ ਰਚਿਤ ‘ਪੰਛੀੜਾ’ ਗਾਇਆ ਜਾਣ ਲੱਗਾ, ਦੂਜੇ ਪਾਸੇ ਪ੍ਰਗਿਆਚਕਸ਼ੂ ਭੰਵਰਲਾਲ ਸਵਰਣਕਾਰ ਵੀ ਆਪਣੀਆਂ ਕਵਿਤਾਵਾਂ ਰਾਹੀਂ ਪਿੰਡ–ਪਿੰਡ ਅਲਖ ਜਗਾ ਰਹੇ ਸਨ। ਸ਼੍ਰੀ ਪਥਿਕ ਨੇ ਵੀ ਬਿਜੌਲਿਆ ਦੇ ਨੇੜਲੇ ਇਲਾਕੇ ਦੇ ਨੌਜਵਾਨਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਜਾਗ੍ਰਿਤ ਕਰਨ ਦੇ ਉਦੇਸ਼ ਨਾਲ਼ ਇਸ ਸਮੇਂ ‘ਊਪਰਮਾਲ ਕਾ ਡੰਕਾ’ ਨਾਮਕ ਪੰਚਾਇਤ ਦਾ ਇੱਕ ਪੱਤਰ ਵੀ ਕੱਢਿਆ। ਸ਼੍ਰੀ ਪਥਿਕ ਨੇ ਕਾਨਪੁਰ ਤੋਂ ਨਿਕਲਣ ਵਾਲ਼ੇ ‘ਪ੍ਰਤਾਪ’ ਦੇ ਸੰਪਾਦਕ ਸ਼੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਨੂੰ ਬਿਜੌਲਿਆ ਦੇ ਕਿਸਾਨ ਅੰਦੋਲਨ ਤੋਂ ਜਾਣੂੰ ਕਰਵਾਇਆ। ਵਿਦਿਆਰਥੀ ਨੇ ਬਿਜੌਲਿਆ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕਰਾਂਤੀਕਾਰੀ ਲੇਖਾਂ ਦੀ ਇੱਕ ਲੜੀ ਪ੍ਰਕਾਸ਼ਿਤ ਕੀਤੀ। ਇਸੇ ਤਰ੍ਹਾਂ ਮੁਨਸ਼ੀ ਪ੍ਰੇਮਚੰਦ ਦੇ ਨਾਵਲ ‘ਰੰਗਭੂਮੀ’ ਵਿੱਚ ਮੇਵਾੜ ਦੇ ਜਨ–ਅੰਦੋਲਨ ਦਾ ਜੋ ਚਿੱਤਰਣ ਕੀਤਾ ਗਿਆ ਹੈ, ਉਹ ਬਿਜੌਲਿਆ ਕਿਸਾਨ ਅੰਦੋਲਨ ਦਾ ਹੀ ਪ੍ਰਤੀਬਿੰਬ ਹੈ।

ਸ਼੍ਰੀ ਪਥਿਕ ਸੰਨ 1918 ਵਿੱਚ, ਵਰਮਾ ਜੀ ਅਤੇ ਸਾਧੂ ਜੀ ਹੋਰ ਪ੍ਰਤੀਨਿਧੀਆਂ ਸਮੇਤ ਕਾਂਗਰਸ ਦੇ ਅਧਿਵੇਸ਼ਨ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਗਏ। ਇਸੇ ਕਾਰਨ ਉਨ੍ਹਾਂ ਦੇ ਮੁੜਦਿਆਂ ਹੀ ਠਿਕਾਨੇ ਦਾ ‘ਦਮਨ ਚੱਕਰ’ ਸ਼ੁਰੂ ਹੋ ਗਿਆ ਪਰ ਸਭ ਨੇ ਇਸ ਦਾ ਡਟ ਕੇ ਮੁਕਾਬਲਾ ਕੀਤਾ। ਸੰਨ 1919 ਵਿੱਚ ਸ਼੍ਰੀ ਪਥਿਕ ਦੇ ਯਤਨਾਂ ਸਦਕਾ ਬਾਲ ਗੰਗਾਧਰ ਤਿਲਕ ਨੇ ਅੰਮ੍ਰਿਤਸਰ ਕਾਂਗਰਸ ਵਿੱਚ ਬਿਜੌਲਿਆ ਸਬੰਧੀ ਪ੍ਰਸਤਾਵ ਰੱਖਿਆ, ਇਸ ਦੇ ਨਾਲ਼ ਹੀ ਸ਼੍ਰੀ ਪਥਿਕ ਨੇ ਸਮ੍ਰਿਤੀ ਪੱਤਰਾਂ ਦੁਆਰਾ ਭਾਰਤ ਸਰਕਾਰ ਅਤੇ ਮੇਵਾੜ ਸਰਕਾਰ ਨੂੰ ਠਿਕਾਨੇ ਦੇ ਅੱਤਿਆਚਾਰਾਂ ਤੋਂ ਜਾਣੂੰ ਕਰਵਾਇਆ। ਇਨ੍ਹਾਂ ਯਤਨਾਂ ਸਦਕਾ ਉਦੈਪੁਰ ਰਾਜ ਸਰਕਾਰ ਨੇ ਅਪ੍ਰੈਲ 1919 ਈ. ਵਿੱਚ ਬਿਜੌਲਿਆ ਕਿਸਾਨ ਅੰਦੋਲਨਕਾਰੀਆਂ ਦੀ ਸ਼ਿਕਾਇਤਾਂ ਦੀ ਸੁਣਵਾਈ ਕਰਨ ਲਈ ਇੱਕ ਆਯੋਗ ਗਠਿਤ ਕਰ ਕੇ ਬਿਜੌਲਿਆ ਵੱਲ੍ਹ ਭੇਜਿਆ।

ਇਸ ਆਯੋਗ ਵਿੱਚ ਠਾਕੁਰ ਅਮਰ ਸਿੰਘ (ਮੁੰਸਰਿਮ ਬਿਜੌਲਿਆ), ਅਫ਼ਜਲ ਅਲੀ (ਨਿਆਇਧੀਸ਼) ਅਤੇ ਬਿੰਦੂਲਾਲ ਭੱਟਾਚਾਰਯ (ਮਾਂਡਲਗੜ੍ਹ ਦਾ ਹਾਕਿਮ) ਮੈਂਬਰ ਸਨ। ਆਯੋਗ ਨੇ ਸਿਫ਼ਾਰਿਸ਼ ਕੀਤੀ ਕਿ ‘ਕਿਸਾਨਾਂ ਦੇ ਆਗੂਆਂ ਅਤੇ ਵਰਕਰਾਂ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਵੇ। ਗ਼ੈਰ–ਜ਼ਰੂਰੀ/ਬੇਲੋੜੀਆਂ ਲਾਗਤਾਂ ਖ਼ਤਮ ਕਰ ਦਿੱਤੀਆਂ ਜਾਣ ਤੇ ਬੇਗਾਰ ਪ੍ਰਥਾ ਬੰਦ ਕਰ ਦਿੱਤੀ ਜਾਵੇ।’ ਮੇਵਾੜ ਸਰਕਾਰ ਨੇ ਆਯੋਗ ਦੀਆਂ ਸਿਫ਼ਾਰਸ਼ਾਂ ਨੂੰ ਮੰਨਣ ਹਿੱਤ ਕੋਈ ਕਦਮ ਨਾ ਚੁੱਕਿਆ। ਆਯੋਗ ਨੂੰ ਸੱਚੋ–ਸੱਚ ਦੱਸਣ ਤੋਂ ਗੁੱਸਾ ਹੋਏ ਠਿਕਾਨੇ ਨੇ 200 ਪ੍ਰਮੁੱਖ ਕਿਸਾਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਸੇ ਸਬੰਧ ਵਿੱਚ ਮਦਨ ਮੋਹਨ ਮਾਲਵੀਯ ਜੀ ਵੀ ਮਹਾਰਾਣਾ ਨੂੰ ਮਿਲੇ, ਪਰ ਉਨ੍ਹਾਂ ਨੂੰ ਕੋਈ ਸਫ਼ਲਤਾ ਨਾ ਮਿਲੀ।

ਸੰਨ 1919 ਈ. ਵਿੱਚ ਸ਼੍ਰੀ ਪਥਿਕ ਕਿਸਾਨ ਸੰਘਰਸ਼ ਦੇ ਮਸਲੇ ਨੂੰ ਸੁਲਝਾਉਣ ਹਿੱਤ ਮਹਾਤਮਾ ਗਾਂਧੀ ਨੂੰ ਮਿਲਣ ਲਈ ਬੰਬਈ ਗਏ। ਮਹਾਤਮਾ ਗਾਂਧੀ ਨੇ ਆਪਣੇ ਸਚਿਵ ਮਹਾਦੇਵ ਦੇਸਾਈ ਨੂੰ ਸ਼੍ਰੀ ਪਥਿਕ ਨਾਲ਼ ਬਿਜੌਲਿਆ ਭੇਜਿਆ। ਉਸ ਉਪਰਾਂਤ ਮਹਾਤਮਾ ਗਾਂਧੀ ਨੇ ਕਿਸਾਨਾਂ ਦੀ ਸ਼ਿਕਾਇਤਾਂ ਦੂਰ ਕਰਨ ਲਈ ਮਹਾਰਾਣਾ ਫ਼ਤਹਿ ਸਿੰਘ ਨੂੰ ਇੱਕ ਪੱਤਰ ਲਿਖਿਆ ਪਰ ਇਸ ਦਾ ਵੀ ਕੋਈ ਅਸਰ ਨਾ ਹੋਇਆ।
‘ਰਾਜਪੂਤਾਨਾ ਮੱਧ ਭਾਰਤ ਸਭਾ’ ਦੇ ਅਧਿਵੇਸ਼ਨ ਵਿੱਚ ਸ਼੍ਰੀ ਪਥਿਕ ਨੇ ਬਿਜੌਲਿਆ ਦਾ ਪ੍ਰਸ਼ਨ ਉਠਾਇਆ। ਸਭਾ ਨੇ ਭਵਾਨੀ ਦਿਆਲ ਨੂੰ ਅਧਿਅਕਸ਼ ਬਣਾ ਕੇ ਆਯੋਗ ਨਿਯੁਕਤ ਕੀਤਾ ਅਤੇ ਬਿਜੌਲਿਆ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਤਕਲੀਫ਼ਾਂ ਦੀ ਜਾਂਚ ਦਾ ਕਾਰਜ–ਭਾਰ ਇਸ ਨੂੰ ਸੌਂਪਿਆ।

ਮਹਾਰਾਣਾ ਨਹੀਂ ਸਨ ਚਾਹੁੰਦੇ ਕਿ ਕੋਈ ਬਾਹਰ ਦੀ ਏਜੰਸੀ ਬਿਜੌਲਿਆ ਦੇ ਮਾਮਲੇ ਵਿੱਚ ਦਖ਼ਲ ਦੇਵੇ। ਇਸ ਲਈ ਮਹਾਰਾਣਾ ਨੇ ਘੋਖਣਾ ਕਰ ਦਿੱਤੀ ਕਿ ‘ਉਹ ਖ਼ੁਦ ਇੱਕ ਕਮਿਸ਼ਨ ਦੀ ਨਿਯੁਕਤੀ ਕਰ ਰਹੇ ਹਨ।’ ਸੋ ਮਹਾਰਾਣਾ ਨੇ ਭਵਾਨੀ ਦਿਆਲ ਵਾਲ਼ੇ ਆਯੋਗ ਨੂੰ ਹਟਾ ਕੇ ਤੁਰੰਤ ਹੀ ਇੱਕ ਜਾਂਚ ਆਯੋਗ ਗਠਿਤ ਕਰ ਦਿੱਤਾ ਜਿਸ ਵਿੱਚ ਠਾਕੁਰ ਰਾਜ ਸਿੰਘ (ਬੇਦਲਾ), ਰਾਮਾਕਾਂਤ ਮਾਲਵੀਯ (ਪ੍ਰਧਾਨ ਮਹੰਦ੍ਰਾਜ ਸਭਾ) ਅਤੇ ਤਖਤ ਸਿੰਘ ਮਹਿਤਾ ਨੂੰ ਮੈਂਬਰ ਬਣਾਇਆ ਗਿਆ। ਇਹ ਆਯੋਗ ਬਿਜੌਲਿਆ ਨਹੀਂ ਗਿਆ। ਮਾਣਿਕਯਲਾਲ ਵਰਮਾ ਦੀ ਅਗਵਾਈ ਵਿੱਚ 15 ਮੈਂਬਰਾਂ ਦਾ ਇੱਕ ਪ੍ਰਤੀਨਿਧ ਮੰਡਲ ਉਦੈਪੁਰ ਪਹੁੰਚਿਆ ਤੇ ਉਨ੍ਹਾਂ ਨੇ ਕਿਸਾਨਾਂ ਦੀਆਂ ਔਖਿਆਈਆਂ ਅਤੇ ਉਨ੍ਹਾਂ ਉੱਤੇ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਵਿਸਤ੍ਰਿਤ ਵਰਨਣ ਆਯੋਗ ਦੇ ਮੈਂਬਰਾਂ ਦੇ ਸਨਮੁਖ ਪੇਸ਼ ਕੀਤਾ। ਜਾਂਚ ਆਯੋਗ ਨੇ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਸਹੀ ਮੰਨਿਆ ਤੇ ਰਾਜ ਸਰਕਾਰ ਨੂੰ ਸਿਫ਼ਾਰਸ਼ ਕੀਤੀ ਕਿ ‘ਕਿਸਾਨਾਂ ਤੋਂ ਗ਼ੈਰ–ਕਾਨੂੰਨੀ ਰੂਪ ਵਿੱਚ ਲਈਆਂ ਜਾ ਰਹੀਆਂ ਲਾਗਤਾਂ ਤੇ ਬੇਗਾਰਾਂ ਤੁਰੰਤ ਬੰਦ ਕਰਵਾਈਆਂ ਜਾਣ।’

ਹਾਲਾਂਕਿ ਇਸ ਆਯੋਗ ਦਾ ਗਠਨ ਮਹਾਰਾਣਾ ਨੇ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਮਹਾਰਾਣਾ ਨੇ ਆਯੋਗ ਦੀਆਂ ਸਿਫ਼ਾਰਸ਼ਾਂ ਵੱਲ੍ਹ ਕੋਈ ਧਿਆਨ ਨਾ ਦਿੱਤਾ। ਫੇਰ ਅੰਦੋਲਨਕਾਰੀਆਂ ਨੇ ਧੀਰਜ ਦਾ ਪੱਲਾ ਨਹੀਂ ਛੱਡਿਆ। ਸੰਨ 1920 ਈ. ਵਿੱਚ ਸ਼੍ਰੀ ਪਥਿਕ ਨੇ ਆਪਣੇ ਸਾਥੀਆਂ ਸਮੇਤ ਨਾਗਪੁਰ ਅਧਿਵੇਸ਼ਨ ਵਿੱਚ ਸ਼ਾਮਿਲ  ਹੋ ਕੇ ਬਿਜੌਲਿਆ ਦੇ ਕਿਸਾਨਾਂ ਦੀ ਦੁਰਦਸ਼ਾ ਅਤੇ ਦੇਸੀ ਰਾਜਿਆਂ ਦੀ ਨਿਰੰਕੁਸ਼ਤਾ ਨੂੰ ਦਰਸਾਉਂਦੀ ਹੋਈ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਇਸ ਸਮੱਸਿਆ ਦਾ ਕੋਈ ਹੱਲ ਨਾ ਨਿਕਲਦਾ ਵੇਖ ਕੇ ਗਾਂਧੀ ਜੀ ਨੇ ਅਹਿਮਦਾਬਾਦ ਅਧਿਵੇਸ਼ਨ ਵਿੱਚ ਬਿਜੌਲਿਆ ਦੇ ਕਿਸਾਨਾਂ ਨੂੰ ਹਿਜਰਤ (ਸਥਾਨ ਨੂੰ ਛੱਡ ਕੇ ਚਲੇ ਜਾਣਾ) ਕਰਨ ਦੀ ਸਲਾਹ ਦਿੱਤੀ ਪਰ ਸ਼੍ਰੀ ਪਥਿਕ ਨੇ ਇਸ ਸਲਾਹ ਨੂੰ ਅਪਣਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ‘ਮਰਦ ਇੰਝ ਮੈਦਾਨ ਵਿੱਚੋਂ ਪਿੱਠ ਦਿਖਾ ਕੇ ਨਹੀਂ ਭੱਜਦੇ ਹੁੰਦੇ।’

8 ਅਕਤੂਬਰ 1921 ਨੂੰ ਬਿਨਾਂ ਕੂੰਤਾ ਕਰ ਦਿੱਤਿਆਂ ਕਿਸਾਨਾਂ ਨੇ ਫਸਲ ਦੀ ਵਾਢੀ ਕਰ ਲਈ। ਹੁਣ ਬਿਜੌਲਿਆ ਦੇ ਇਸ ਅੰਦਲੋਨ ਦਾ ਅਸਰ ਮੇਵਾੜ ਖੇਤਰ ਦੇ ਹੋਰ ਕਿਸਾਨਾਂ ਅਤੇ ਸਰਹੱਦੀ ਰਾਜਾਂ ਉੱਤੇ ਵੀ ਪੈਣ ਲੱਗਾ। ਇਸ ਤੋਂ ਬ੍ਰਿਟਿਸ਼  ਸਰਕਾਰ ਨੂੰ ਖ਼ਤਰਾ ਹੋ ਗਿਆ ਕਿ ਲੰਮੇ ਸਮੇਂ ਤੋਂ ਅਹਿੰਸਕ ਚਲਿਆ ਆ ਰਿਹਾ ਇਹ ਅੰਦੋਲਨ ਕਿਤੇ ਵਿਦਰੋਹ ਦਾ ਰੂਪ ਨਾ ਧਾਰਨ ਕਰ ਜਾਵੇ। ਇਸ ਲਈ ਬ੍ਰਿਟਿਸ਼ ਸਰਕਾਰ ਨੇ ਇੱਕ ‘ਉੱਚ ਪੱਧਰੀ ਕਮੇਟੀ’ ਦਾ ਗਠਨ ਕੀਤਾ ਜਿਹਦੇ ਵਿੱਚ ਏ.ਜੀ.ਜੀ. ਰਾਬਰਟ ਹਾਲੈਂਡ, ਉਸਦਾ ਸਚਿਵ ਆਗਲਵੀ, ਮੇਵਾੜ ਦੇ ਬ੍ਰਿਟਿਸ਼ ਰੈਜ਼ੀਡੈਂਟ ਵਿਲੀਕਸਨ, ਮੇਵਾੜ ਰਾਜ ਦੇ ਦੀਵਾਨ ਪ੍ਰਭਾਸ਼ਚੰਦਰ ਚੈਟਰਜੀ ਅਤੇ ਰਾਜ ਦੇ ਸਾਇਰ ਹਾਕਿਮ ਬਿਹਾਰੀ ਲਾਲ ਨੂੰ ਰੱਖਿਆ। 4 ਫ਼ਰਵਰੀ 1922 ਈ. ਨੂੰ ਇਹ ਕਮੇਟੀ  ਬਿਜੌਲਿਆ ਪਹੁੰਚੀ।

ਕਿਸਾਨ ਪੰਚਾਇਤ ਬੋਰਡ ਵੱਲ੍ਹੋਂ ਸਰਪੰਚ ਮੋਤੀਚੰਦ, ਮੰਤਰੀ ਨਰਾਇਣ ਪਟੇਲ, ਰਾਜਸਥਾਨ ਸੇਵਾ ਸੰਘ ਦੇ ਸਚਿਵ ਰਾਮਨਰਾਇਣ ਚੌਧਰੀ ਅਤੇ ਅੰਦਲੋਨ ਦੇ ਪ੍ਰਮੁੱਖ ਨੇਤਾ ਮਾਣਿਕਯਲਾਲ ਨੇ ਅਗਵਾਈ ਕੀਤੀ। ਏ.ਜੀ.ਜੀ. ਰਾਬਰਟ ਹਾਲੈਂਡ ਦੇ ਯਤਨਾਂ ਸਦਕਾ ਠਿਕਾਨੇ ਅਤੇ ਕਿਸਾਨਾਂ ਦੇ ਵਿੱਚ ਇੱਕ ਸਮਝੌਤਾ ਹੋਇਆ। ਲਗਭਗ 35 ਲਾਗਤਾਂ ਮਾਫ਼ ਕਰ ਦਿੱਤੀਆਂ ਗਈਆਂ। ਠਿਕਾਨੇ ਦੇ ਜ਼ੁਲਮੀ ਕਰਮਚਾਰੀ ਹਟਾ ਦਿੱਤੇ ਗਏ, ਕਿਸਾਨਾਂ ‘ਤੇ ਚੱਲ ਰਹੇ ਮੁੱਕਦਮੇ ਵਾਪਸ ਲੈ ਲਏ ਗਏ। ਜਿਹੜੇ ਕਿਸਾਨਾਂ ਦੀ ਜ਼ਮੀਨ ਦੂਸਰਿਆਂ ਦੇ ਕਬਜੇ ਅਧੀਨ ਸੀ, ਉਹ ਉਨ੍ਹਾਂ ਨੂੰ ਮੁੜ ਵਾਪਸ ਕਰ ਦਿੱਤੀ ਗਈ। ਇਸ ਸਮਝੌਤੇ ਨਾਲ਼ ਜਾਪਣ ਲੱਗ ਪਿਆ ਸੀ ਕਿ ਸਭ ਕੁਝ ਠੀਕ–ਠਾਕ ਹੋ ਗਿਆ ਹੈ ਪਰ ਠਿਕਾਨੇ ਦੀ ਬਦਨਿਅਤੀ ਅਤੇ ਅਹੰਕਾਰ ਕਾਰਨ ਇਹ ‘ਹਾਲੈਂਡ ਸਮਝੌਤਾ’ ਵੀ ਬਹੁਤਾ ਸਮਾਂ ਨਾ ਟਿਕ ਸਕਿਆ।

ਸੰਨ 1923 ਵਿੱਚ ਬਿਜੌਲਿਆ ਦੇ ਰਾਵ ਦਾ ਵਿਆਹ ਹੋਇਆ। ਇਸ ਵਿਆਹ ਵਿੱਚ ਠਿਕਾਨਾ ਕਿਸਾਨਾਂ ਤੋਂ ਬੇਗਾਰ ਲੈਣਾ ਚਾਹੁੰਦਾ ਸੀ, ਇਸ ਵਜ੍ਹਾ ਕਿਸਾਨਾਂ ਅਤੇ ਠਿਕਾਨੇ ਵਿੱਚ ਫੇਰ ਤਣ ਗਈ। ਸੰਨ 1926 ਈ. ਵਿਚ ਠਿਕਾਨਿਆਂ ਵਿੱਚ ਬੰਦੋਬਸਤ ਹੋਇਆ, ਉਹਦੇ ਵਿੱਚ ਲਗਾਨ ਦੀਆਂ ਦਰਾਂ ਬਹੁਤ ਉੱਚੀਆਂ ਨਿਯਤ ਕੀਤੀਆਂ ਗਈਆਂ ਜਿਸ ਕਰਕੇ ਬਿਜੌਲਿਆ ਕਿਸਾਨ ਅੰਦੋਲਨ ਮੁੜ ਜੀਵੰਤ ਹੋ ਗਿਆ। ਜਨਵਰੀ 1927 ਵਿੱਚ ਮੇਵਾੜ ਦੇ ‘ਬੰਦੋਬਸਤ ਅਧਿਕਾਰੀ ਮਿਸਟਰ ਟ੍ਰੇਂਚ’ ਬਿਜੌਲਿਆ ਆਏ। ਟ੍ਰੇਂਚ ਨੇ ਕਿਸੇ ਤਰ੍ਹਾਂ ਪੰਚਾਇਤ ਅਤੇ ਠਿਕਾਨੇ ਵਿੱਚ ਸਮਝੌਤਾ ਤਾਂ ਕਰਵਾ ਦਿੱਤਾ ਪਰ ਇਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਮਾਰਚ 1927 ਵਿੱਚ ਅੰਦੋਲਨ ਦੇ ਪ੍ਰਮੁੱਖ ਨੇਤਾ ਵਰਮਾ ਜੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਨਵੇਂ ਬੰਦੋਬਸਤ ਵਿੱਚ ਨਿਰਧਾਰਤ ਲਗਾਨ ਦੀਆਂ ਉੱਚੀਆਂ ਦਰਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਮਈ 1927 ਵਿੱਚ ਆਪਣੀਆਂ–ਆਪਣੀਆਂ ਜ਼ਮੀਨਾਂ ਤੋਂ ਅਸਤੀਫ਼ੇ ਦੇ ਦਿੱਤੇ। ਠਿਕਾਨਿਆਂ ਨੇ ਇਨ੍ਹਾਂ ਜ਼ਮੀਨਾਂ ਨੂੰ ਤੁਰੰਤ ਨੀਲਾਮੀ ਲਈ ਲਗਾ ਦਿੱਤਾ ਅਤੇ ਜਲਦ ਹੀ ਇਨ੍ਹਾਂ ਜ਼ਮੀਨਾਂ ਨੂੰ ਨਵੇਂ ਖ਼ਰੀਦਾਦਾਰਾਂ ਨੇ ਖ਼ਰੀਦ ਲਿਆ। ਕਿਸਾਨ ਇਸ ਪੈਂਤੜੇ ‘ਤੇ ਮਾਤ ਖਾ ਗਏ।

ਇਸ ਸਮੇਂ ਸ਼੍ਰੀ ਪਥਿਕ, ਵਰਮਾ ਜੀ ਅਤੇ ਰਾਮਾਨਰਾਇਣ ਚੌਧਰੀ ਦੇ ਵਿਚਕਾਰ ਗਹਿਰਾ ਮਤਭੇਦ ਹੋ ਗਿਆ ਸੀ। ਪਰਿਣਾਮ ਇਹ ਹੋਇਆ ਕਿ ‘ਰਾਜਸਥਾਨ ਸੇਵਾ ਸੰਘ’ ਦੀ ਇਕਜੁੱਟਤਾ ਭੰਗ ਹੋ ਗਈ, ਇਹ ਲੀਡਰ ਕਿਸਾਨ ਅੰਦੋਲਨ ਤੋਂ ਨਾਤਾ ਤੋੜ ਗਏ। ਹੁਣ ਫੇਰ ਜਮਨਾਲਾਲ ਬਜਾਜ ਇਸ ਅੰਦੋਲਨ ਦਾ ਸੰਚਾਲਨ ਆਪਣੇ ਹੱਥਾਂ ਵਿੱਚ ਲੈ ਲਿਆ। ਅੰਦੋਲਨ ਵਿੱਚ ਨਵੀਂ ਸ਼ਕਤੀ ਫੂਕਣ ਲਈ ਸੰਨ 1931 ਈ. ਨੂੰ 4000 ਕਿਸਾਨਾਂ ਨੇ ਆਪਣੀਆਂ ਅਸਤੀਫ਼ਾਸ਼ੁਦਾ ਜ਼ਮੀਨਾਂ (ਜਿਹੜੀ ਕਿ ਹੁਣ ਹੋਰਾਂ ਦੀ ਮਲਕੀਅਤ ਸੀ) ਉੱਤੇ ਹਲ਼ ਚਲਾਉਣਾ ਸ਼ੁਰੂ ਕਰ ਦਿੱਤਾ। ਅੰਦੋਲਨਕਾਰੀ ਦੇ ਇਸ ਕਦਮ ਕਰਕੇ ਠਿਕਾਨੇ ਦੇ ਕਰਮਚਾਰੀ, ਸੈਨਾ, ਪੁਲਿਸ ਅਤੇ ਜ਼ਮੀਨਾਂ ਦੇ ਨਵੇਂ ਮਾਲਿਕ (ਜਿਨ੍ਹਾਂ ਨੇ ਜ਼ਮੀਨਾਂ ਖ਼ਰੀਦੀਆਂ ਸਨ) ਆਦਿ ਸਭ ਨੇ ਰਲ਼ ਕੇ ਕਿਸਾਨਾਂ ਉੱਤੇ ਸਰੀਰਕ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ। ਕਿਸਾਨਾਂ ਨੇ ਸ਼ਾਂਤੀ ਨਾਲ਼ ਇਸ ਤਸ਼ੱਦਦ ਨੂੰ ਸਹਿਣ ਕੀਤਾ। ਰਾਜ ਵਿੱਚ ਕਿਸਾਨਾਂ ਦੇ ਅਹਿੰਸਕ ਅਤੇ ਸ਼ਾਂਤਮਈ ਸੱਤਿਆਗ੍ਰਹਿ ਦਾ ਮੁਕਾਬਲਾ ਕਰਨ ਲਈ ਬਿਜੌਲਿਆ ਵਿੱਚ ਸੈਨਾ ਅਤੇ ਪੁਲਿਸ ਨਿਯੁਕਤ ਕਰ ਦਿੱਤੀ ਗਈ ਜਿਨ੍ਹਾਂ ਨੇ ਕਿਸਾਨਾਂ ਉੱਤੇ ਬਹੁਤ ਜ਼ੁਲਮ ਢਾਹੇ। ਇਸ ਕਦਮ ਤੋਂ ਬਾਅਦ ਬਿਜੌਲਿਆ ਦੇ ਇਸ ਕਿਸਾਨ ਅੰਦੋਲਨ ਦੀ ਖ਼ਬਰ ਅੱਗ ਵਾਂਗ ਸਾਰੇ ਦੇਸ਼ ਵਿੱਚ ਫ਼ੈਲ ਗਈ।

ਜਦੋਂ ਹੋਰ ਰਾਜਾਂ ਤੋਂ ਵੀ ਕਿਸਾਨ ਇਸ ਅੰਦੋਲਨ ਦੇ ਹੱਕ ਵਿੱਚ ਪਹੁੰਚਣ ਲੱਗੇ ਤਾਂ ਸਰਕਾਰ ਨੇ ਸਮਝੌਤਾਵਾਦੀ ਰਵਈਆਂ ਇਖ਼ਤਿਆਰ ਕਰ ਲਿਆ। ਸੇਠ ਜਮਨਾਲਾਲ ਜੁਲਾਈ 1931 ਨੂੰ ਉਦੈਪੁਰ ਪਹੁੰਚੇ ਅਤੇ ਮਹਾਰਾਣਾ ਤੇ ਸਰ ਸੁਖਦੇਵ ਪ੍ਰਸਾਦ ਨੂੰ ਮਿਲੇ। ਇਸ ਮੁਲਾਕਾਤ ਦੇ ਫਲਸਵਰੂਪ ਇੱਕ ਸਮਝੌਤਾ ਹੋਇਆ ਜਿਸ ਦੇ ਅਨੁਸਾਰ ਸਰਕਾਰ ਨੇ ਭਰੋਸਾ ਦਿੱਤਾ ਕਿ ‘ਮਾਲ ਦੀ ਜ਼ਮੀਨ ਹੌਲ਼ੀ–ਹੌਲ਼ੀ ਪੁਰਾਣੇ ‘ਬਾਪੀਦਾਰਾਂ’ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ, ਜਿਹੜੇ ਸਤਿਆਗ੍ਰਹਿ ਕਰਨ ਵਾਲ਼ੇ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ ਅਤੇ 1922 ਵਿੱਚ ਹੋਏ ‘ਹਾਲੈਂਡ ਸਮਝੌਤੇ’ ਦਾ ਪਾਲਣ ਕੀਤਾ ਜਾਵੇਗਾ।’ ਸਰਕਾਰ ਦੇ ਦਿੱਤੇ ਭਰੋਸੇ ਅਤੇ ਕੀਤੇ ਵਾਅਦੇ ਨੂੰ ਪੂਰਾ ਹੁੰਦਿਆਂ ਕਾਫ਼ੀ ਸਮਾਂ ਲੱਗ ਗਿਆ। ਡੇਢ ਸਾਲ ਬਾਅਦ ਨਵੰਬਰ 1933 ਵਿੱਚ ਮੇਵਾੜ ਸਰਕਾਰ ਨੇ ਅੰਦੋਲਨਕਾਰੀ ਨੇਤਾ ਵਰਮਾ ਜੀ ਨੂੰ ਰਿਹਾ ਕਰ ਦਿੱਤਾ ਪਰ ਨਾਲ਼ ਹੀ ਉਨ੍ਹਾਂ ਨੂੰ ਮੇਵਾੜ ਖੇਤਰ ਵਿੱਚੋਂ ‘ਨਿਕਾਲ਼ਾ’ ਦੇ ਦਿੱਤਾ ਗਿਆ।
ਬਿਜੌਲਿਆ ਅੰਦੋਲਨ ਦੀ ਅਸਲ ਜਿੱਤ 44 ਸਾਲ (1897 ਤੋਂ 1941 ਤੱਕ) ਬਾਅਦ ਸੰਨ 1941 ਵਿੱਚ ਹੋਈ, ਜਦ ਮੇਵਾੜ ਵਿੱਚ ਸਰ ਟੀ. ਵਿਜਯ ਰਾਘਵਾਚਾਰਯ ਪ੍ਰਧਾਨ ਮੰਤਰੀ ਬਣੇ। ਉਸ ਸਮੇਂ ਮੇਵਾੜ ਪਰਜਾਮੰਡਲ ਤੋਂ ਪਾਬੰਦੀ ਉਠਾਈ ਜਾ ਚੁੱਕੀ ਸੀ ਅਤੇ ਵਰਮਾ ਜੀ ਆਦਿ ਪਰਜਾਮੰਡਲ ਦੇ ਨੇਤਾਵਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਰਾਘਵਾਚਾਰਯ ਦੇ ਆਦੇਸ਼ ਨਾਲ਼ ਤਤਕਾਲੀਨ ਰਾਜਸਵਮੰਤਰੀ ਡਾ. ਮੋਹਨ ਸਿੰਘ ਮਹਿਤਾ ਬਿਜੌਲਿਆ ਗਏ ਅਤੇ ਵਰਮਾ ਜੀ ਸਮੇਤ ਹੋਰ ਕਿਸਾਨਾਂ ਨੇਤਾਵਾਂ ਨਾਲ਼ ਮਿਲ ਕੇ, ਗੱਲਬਾਤ ਕਰ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ। ਕਿਸਾਨਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਜ਼ਮੀਨਾਂ ਵਾਪਸ ਮਿਲ ਗਈਆਂ। ਦੇਸ਼ ਦੇ ਇਤਿਹਾਸ ਵਿੱਚ ਇਹ ਆਪਣੇ ਢੰਗ ਦਾ ਅਨੋਖਾ ਅੰਦੋਲਨ ਸੀ ਜਿਹੜਾ ਇੰਨਾ ਲੰਮਾ ਸਮਾਂ ਚੱਲਿਆ ਅਤੇ ਇਹ ਅੰਦੋਲਨ ਦਾ ਅਸਰ ਰਾਜਸਥਾਨ ਦੇ ਗੁਆਂਢੀ ਰਾਜਾਂ ਉੱਤੇ ਵੀ ਦਿਖਾਈ ਦਿੱਤਾ। ਇਸ ਕਿਸਾਨ ਅੰਦੋਲਨ ਨੇ ਇਹ ਸਿੱਧ ਕਰ ਦਿੱਤਾ ਕਿ ਅਹਿੰਸਾਤਮਕ ਤਰੀਕੇ ਨਾਲ਼ ਵੀ ਸ਼ੋਸ਼ਣ ਤੇ ਜ਼ੁਲਮਾਂ ਦੇ ਵਿਰੁੱਧ ਸਫ਼ਲ ਸੰਘਰਸ਼ ਕੀਤਾ ਜਾ ਸਕਦਾ ਹੈ।

ਮੌਜੂਦਾ ਸਮੇਂ ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ–ਮਜ਼ਦੂਰ ਅੰਦੋਲਨ ਨੂੰ ਅਜਿਹੇ ਅੰਦੋਲਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਠਰ੍ਹੰਮੇ ਨਾਲ਼ ਹੌਲ਼ੀ–ਹੌਲ਼ੀ ਕਦਮ ਵਧਾਉਂਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਇਸ ਕਿਸਾਨ–ਮਜ਼ਦੂਰ ਅੰਦੋਲਨ ਵਿੱਚ ਸਭ ਧਿਰਾਂ (ਬੱਚੇ, ਬੁੱਢੇ, ਨੌਜਵਾਨ, ਔਰਤਾਂ ਆਦਿ) ਨੂੰ ਅਹਿਮੀਅਤ ਦੇਣੀ ਹੋਵੇਗੀ ਤਾਂ ਹੀ ਸਭ ਧਿਰਾਂ ਇਸ ਅੰਦੋਲਨ ਦੀ ਸਫ਼ਲਤਾ ਲਈ ਜੀਅ–ਤੋੜ ਮਿਹਨਤ ਕਰਨਗੀਆਂ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਨੌਜਵਾਨ ਕਿਸੇ ਵੀ ਦੇਸ਼-ਕੌਮ ਦਾ ਭਵਿੱਖ ਹੁੰਦੇ ਹਨ। ਕਿਸੇ ਦੇਸ਼-ਕੌਮ ਦੀ ਉਸਾਰੀ ਲਈ ਬਜ਼ੁਰਗੀ ਦੇ ਹੋਸ਼ ਸਮੇਤ ਨੌਜਵਾਨੀ ਦਾ ਜੋਸ਼ ਵੀ ਜ਼ਰੂਰੀ ਹੁੰਦਾ ਹੈ। ਜਦੋਂ ਬਜ਼ੁਰਗੀ ਦਾ ਹੋਸ਼ ਮਜ਼ਬੂਤ ਨੀਂਹ ਬਣਦਾ ਹੈ ਤਾਂ ਨੌਜਵਾਨੀ ਜੋਸ਼ ਉਸ ਮਜ਼ਬੂਤ ਨੀਂਹ ਉੱਤੇ ਲੋਕ ਦੇ ਸੁਪਨਿਆਂ ਦਾ ਮਹਿਲ ਉਸਾਰਦਾ ਹੈ। ਦਿੱਲੀ ਵਿੱਚ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਵਿੱਚ ਇਸੇ ਜੋਸ਼ ਤੇ ਹੋਸ਼ ਦੀ ਬਾਕਮਾਲ ਉਦਾਹਰਨ ਦੇਖੀ ਜਾ ਸਕਦੀ ਹੈ। ਇਹ ਸੰਘਰਸ਼ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਾਂਤੀਪੂਰਨ ਆਪਣੇ ਟੀਚੇ ਵੱਲ੍ਹ ਵਧ ਰਿਹਾ ਹੈ ਤਾਂ ਇਸ ਦਾ ਸ਼੍ਰੇਅ ਬਜ਼ੁਰਗੀ ਹੋਸ਼ ਨੂੰ ਹੀ ਦਿੱਤਾ ਜਾਵੇਗਾ ਪਰ ਜਿਸ ਤਰ੍ਹਾਂ ਕਾਰਜਾਂ ਨੂੰ ਖ਼ੂਬਸੂਰਤ ਢੰਗ ਨਾਲ਼ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਇਸ ਦਾ ਸਾਰਾ ਦਾਰੋਮਦਾਰ ਨੌਜਵਾਨੀ ਜੋਸ਼ ਦੇ ਮੋਢਿਆਂ ਉੱਤੇ ਹੈ।

ਬਜ਼ੁਰਗ ਇੱਕ ਆਰਕੀਟੈਕਟ (ਨਕਸ਼ੇ ਬਣਾਉਣ ਵਾਲ਼ਾ) ਵਾਂਗ ਸੰਘਰਸ਼ ਦੀ ਰੂਪ-ਰੇਖਾ ਨੂੰ ਘੜ੍ਹ ਰਹੇ ਹਨ ਅਤੇ ਨੌਜਵਾਨ ਉਸ ਖ਼ੂਬਸੂਰਤ ਨਕਸ਼ੇ ਵਿੱਚ ਅਮਲਾਂ ਦਾ ਰੰਗ ਭਰ ਰਹੇ ਹਨ। ਇੰਝ ਕਦਮ ਨਾਲ਼ ਕਦਮ ਮਿਲਾ ਤੇ ਮੋਢੇ ਨਾਲ਼ ਮੋਢਾ ਮੇਚ ਕੇ ਤੁਰਨ ਦੀ ਰਵਾਇਤ ਸੰਘਰਸ਼ ਦੀਆਂ ਅਜਿਹੀਆਂ ਪੈੜਾਂ ਪਾ ਰਹੀ ਹੈ ਜਿਸ ਦੇ ਨਕਸ਼-ਏ-ਕਦਮ ‘ਤੇ ਆਉਣ ਵਾਲ਼ੀਆਂ ਪੀੜ੍ਹੀਆਂ ਸਿਰ ਉਠਾ ਕੇ, ਧੌਣ ਅਕੜਾ ਕੇ ਤੁਰ ਸਕਣਗੀਆਂ। ਇਸ ਕਿਸਾਨੀ-ਮਜ਼ਦੂਰ ਸੰਘਰਸ਼ ਦਾ ਨਿਸ਼ਕਰਸ਼ ਕੁਝ ਵੀ ਨਿਕਲ਼ੇ ਪਰ ਆਉਣ ਵਾਲ਼ੀਆਂ ਪੀੜ੍ਹੀਆਂ ਇਸ ਸੰਘਰਸ਼ ‘ਤੇ ਫ਼ਖ਼ਰ ਕਰਨਗੀਆਂ ਅਤੇ ਇਸ ਸੰਘਰਸ਼ੀ ਰਾਹ ਦੇ ਪਾਏ ਪੂਰਨਿਆਂ ‘ਤੇ ਚਲ ਕੇ ਅਗਲੇਰੇ ਸੰਘਰਸ਼ਾਂ ਨੂੰ ਪੂਰ ਚੜ੍ਹਾਉਣ ਲਈ ਹੋਰ ਜੀਅ-ਤੋੜ ਮਿਹਨਤ ਕਰਨਗੀਆਂ, ਇਹ ਮੇਰਾ ਵਿਸ਼ਵਾਸ ਵੀ ਹੈ ਤੇ ਦਾਅਵਾ ਵੀ।

ਡਾ. ਸਵਾਮੀ ਸਰਬਜੀਤ
ਪਟਿਆਲ਼ਾ
98884–01328

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਪੂ ਬਾਪੂ ਹੁੰਦਾ ਆ…
Next article‘J&K will achieve 100% vaccination for 45+ age group by June end’