ਅੰਮ੍ਰਿਤਸਰ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਮੌਨ ਵਰਤ ਦੇ ਰੱਖੇ ਪ੍ਰੋਗਰਾਮ ਬਾਰੇ ਕਿਹਾ ਕਿ ਜੇਕਰ ਉਹ ਸੱਚਮੁਚ ਸੂਬੇ ਦੇ ਹਿਤੈਸ਼ੀ ਹਨ ਅਤੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਉਹ ਅਗਲੇ 4 ਮਹੀਨਿਆਂ ਲਈ ਮੌਨ ਧਾਰ ਲੈਣ। ਬਾਦਲ ਨੇ ਕਿਹਾ ਕਿ ਜੇਕਰ 2022 ਵਿੱਚ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਇੱਥੇ ਵਪਾਰ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰ ਦੇ ਪੁਰਾਣੇ ਤੇ ਇਤਿਹਾਸਕ ਇਲਾਕੇ ਨੂੰ ਹੈਰੀਟੇਜ ਸਟਰੀਟ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਅੱਜ ਦੂਜੇ ਦਿਨ ਇੱਥੇ ਦੱਖਣੀ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਥਾਈਂ ਜਨਤਕ ਮੀਟਿੰਗਾਂ ਕੀਤੀਆਂ।
ਮੀਡੀਆ ਨਾਲ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੇ ਅੰਦਰੂਨੀ ਕਲੇਸ਼ ਤੋਂ ਇਲਾਵਾ ਸੂਬੇ ਦੇ ਲੋਕਾਂ ਨੂੰ ਕੁਝ ਨਹੀਂ ਦਿੱਤਾ ਤੇ ਜੋ ਵਿਕਾਸ ਅਕਾਲੀ ਸਰਕਾਰ ਵੇਲੇ ਕਰਵਾਇਆ ਗਿਆ ਸੀ, ਉਸ ਦੀ ਵੀ ਸੰਭਾਲ ਨਹੀਂ ਕੀਤੀ ਗਈ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ 2022 ਵਿੱਚ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਵਪਾਰ ਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰੀ ਇਲਾਕੇ ਨੂੰ ਵਿਰਾਸਤੀ ਮਾਰਗ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਨਾ ਸਿਰਫ ਸ਼ਹਿਰ ਦੇ ਪੁਰਾਣੇ ਹਿੱਸੇ ਦਾ ਸੁੰਦਰੀਕਰਨ ਕੀਤਾ ਜਾਵੇਗਾ, ਸਗੋਂ ਇਸ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਹ ਸਾਰੇ ਬੁਨਿਆਦੀ ਢਾਂਚਾ ਪ੍ਰਾਜੈਕਟ ਸੁਰਜੀਤ ਕੀਤੇ ਜਾਣਗੇ ਜੋ ਕਾਂਗਰਸ ਸਰਕਾਰ ਵੇਲੇ ਅਧੂਰੇ ਪਏ ਰਹੇ ਹਨ।
ਉਨ੍ਹਾਂ ਅੱਜ ਇੱਥੇ ਸ੍ਰੀ ਹਰਿਮੰਦਿਰ ਸਾਹਿਬ, ਪ੍ਰਾਚੀਨ ਸ਼ਿਵਾਲਾ ਮੰਦਰ ਤੇ ਗੁਰਦੁਆਰਾ ਅਟਾਰੀ ਸਾਹਿਬ (ਸੁਲਤਾਨਵਿੰਡ) ਮੱਥਾ ਟੇਕਿਆ। ਉਨ੍ਹਾਂ ਵੱਖ-ਵੱਖ ਇਲਾਕਿਆ ਵਿੱਚ ਪੈਦਲ ਲੰਘਦਿਆਂ ਲੋਕਾਂ ਨਾਲ ਮੁਲਾਕਾਤ ਕੀਤੀ। ਮੈਡੀਕਲ ਐਸੋਸੀਏਸ਼ਨਾਂ ਤੇ ਸੁਨਿਆਰਿਆਂ ਦੀ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਇਸ ਮੌਕੇ ਦੱਖਣੀ ਤੇ ਉੱਤਰੀ ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਜਨਤਕ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਮੌਜੂਦਾ ਬਿਜਲੀ ਸੰਕਟ ਲਈ ਕਾਂਗਰਸ ਨੂੰ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਨੇ ਹੁਣ ਤੱਕ ਕੇਂਦਰ ਕੋਲ ਕੋਲੇ ਦੀ ਸਪਲਾਈ ਵਿੱਚ ਤੇਜ਼ੀ ਲਿਆਉਣ ਦਾ ਮਾਮਲਾ ਨਹੀਂ ਚੁੱਕਿਆ ਹੈ ਤੇ ਨਿੱਜੀ ਪਲਾਂਟਾਂ ਨੂੰ ਵੀ ਜਵਾਬਦੇਹ ਨਹੀਂ ਬਣਾਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly