ਨਜ਼ਮ

ਅੰਜੂ ਸਾਨਿਆਲ

(ਸਮਾਜ ਵੀਕਲੀ)

 

ਔਖਾ ਵੇਲਾ, ਖੜ੍ਹੀ ਸਮੱਸਿਆ
ਦੇਖ ਕੇ ਕਿਉਂ ਮਨ ਹਾਰੇਂ।
ਕਿੰਝ ਹਨੇਰੇ ਦੀ ਬੁੱਕਲ ਵਿੱਚ
ਚਲਦੇ ਨੇ ਚੰਦ ਤਾਰੇ।

ਜੇ ਤੋਰ ਨਿਰੰਤਰ ਤੁਰਦਾ ਜਾਵੇਂ
ਨਾ ਕਦੇ ਹੌਸਲਾ ਹਾਰੇਂ।
ਦਿਨ ਚੜ੍ਹਦੇ ਨੂੰ ਦੇਖੇਂਗਾ ਕਿੰਝ
ਉਜਲੇ ਮਿਲਣ ਕਿਨਾਰੇ।

ਰਾਤਾਂ ਵਰਗੀ ਉਮਰ ਬਿਤਾਈ
ਦਿਨ ਦਾ ਕਾਹਦਾ ਚੜ੍ਹਨਾ ।
ਰੌਸ਼ਨ ਮੰਜ਼ਿਰ ਖ਼ਾਤਿਰ ਪੈਣਾ
ਸਫ਼ਰ ਤੈਨੂੰ ਹੀ ਕਰਨਾ।

ਤੇਰੇ ਅੰਬਰ ਵਿੱਚ ਵੀ ਇੱਕ ਦਿਨ
ਚਮਕਣਗੇ ਚੰਨ ਤਾਰੇ
ਤੇਜ਼ ਨਿਗਾਹਾਂ, ਬਿੰਨ੍ਹ ਲੈ ਪਹਿਲੋਂ
ਰਾਹ ਮਿਲ ਜਾਣੇ ਸਾਰੇ।

ਜੇ ਇਤਿਹਾਸ ਦੇ ਪੰਨਿਆਂ ਉੱਤੇ
ਨਾਂ ਆਪਣਾ ਲਿਖਵਾਉਣਾ
ਠੋਸ ਇਰਾਦਾ ਕਰਕੇ ਤੁਰ ਪੈ
ਹੋਣਗੇ ਪਾਰ ਉਤਾਰੇ।

ਅੰਜੂ ਸਾਨਿਆਲ

 

Previous articleਬਾਬੇ ਦੀ ਜਵਾਨੀ
Next articleਵੇਲੇ ਦੀ ਮਾਰ