ਨਵਾਂਸ਼ਹਿਰ ਦੇ ਨਸ਼ਾ ਮੁਕਤੀ ਕੇਂਦਰ ’ਚ ਸ਼ੁਰੂ ਹੋਈ ‘ਸੀ.ਐੱਮ ਯੋਗਸ਼ਾਲਾ’

ਸੂਬਾ ਸਰਕਾਰ ਦਾ ਨਸ਼ਾ ਮੁਕਤ ਪੰਜਾਬ ਵੱਲ ਅਹਿਮ ਕਦਮ

ਨਵਾਂਸ਼ਹਿਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਨਸ਼ਾ ਮੁਕਤ ਪੰਜਾਬ ਵੱਲ ਇਕ ਹੋਰ ਅਹਿਮ ਕਦਮ ਚੁੱਕਦਿਆਂ, ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਚ ‘ਸੀ.ਐੱਮ ਯੋਗਸ਼ਾਲਾ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਦਾ ਮੁੱਖ ਮਕਸਦ ਨਸ਼ੇ ਦੀ ਲਤ ਵਿਚ ਫਸੇ ਲੋਕਾਂ ਨੂੰ ਯੋਗ ਅਤੇ ਪ੍ਰਾਣਾਯਾਮ ਰਾਹੀਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਮਜ਼ਬੂਤ ਬਣਾਉਣਾ ਹੈ, ਤਾਂ ਜੋ ਉਹ ਇਕ ਸਿਹਤਮੰਦ ਅਤੇ ਸਕਾਰਾਤਮਕ ਜੀਵਨ ਵੱਲ ਵਧ ਸਕਣ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਕਿਰਨ ਬਾਲਾ ਨੇ ਦੱਸਿਆ ਕਿ ਯੋਗਸ਼ਾਲਾ ਦੀਆਂ ਕਲਾਸਾਂ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਲੱਗਣਗੀਆਂ। ਇਹ ਸੈਸ਼ਨ ਮਾਹਿਰ ਯੋਗ ਟ੍ਰੇਨਰ ਅਮਰਦੀਪ ਸਿੰਘ ਦੁਆਰਾ ਚਲਾਏ ਜਾਣਗੇ। ਉਨ੍ਹਾਂ ਕਿਹਾ ਕਿ ਯੋਗ ਨਾ ਸਿਰਫ਼ ਸਰੀਰ ਨੂੰ ਫਿੱਟ ਰੱਖਦਾ ਹੈ, ਬਲਕਿ ਇਹ ਮਾਨਸਿਕ ਸੰਤੁਲਨ ਵੀ ਪ੍ਰਦਾਨ ਕਰਦਾ ਹੈ, ਜੋ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਵਿਚ ਬਹੁਤ ਹੀ ਲਾਭਕਾਰੀ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲ ਰਾਜ ਭਰ ਵਿਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਚਲਾਈ ਜਾ ਰਹੀ ਵਿਸਥਾਰਕ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨਿਰਧਾਰਤ ਥਾਵਾਂ ’ਤੇ ਨਿਯਮਤ ਰੂਪ ਵਿਚ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਮੈਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਇਸ ਵੇਲੇ ਕੁੱਲ 96 ਥਾਵਾਂ ’ਤੇ ਸੀ.ਐੱਮ ਯੋਗਸ਼ਾਲਾਵਾਂ ਸਫਲਤਾਪੂਰਵਕ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਯਤਨ ਨਾ ਕੇਵਲ ਪ੍ਰਸ਼ਾਸਨਿਕ ਪੱਧਰ ‘ਤੇ ਸਲਾਹੁਣਯੋਗ ਹਨ, ਸਗੋਂ ਲੋਕਾਂ ਵੱਲੋਂ ਵੀ ਇਸ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਯੋਜਨਾ ਨਸ਼ਾ ਮੁਕਤ ਪੰਜਾਬ ਵਿਚ ਅਹਿਮ ਯੋਗਦਾਨ ਪਾ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਪਣੀਆਂ ਮਜਬੂਰੀਆ ਦੱਸਦੀ ਹੋਈ ਇੱਕ ਭੈਣ ਦਾ ਦੁੱਖ ਸੁਣਿਆ ਨਹੀਂ ਜਾਂਦਾ
Next articleIf India becomes a Hindu Rashtra, how will it impact Muslims and Christians?