- ਚਾਰ ਮਹੀਨਿਆਂ ਵਿੱਚ ਦੇਸ਼ਮੁਖ ਮਗਰੋਂ ਦੂਜਾ ਐੱਨਸੀਪੀ ਆਗੂ ਗ੍ਰਿਫ਼ਤਾਰ
ਮੁੰਬਈ (ਸਮਾਜ ਵੀਕਲੀ): ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਰਾਸ਼ਟਰ ਸਰਕਾਰ ’ਚ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਨਵਾਬ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਲਿਕ ਨੂੰ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ, ਉਸ ਦੇ ਸਾਥੀਆਂ ਤੇ ਮੁੰਬਈ ਅੰਡਰਵਰਲਡ ਦੀਆਂ ਸਰਗਰਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਮਗਰੋਂ ਮਲਿਕ ਨੂੰ ਵਿਸ਼ੇਸ਼ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 3 ਮਾਰਚ ਤੱਕ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਈਡੀ ਨੇ ਕੋਰਟ ਵਿੱਚ ਦਾਅਵਾ ਕੀਤਾ ਕਿ ਮਲਿਕ ਦੀ ਦਹਿਸ਼ਤਗਰਦੀ ਲਈ ਫੰਡ ਮੁਹੱਈਆ ਕਰਵਾਉਣ ’ਚ ‘ਸਰਗਰਮ’ ਭੂਮਿਕਾ ਸੀ। ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਮਗਰੋਂ ਮਲਿਕ ਸੂਬਾ ਸਰਕਾਰ ’ਚ ਦੂਜੇ ਮੰਤਰੀ ਹਨ, ਜਿਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਵਿੱਚ ਕੇਂਦਰੀ ਜਾਂਚ ੲੇਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ।
ਦੇਸ਼ਮੁਖ ਨੂੰ ਪਿਛਲੇ ਸਾਲ ਨਵੰਬਰ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਨੀਅਰ ਐੱਨਸੀਪੀ ਆਗੂ ਛਗਣ ਭੁਜਬਲ ਨੇ ਕਿਹਾ ਕਿ ਮਲਿਕ ਕੋਲੋਂ ਅਸਤੀਫ਼ਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਕੁਝ ਵੀ ਗ਼ਲਤ ਨਹੀਂ ਕੀਤਾ। ਇਸ ਦੌਰਾਨ ਮਹਾਰਾਸ਼ਟਰ ਦੀ ਮਹਾ ਵਿਕਾਸ ਅਗਾੜੀ ਗੱਠਜੋੜ ਸਰਕਾਰ ’ਚ ਸ਼ਾਮਲ ਤਿੰਨੋ ਪਾਰਟੀਆਂ ਮਲਿਕ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭਲਕੇ ਮਹਾਰਾਸ਼ਟਰ ਸਕੱਤਰੇਤ ਦੇ ਅੱਗੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਗੀਆਂ। ਈਡੀ ਨੇ 15 ਫਰਵਰੀ ਨੂੰ ਦਾਊਦ ਇਬਰਾਹਿਮ ਦੀ ਮਰਹੂਮ ਭੈਣ ਹਸੀਨਾ ਪਾਰਕਰ, ਭਰਾ ਇਕਬਾਲ ਕਾਸਕਰ ਤੇ ਗੈਂਗਸਟਰ ਛੋਟਾ ਸ਼ਕੀਲ ਦੇ ਨੇੜਲੇ ਰਿਸ਼ਤੇਦਾਰ ਸਲੀਮ ਕੁਰੈਸ਼ੀ ਉਰਫ਼ ਸਲੀਮ ਫਰੂਟ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਜਾਂਚ ਦੌਰਾਨ ਨਵਾਬ ਮਲਿਕ ਵੱਲੋਂ ਜਾਇਦਾਦ ਦੀ ਖਰੀਦ-ਫਰੋਖ਼ਤ ਕੀਤੇ ਜਾਣ ਦਾ ਪਤਾ ਲੱਗਾ ਸੀ।
ਨਵਾਬ ਮਲਿਕ ਨੂੰ ਅੱਜ ਸਵੇਰੇ 8 ਵਜੇ ਦੱਖਣੀ ਮੁੰਬਈ ਸਥਿਤ ਈਡੀ ਦਫ਼ਤਰ ਵਿੱਚ ਪੁੱਛ-ਪੜਤਾਲ ਲਈ ਲਿਆਂਦਾ ਗਿਆ ਸੀ ਤੇ ਜਾਂਚ ਏਜੰਸੀ ਨੇ ਪੰਜ ਘੰਟਿਆਂ ਦੀ ਪੁੱਛ-ਪੜਤਾਲ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਏਜੰਸੀ ਨੇ ਮਲਿਕ ਵੱਲੋਂ ਜਾਂਚ ਵਿੱਚ ਕਥਿਤ ਸਹਿਯੋਗ ਨਾ ਦੇਣ ਦਾ ਦਾਅਵਾ ਕੀਤਾ ਸੀ। ਐੱਨਸੀਪੀ ਆਗੂ ਨੂੰ ਬਾਅਦ ਦੁਪਹਿਰ ਮੈਡੀਕਲ ਜਾਂਚ ਲਈ ਸਰਕਾਰੀ ਜੇ.ਜੇ.ਹਸਪਤਾਲ ਲਿਜਾਇਆ ਗਿਆ ਤੇ ਮਗਰੋਂ ਟੀਮ ਉਸ ਨੂੰ ਲੈ ਕੇ ਸੈਸ਼ਨ ਕੋਰਟ ਲਈ ਰਵਾਨਾ ਹੋ ਗਈ। ਚਿੱਟਾ ਕੁੜਤਾ ਪਾਈ ਮਲਿਕ ਨੂੰ ਸ਼ਾਮ 4:50 ਵਜੇ ਦੇ ਕਰੀਬ ਵਿਸ਼ੇਸ਼ ਜੱਜ ਆਰ.ਐੱਨ.ਰੋਕਾੜੇ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਗਵਾਹਾਂ ਵਾਲੇ ਕਟਹਿਰੇ ਵਿੱਚ ਖੜ੍ਹੇ ਮਲਿਕ ਨੂੰ ਜੱਜ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਮਲਿਕ ਨੇ ਕਿਹਾ ਕਿ ਈਡੀ ਅਧਿਕਾਰੀ ਅੱਜ ਸਵੇਰੇ ਉਸ ਦੇ ਘਰ ਆਏ ਤੇ ਆਪਣੇ ਦਫ਼ਤਰ ਲੈ ਕੇ ਗੲੇ।
ਮੰਤਰੀ ਨੇ ਕੋਰਟ ਨੂੰ ਦੱਸਿਆ, ‘‘ਦਫ਼ਤਰ ਵਿੱਚ ਉਨ੍ਹਾਂ (ਈਡੀ) ਮੇਰੇ ਤੋਂ ਇਕ ਦਸਤਾਵੇਜ਼ ’ਤੇ ਸਹੀ ਪਵਾਈ ਤੇ ਮਗਰੋਂ ਦੱਸਿਆ ਕਿ ਇਹ ਸੰਮਨ ਸਨ।’’ ਮਲਿਕ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜ ਖਿਲਾਫ਼ ਲਾਏ ਦੋਸ਼ਾਂ ਕਰਕੇ ਸੁਰਖੀਆਂ ’ਚ ਆਏ ਸਨ। ਵਾਨਖੇੜੇ ਦੀ ਅਗਵਾਈ ਵਾਲੀ ਐੱਨਸੀਬੀ ਦੀ ਮੁੰਬਈ ਟੀਮ ਨੇ ਪਿਛਲੇ ਸਾਲ ਮਲਿਕ ਦੇ ਦਾਮਾਦ ਸਮੀਰ ਖ਼ਾਨ ਨੂੰ ਡਰੱਗਜ਼ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਮਲਿਕ ਦੀ ਗ੍ਰਿਫ਼ਤਾਰੀ ਮਗਰੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਦੱਖਣੀ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਸਿਲਵਰ ਓਕ’ ਵਿੱਚ ਹੰਗਾਮੀ ਮੀਟਿੰਗ ਸੱਦੀ, ਜਿਸ ਵਿੱਚ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ, ਮੰਤਰੀ ਛਗਨ ਭੁਜਬਲ, ਹਾਸਨ ਮੁਸ਼ਰਿਫ਼ ਤੇ ਰਾਜੇਸ਼ ਟੋਪੇ ਸ਼ਾਮਲ ਹੋਏ।
ਸੂਤਰਾਂ ਨੇ ਕਿਹਾ ਕਿ ਮਲਿਕ ਵੱਲੋਂ ਅਸਤੀਫ਼ਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਦਾ ਮੰਤਰਾਲਾ ਕਿਸੇ ਹੋਰ ਪਾਰਟੀ ਆਗੂ ਨੂੰ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਕਈ ਕਾਂਗਰਸੀ ਆਗੂ ਵੀ ਸ਼ਰਦ ਪਵਾਰ ਨੂੰ ਮਿਲੇ। ਮਲਿਕ ਕੋਲ ਘੱਟਗਿਣਤੀ ਮਾਮਲਿਆਂ ਤੋਂ ਇਲਾਵਾ ਹੁਨਰ ਵਿਕਾਸ ਵਿਭਾਗ ਵੀ ਹੈ। ਸੂਤਰਾਂ ਮੁਤਾਬਕ ਐੱਨਸੀਪੀ ਆਗੂ ਮਗਰੋਂ ਮੁੱਖ ਮੰਤਰੀ ਊਧਵ ਠਾਕਰੇ ਨੂੰ ਵੀ ਮਿਲੇ। ਮਹਾਰਾਸ਼ਟਰ ਸਰਕਾਰ ’ਚ ਮੰਤਰੀ ਬਾਲਾਸਾਹਿਬ ਥੋਰਾਟ ਤੇ ਛਗਨ ਭੁਜਬਲ ਨੇ ਕਿਹਾ ਕਿ ਮਲਿਕ ਦੀ ਗ੍ਰਿਫ਼ਤਾਰੀ ਖਿਲਾਫ਼ ਭਲਕੇ ਵੀਰਵਾਰ ਨੂੰ ਮੰਤਰਾਲਾ ਦੇ ਸਾਹਮਣੇ ਮਹਾਤਮਾ ਗਾਂਧੀ ਦੀ ਯਾਦਗਾਰ ਨੇੜੇ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾ ਵਿਕਾਸ ਅਗਾੜੀ ਗੱਠਜੋੜ ’ਚ ਸ਼ਾਮਲ ਤਿੰਨੋਂ ਪਾਰਟੀਆਂ ਇਸ ਵਿੱਚ ਸ਼ਾਮਲ ਹੋਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly