ਨਵਤੇਜ ਗੜ੍ਹਦੀਵਾਲ਼ਾ ਦੀ ਕਿਤਾਬ ‘ਸਤਿਗੁਰ ਰਵਿਦਾਸ-ਬਾਣੀ ਕ੍ਰਾਂਤੀਕਾਰੀ ਸੰਦੇਸ਼’ ਭਾਗ- ਦੂਜਾ ਲੋਕ ਅਰਪਣ

ਸ਼ਾਇਰ ਅਤੇ ਸਾਹਿਤਕਾਰ ਨਵਤੇਜ ਗੜ੍ਹਦੀਵਾਲ਼ਾ ਦੀ ਕਿਤਾਬ ‘ਸਤਿਗੁਰ ਰਵਿਦਾਸ-ਬਾਣੀ ਕ੍ਰਾਂਤੀਕਾਰੀ ਸੰਦੇਸ਼’ ਭਾਗ- ਦੂਜਾ 
ਮੋਗਾ, (ਸਮਾਜ ਵੀਕਲੀ) (ਜਸਵੰਤ ਗਿੱਲ ਸਮਾਲਸਰ) ਡਾ. ਸੁਖਦੇਵ ਸਿੰਘ ਸਿਰਸਾ, ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਉੱਘੇ ਆਲੋਚਕ ਤੇ ਵਿਦਵਾਨ ਡਾ. ਸੁਰਜੀਤ ਬਰਾੜ ਘੋਲੀਆ, ਸਾਹਿਤਕਾਰ ਬਲਦੇਵ ਸਿੰਘ ਬੱਲੀ, ‘ਫ਼ਿਕਰ ਨਾ ਕਰੀਂ ‘ ਚਰਚਿਤ ਕਾਵਿ- ਸੰਗ੍ਰਹਿ ਦੇ ਰਚੇਤਾ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਅਤੇ ਸਾਹਿਤਕਾਰ ਜੰਗੀਰ ਸਿੰਘ ਖੋਖਰ ਵੱਲੋਂ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਨਵਤੇਜ ਗੜ੍ਹਦੀਵਾਲ਼ਾ ਦੀਆਂ ਵਿਚਾਰ ਅਧੀਨ ਦੋ ਪੁਸਤਕਾਂ -‘ਸਤਿਗੁਰ ਰਵਿਦਾਸ-ਬਾਣੀ ਕ੍ਰਾਂਤੀਕਾਰੀ ਸੰਦੇਸ਼’ (ਭਾਗ-1 ਅਤੇ ਭਾਗ -2) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਰਵਿਦਾਸ ਜੀ ਦੀ ਸਮੁੱਚੀ ਬਾਣੀ ਦੀ ਵਿਆਖਿਆ ਵਾਲੀਆਂ ਟੀਕਾਕਾਰੀ ਦੀ ਪਰੰਪਰਿਕ ਰਵਾਇਤ ਤੋਂ ਬਹੁਤ ਹਟ ਕੇ ਹਨ। ਗੜ੍ਹਦੀਵਾਲਾ ਦੀ ਲਿਖਤ ਮਹਿਜ਼ ਵਿਆਖਿਆ, ਸ਼ਬਦਾਰਥ ਜਾਂ ਸ਼ਬਦਾਂ ਦੇ ਸਰਲ-ਅਰਥੀ ਵਿਖਿਆਣ ਤੱਕ ਸੀਮਤ ਨਹੀਂ ਹੈ ਉਹ ਰਵਿਦਾਸ-ਬਾਣੀ ਦੀ ਵਿਆਖਿਆ ਸਮੇਂ  ਇਤਿਹਾਸਕ-ਸਮਾਜਿਕ ਸੰਦਰਭ ਵਿੱਚ ਉਸ ਸਮੇਂ ਦਾ ਵੀ ਧਿਆਨ ਰੱਖਦਾ ਹੈ, ਜਿਸ ਵਿਚ ਭਗਤ ਰਵਿਦਾਸ ਜੀ ਨੇ ਇਸ ਬਾਣੀ ਰਚਨਾ ਕੀਤੀ ਸੀ। ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਨਵਤੇਜ ਗੜ੍ਹਦੀਵਾਲਾ ਦੇ ਇਸ ਵਡਮੁੱਲੇ ਕਾਰਜ ਦੀ ਪ੍ਰਸੰਸਾ ਕਰਦਿਆਂ ਇਸ ਨੂੰ ਵਿਲੱਖਣ, ਦਿਲਚਸਪ ਤੇ ਇਤਿਹਾਸਕ ਕਾਰਜ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਹ ਪੁਸਤਕਾਂ ਸਾਹਿਤਕਾਰਾਂ, ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਅਧਿਆਤਮਿਕ, ਆਰਥਿਕ ,ਰਾਜਨੀਤਕ ਤੇ ਸਮਾਜਿਕ ਰੌਸ਼ਨੀ ਦਾ ਕਾਰਜ ਕਰਨਗੀਆਂ। ਇਸ ਮੌਕੇ ਉੱਘੇ ਆਲੋਚਕ  ਡਾ.ਸੁਰਜੀਤ ਬਰਾੜ ਘੋਲੀਆ ਨੇ ਗੜ੍ਹਦੀਵਾਲਾ ਨੂੰ ਸਰਬਾਂਗੀ ਲੇਖਕ ਐਲਾਨਦੇ ਹੋਏ ਕਿਹਾ ਕਿ ਭਵਿੱਖ ਵਿੱਚ ਪੰਜਾਬੀ ਸਾਹਿਤ ਨੂੰ ਗੜ੍ਹਦੀਵਾਲਾ ਦੀ ਕਲਮ ਤੋਂ ਬਹੁਤ ਉਮੀਦਾਂ ਹਨ ਤੇ ਉਸਦੇ ਇਤਿਹਾਸਕ ਕਾਰਜ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਅਤੇ ਉਹ ਵੱਖ ਵੱਖ ਵਿਸ਼ਿਆਂ ‘ਤੇ ਨਿਰੰਤਰ ਲਿਖਣ ਵਾਲ਼ਾ ਸਾਹਿਤਕਾਰ ਹੈ।ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਨਵਤੇਜ ਗੜ੍ਹਦੀਵਾਲਾ ਦੇ ਜੀਵਨ ‘ਤੇ ਝਾਤ ਪਾਉਂਦਿਆ ਕਿਹਾ ਕਿ ਪਹਿਲਾਂ  ਗੜ੍ਹਦੀਵਾਲਾ ਨੇ ਸ਼ਾਇਰੀ ਵਿਚ ਹੱਥ ਅਜ਼ਮਾਇਆ ਹੈ ਅਤੇ ਉਸ ਦੇ ਕਾਵਿ-ਸੰਗ੍ਰਹਿ ‘ਧੁੱਪ ਦੀ ਤਲਾਸ਼’, ‘ਸੂਰਜ ਦਾ ਹਲਫ਼ੀਆਂ ਬਿਆਨ’, ‘ਅੰਮ੍ਰਿਤ ਕਾਲ ਤੱਕ’ ਆ ਚੁੱਕੇ ਹਨ ਅਤੇ ਉਸ ਦੇ ਰਚੇ ਸਤਿਗੁਰ ਰਵਿਦਾਸ-ਬਾਣੀ ਕ੍ਰਾਂਤੀਕਾਰੀ ਸੰਦੇਸ਼ ਭਾਗ ਪਹਿਲਾਂ ਤੇ ਦੂਜਾ ਉਸ ਦੀ ਵਿਲੱਖਣਤਾ ਤੇ ਸਾਹਿਤਕ ਵਿਸ਼ਾਲਤਾ ਦਾ ਪ੍ਰਮਾਣ ਹਨ।
ਸਾਹਿਤਕਾਰ ਬਲਦੇਵ ਸਿੰਘ ਬੱਲੀ ਨੇ ਸਤਿਗੁਰ ਰਵਿਦਾਸ ਜੀ ਦੇ ਬਾਣੀ ਵਿਚਲੇ ਰੱਬ ਦੇ ਵਿਚਾਰਾਤਮਿਕ ਸੰਕਲਪ ਨੂੰ, ਜੋ ਪ੍ਰੰਪਰਕ ਰੱਬ ਦੇ ਵਿਚਾਰ ਨਾਲੋਂ ਵੱਖਰਾ ਹੈ,ਨੂੰ ਕਲਿਆਣਕਾਰੀ, ਗੁਣਾਤਮਿਕ ਤਬਦੀਲੀ ਲਿਆਉਣ ਵਾਲਾ ਤੇ ਮਨੁੱਖੀ ਬਰਾਬਰਤਾ ਵਾਲਾ ਕ੍ਰਾਂਤੀਕਾਰੀ ਆਖਿਆ ਹੈ। ਰਵਿਦਾਸ ਬਾਣੀ ਦੀ ਵਿਆਖਿਆ ਕਰਦਿਆਂ ਉਸ ਨੇ ਇਨਕਲਾਬੀ ਵਿਚਾਰਾਂ ਵਾਲੇ ਗੁਰੂਆਂ ,ਸੰਤਾਂ, ਫ਼ਕੀਰਾਂ ਅਤੇ ਵਿਦਵਾਨਾਂ ਦਾ ਹਵਾਲਾ ਵੀ ਦਿੱਤਾ ਹੈ। ਜੰਗੀਰ ਸਿੰਘ ਖੋਖਰ ਨੇ ਨਵਤੇਜ ਨੂੰ ਇਸ ਮਹਾਨ ਕਾਰਜ ਲਈ ਵਿਧਾਈ ਦਿੱਤੀ। ਇਸ ਮੌਕੇ ਰਚਨਾਵਾਂ ਦਾ ਦੌਰ ਚੱਲਿਆ ਤੇ ਵੱਖ-ਵੱਖ ਮਸਲਿਆਂ ਉਪਰ ਵਿਚਾਰ ਚਰਚਾ ਵੀ ਕੀਤੀ ਗਈ।
ਜਸਵੰਤ ਗਿੱਲ ਸਮਾਲਸਰ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਲੀਡਰ”
Next articleਅੱਖੀਂ-ਦੇਖੀ ਕਿੱਟੀ ਪਾਰਟੀ