ਅੰਮ੍ਰਿਤਸਰ (ਸਮਾਜ ਵੀਕਲੀ) :ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਏਪੀਐਸ ਦਿਉਲ ਵਲੋਂ ਲਾਏ ਦੋਸ਼ਾਂ ਦੇ ਜਵਾਬ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਟਵਿਟਰ ਖਾਤੇ ਰਾਹੀਂ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਆਂ ਦੀ ਮੂਰਤੀ ਦੀਆਂ ਅੱਖਾਂ ’ਤੇ ਪੱਟੀ ਬੱਝੀ ਹੋ ਸਕਦੀ ਹੈ ਪਰ ਪੰਜਾਬ ਵਾਸੀ ਅੰਨ੍ਹੇ ਨਹੀਂ ਹਨ। ਐਡਵੋਕੇਟ ਜਨਰਲ ਦੀ ਨਿਯੁਕਤੀ ਤੋਂ ਲੈ ਕੇ ਅਸਤੀਫੇ ਤੋਂ ਬਾਅਦ ਵੀ ਚੱਲ ਰਹੇ ਇਸ ਵਿਵਾਦ ਦੌਰਾਨ ਬੀਤੇ ਕੱਲ ਸ੍ਰੀ ਦਿਉਲ ਨੇ ਨਵਜੋਤ ਸਿੰਘ ਸਿੱਧੂ ’ਤੇ ਦੋਸ਼ ਲਾਇਆ ਸੀ ਕਿ ਉਹ ਸਿਆਸੀ ਲਾਹਾ ਲੈਣ ਖਾਤਰ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ।
ਉਸ ਵਲੋਂ ਲਾਏ ਦੋਸ਼ਾਂ ਦੇ ਜਵਾਬ ਵਿਚ ਅੱਜ ਸ੍ਰੀ ਸਿੱਧੂ ਨੇ 12 ਟਵੀਟ ਕੀਤੇ ਹਨ, ਜਿਸ ਰਾਹੀਂ ਉਨ੍ਹਾਂ ਨਾ ਸਿਰਫ ਲਾਏ ਦੋਸ਼ਾਂ ਦਾ ਜਵਾਬ ਦਿੱਤਾ ਸਗੋਂ ਉਸ ਖਿਲਾਫ ਹੋਰ ਕਈ ਦੋਸ਼ ਲਾਏ ਹਨ। ਉਨ੍ਹਾਂ ਲਿਖਿਆ ਕਿ ਨਿਆਂ ਅੰਨ੍ਹਾ ਹੋ ਸਕਦਾ ਹੈ ਪਰ ਪੰਜਾਬ ਦੇ ਲੋਕ ਅੰਨ੍ਹੇ ਨਹੀਂ ਹਨ। ਕਾਂਗਰਸ ਲੋਕਾਂ ਨੂੰ ਬੇਅਦਬੀ ਮਾਮਲੇ ਵਿਚ ਨਿਆਂ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ੍ਰੀ ਦਿਓਲ ਕਥਿਤ ਮੁਖ ਦੋਸ਼ੀ ਵਲੋਂ ਅਦਾਲਤ ਵਿਚ ਪੇਸ਼ ਹੋਏ ਸਨ ਅਤੇ ਕਾਂਗਰਸ ਸਰਕਾਰ ਖਿਲਾਫ ਵੀ ਕਈ ਦੋਸ਼ ਲਾਏ ਗਏ ਸਨ।
ਉਨ੍ਹਾਂ ਲਿਖਿਆ ਕਿ ਹੁਣ ਤੁਸੀਂ ਉਸੇ ਪਾਰਟੀ ਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਮੇਰੇ ਖਿਲਾਫ ਹੀ ਗੁਮਰਾਹਕੁੰਨ ਪ੍ਰਚਾਰ ਕਰਨ ਦਾ ਦੋਸ਼ ਲਾ ਰਹੇ ਹੋ ਜਦੋਂਕਿ ਮੈਂ ਬੇਅਦਬੀ ਮਾਮਲੇ ਵਿਚ ਨਿਆਂ ਪ੍ਰਾਪਤੀ ਲਈ ਲੜ ਰਿਹਾ ਹਾਂ ਅਤੇ ਤੁਸੀਂ ਕਥਿਤ ਦੋਸ਼ੀ ਨੂੰ ਜ਼ਮਾਨਤ ਦਿਵਾਉਣ ਦਾ ਯਤਨ ਕਰ ਰਹੇ ਸੀ। ਸ੍ਰੀ ਸਿੱਧੂ ਨੇ ਸ੍ਰੀ ਦਿਓਲ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਪਹਿਲਾਂ ਕਥਿਤ ਦੋਸ਼ੀ ਵਲੋਂ ਉਹ ਕਿਸ ਭਾਵਨਾ ਨਾਲ ਅਦਾਲਤ ਵਿਚ ਪੇਸ਼ ਹੋਏ ਸਨ ਅਤੇ ਹੁਣ ਕਿਸ ਭਾਵਨਾ ਨੂੰ ਲੈ ਕੇ ਕੰਮ ਕਰਨਗੇ। ਕੀ ਤੁਸੀਂ ਸੰਵਿਧਾਨਕ ਅਹੁਦਾ ਦੇਣ ਵਾਲਿਆਂ ਦੇ ਹਿੱਤਾਂ ਲਈ ਕੰਮ ਕਰੋਗੇ, ਕੀ ਤੁਸੀਂ ਸਰਕਾਰ ਨੂੰ ਤੁਹਾਡੇ ਵਲੋਂ ਹੀ ਲਈ ਗਈ ਜ਼ਮਾਨਤ ਨੂੰ ਚੁਣੌਤੀ ਦੇਣ ਲਈ ਸੁਝਾਅ ਦਿਓਗੇ। ਉਨ੍ਹਾਂ ਵਿਅੰਗ ਕੀਤਾ ਕਿ ਪਹਿਲਾਂ ਉਹ ਬੇਅਦਬੀ ਮਾਮਲੇ ਵਿਚ ਕਥਿਤ ਦੋਸ਼ੀ ਦੇ ਕੇਸ ਦੀ ਪੈਰਵੀ ਕਰ ਰਿਹਾ ਸੀ, ਹੁਣ ਇਸੇ ਮਾਮਲੇ ਵਿਚ ਸਰਕਾਰ ਵਲੋਂ ਕੇਸ ਦੀ ਪੈਰਵੀ ਕਰੇਗਾ ਅਤੇ ਜਲਦੀ ਹੀ ਜੱਜ ਬਣ ਕੇ ਕੇਸ ਦਾ ਫੈਸਲਾ ਵੀ ਕਰਨਾ ਚਾਹੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly