ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕੀਤੀ। ਇਸ ਮੌਕੇ ਕਾਫੀ ਸਮਾਂ ਗੁਰਬਾਣੀ ਕੀਰਤਨ ਸਰਵਣ ਕੀਤਾ। ਗੁਰੂ ਘਰ ਵਲੋਂ ਸਿਰੋਪਾਓ ਦੀ ਬਖਸ਼ਿਸ਼ ਹੋਈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਮੌਜੂਦ ਸਨ । ਇਸ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਵੀ ਨਤਮਸਤਕ ਹੋਏ ਅਤੇ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੋਦੀ ਖਾਨਾ ਚਲਾਉਣ ਸਮੇਂ ਵਰਤੇ ਗਏ ਵੱਟਿਆਂ ਦੇ ਦਰਸ਼ਨ ਵੀ ਕੀਤੇ।ਇਹਨਾਂ ਵੱਟਿਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਤੇਰਾ ਤੇਰਾ’ ਤੋਲਿਆ ਸੀ।ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਵੱਡਿਆਂ ਭਾਗਾਂ ਵਾਲਾ ਸਮਝਦਾ ਹਾਂ। ਜਿਸ ਨੂੰ ਅੱਜ ਪ੍ਰਧਾਨ ਬਣਨ ਉਪਰੰਤ ਪਾਵਨ ਅਸਥਾਨ ਦੇ ਦਰਸ਼ਨ ਦੀਦਾਰ ਨਸੀਬ ਹੋਏ।
ਉਹਨਾਂ ਕਿਹਾ ਕਿ ਅੱਜ ਵਾਹਿਗੁਰੂ ਦੀ ਨਜਰ ਸਵੱਲੀ ਹੋਈ ਹੈ ਤੇ ਹਵਾਵਾਂ ਵਿੱਚ ਖੁਸ਼ੀਆਂ ਹਨ ਕਿ ਇੱਕ ਤਾਂ ਕਰਤਾਰਪੁਰ ਲਾਘਾਂ ਖੁੱਲਿਆ। ਜਿਸ ਨਾਲ ਅਨੇਕਾਂ ਸੰਦਭਵਨਾਵਾਂ ਖੁੱਲਣਗੀਆਂ, ਦੂਜਾ ਅੱਜ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੇ ਕੇਂਦਰ ਵਲੋਂ ਖੇਤੀ ਕਨੂੰਨ ਰੱਦ ਕਰਨ ਨਾਲ ਹੋਰ ਵੀ ਵੱਡੀ ਖੁਸ਼ੀ ਹੋਈ ਹੈ। ਜਿਸਦਾ ਸਮੁੱਚਾ ਸਿਹਰਾ ਕਿਸਾਨ ਸੰਘਰਸ਼ ਨੂੰ ਜਾਂਦਾ ਹੈ ਤੇ ਅੱਜ ਫਿਰ ਸੱਚ ਦੀ ਜਿੱਤ ਹੋਈ ਹੈ।ਲੱਖ ਕੋਸ਼ਿਸ਼ਾਂ ਕੀਤੀਆਂ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਪਰ ਹੱਕ ਸੱਚ ਤੇ ਪੈਰਾ ਦਿੱਤਾ ਤੇ ਅੜੇ ਰਹੇ,ਖੜੇ ਰਹੇ ਤੇ ਬਾਬੇ ਨਾਨਕ ਦੇ ਸੰਦੇਸ਼ ‘ਤੇ ਪਹਿਰਾ ਦਿੱਤਾ।ਦੁਨੀਆਂ ਦਾ ਸਭ ਤੋਂ ਵੱਡਾ ਸੱਭਿਆਚਾਰ ਕਿਰਤ ਕਰਨਾ ਹੀ ਜਿਸਦਾ ਬਾਬੇ ਨਾਨਕ ਨੇ ਸਮੁੱਚੀ ਦੁਨੀਆਂ ਨੂੰ ਸੰਦੇਸ਼ ਦਿੱਤਾ।ਕਿਸਾਨ ਭਰਾਵਾਂ ਨੇ ਤੇ ਦੇਸ਼ ਵਾਸੀਆਂ ਨੇ ਆਪਣੀ ਇਸ ਕਿਰਤ,ਰੋਜੀ ਨੂੰ ਰੋਟੀ ਨੂੰ ਬਚਾਉਂਣ ਲਈ ਲੰਬਾ ਸੰਘਰਸ਼ ਕੀਤਾ ਜੋ ਕਿ ਸਭ ਭਾਈਚਾਰਕ ਸਾਂਝ ਸਦਕਾ ਹੀ ਜਿੱਤ ਪ੍ਰਾਪਤ ਹੋਈ ਹੈ।
ਅੱਜ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ 700 ਕਿਸਾਨਾਂ ਨੂੰ ਸਰਧਾਂਜਲੀ ਹੈ ਤੇ ਇਹ ਜਿੱਤ ਉਹਨਾਂ ਦੇ ਪਰਿਵਾਰਾਂ ਦੀ ਹੈ।ਉਹਨਾਂ ਕਿਹਾ ਕਿ ਅੱਜ ਕਿਸਾਨੀ ਨੂੰ ਸੰਭਾਲਣ ਦੀ ਵੱਡੀ ਜਰੂਰਤ ਹੈ ਤੇ ਇਸ ਲਈ ਸਾਨੂੰ ਸਭ ਨੂੰ ਵੱਡੇ ਯਤਨ ਕਰਨੇ ਪੈਣਗੇ ਤਾਂ ਜੋ ਕਿਸਾਨਾਂ ਦੀ ਆਮਦਨ ਵਧੇ ਤੇ ਉਹ ਖੁਦਕਸ਼ੀਆਂ ਦੇ ਰਾਹ ਨਾ ਪੈਣ।ਉਹਨਾਂ ਕਿਹਾ ਕਿ ਬਾਬੇ ਨਾਨਕ ਦਾ ਫਲਸਫਾ ਹੀ ਪੰਜਾਬ ਇਸ ਦਲ ਦਲ ਵਿਚੋਂ ਕੱਢੇਗਾ ਤੇ ਪੰਜਾਬ ਨੂੰ ਮੁੜ ਤਰੱਕੀ ਦੀ ਰਾਹ ‘ਤੇ ਲਿਜਾਏਗਾ।ਉਹਨਾਂ ਕਿਹਾ ਕਿ ਬਾਬੇ ਨਾਨਕ ਦਾ ਫਲਸਫਾ ਕਹਿੰਦਾ ਹੈ ‘ਤੇਰਾ,ਤੇਰਾ’ ਪਰ ਅੱਜ ਤਾਂ ਸਭ ਮੇਰਾ ਮੇਰਾ ਕਰ ਰਹੇ ਹਨ ਤੇ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ।ਉਹਨਾਂ ਕਿਹਾ ਕਿ ਅੱਜ ਕੱਲ ਦੀਆਂ ਲਾਗੂ ਨੀਤੀਆਂ ਨਾਲ 1 ਫੀਸਦੀ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਤੇ 99 ਫੀਸਦੀ ਲੋਕ ਵਾਂਝੇ ਰਹਿ ਗਏ ਹਨ।ਅੱਜ ਨੌਜਵਾਨਾਂ ਨੂੰ ਸੰਭਾਲਣ ਦੀ ਜਰੂਰਤ ਹੈ ਨਹੀਂ ਤਾਂ ਸਾਰਾ ਪੰਜਾਬ ਜਵਾਨੀ ਤੋਂ ਅਧੂਰਾ ਹੋ ਜਾਊ।
ਉਹਨਾਂ ਕਿਹਾ ਕਿ ਪੰਜਾਬ ਜਿਉਂਦਾ ਰੱਖ ਲਓ ਜਾਂ ਮਾਫੀਆ।ਉਹਨਾਂ ਕਿਹਾ ਕਿ ਅੱਜ ਮੇਰਾ ਇੱਥੇ ਆਉਂਣ ਦਾ ਮਕਸਦ ਹੈ ਕਿ ਕਿ ਬਾਬੇ ਨਾਨਕ ਦੇ ਫਲਸਫੇ ਨਾਲ ਪੰਜਾਬ ਦੀ ਪ੍ਰਗਤੀ ਹੋਵੇਗੀ ਜਿਸ ਵਿੱਚ ਸਰਬੱਤ ਦੇ ਭਲੇ ਦੀ ਗੱਲ ਹੋਵੇ,ਹੱਕ ਹਲਾਲ ਦੀ ਗੱਲ ਹੋਵੇ,ਕਿਰਤ ਦੀ ਗੱਲ ਹੋਵੇ ਤੇ ਇਸ ਸੋਚ ਨੂੰ ਪੂਰਾ ਕਰਾਂਗਾ।ਅੱਜ ਕੁਝ ਸਿਆਸੀ ਲੋਕ ਕਠਪੁਤਲੀਆਂ ਬਣ ਕੇ ਕੰਮ ਰਹੇ ਹਨ ਤੇ 500 ਵਾਅਦੇ ਕਰ ਲਏ ਹਨ ਤੇ ਪੂਰਾ ਇੱਕ ਵੀ ਨਹੀਂ ਕੀਤਾ ਤੇ ਸਭ ਕੁਝ ਵੰਡੀ ਜਾ ਰਹੇ ਹਨ।ਅੱਜ ਗਲਤੀਆਂ ਸੁਧਾਰਨ ਦੀ ਜਰੂਰਤ ਹੈ ਜਿਸ ਨਾਲ ਪੰਜਾਬ ਦਾ ਭਲਾ ਹੋਵੇਗਾ।ਕੈਬਨਿਟ ਮੰਤਰੀ ਵਲੋਂ ਸੁਲਤਾਨਪੁਰ ਲੋਧੀ ਹਲਕੇ ਚ ਦਖਲ ਦੇਣ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਰਾਜਨੀਤੀ ਵਿੱਚ ਉੱਚੇ ਤੇ ਸੁੱਚੇ ਕਿਰਦਾਰਾਂ ਦੀ ਲੋੜ ਹੈ।
ਵਿਧਾਇਕ ਚੀਮਾ ਵੱਲ ਇਸ਼ਾਰਾ ਕਰਦਿਆਂ ਉਹਨਾਂ ਕਿਹਾ ਕਿ ਮੈਂ ਸਮੁੰਦਰ ਦੀ ਗੱਲ ਕਰਦਾ ਹਾਂ ਤੂੰ ਟੋਬਿਆਂ ਦੀ ਗੱਲ ਕਰ ਰਿਹੈ। ਉਨ੍ਹਾਂ ਚੀਮਾ ਨੂੰ ਆਉਣ ਵਾਲੀ ਵਿਧਾਨ ਸਭਾ ਚੋਣ ਮੰਤਰੀ ਦੱਸ ਕੇ ਹਲਕੇ ਦੀ ਸਿਆਸੀ ਤਸਵੀਰ ਸਾਫ ਕਰ ਦਿੱਤੀ ।ਇਸ ਤੋਂ ਪਹਿਲਾਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਗ੍ਰਹਿ ਵਿਖੇ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਐਡ.ਜਸਪਾਲ ਸਿੰਘ ਧੰਜੂ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾਬ,ਪਰਵਿੰਦਰ ਸਿੰਘ ਪੱਪਾ ਚੇਅਰਮੈਨ,ਹਰਚਰਨ ਸਿੰਘ ਬੱਗਾ ਚੇਅਰਮੈਨ,ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ,ਤੇਜਵੰਤ ਸਿੰਘ ਚੇਅਰਮੈਨ,ਸਰਪੰਚ ਰਾਜੂ ਢਿੱਲੋਂ,ਬਲਦੇਵ ਸਿੰਘ ਰੰਗੀਲਪੁਰ,ਸੁਖਜਿੰਦਰ ਸਿੰਘ ਲੋਧੀਵਾਲ,ਹਰਨੇਕ ਸਿੰਘ ਵਿਰਦੀ,ਕੁਲਦੀਪ ਸਿੰਘ ਡਡਵਿੰਡੀ,ਰਵੀ ਪੀਏ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly