ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ

Navjot Singh Sidhu.

ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਹਾਈਕਮਾਨ ਨੇ ਪੰਜਾਬ ਵਿਚ ਪਾਰਟੀ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਦਰਕਿਨਾਰ ਕਰਦਿਆਂ ਆਖ਼ਰਕਾਰ ਅੱਜ ਦੇਰ ਸ਼ਾਮ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਅਪੀਲ ਤੇ ਦਲੀਲ ਨੂੰ ਅਣਗੌਲਿਆਂ ਕਰਦਿਆਂ ਹਾਈਕਮਾਨ ਨੇ ਅੱਜ ਪੰਜਾਬ ਵਿਚ ਨਵਜੋਤ ਸਿੱਧੂ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਅੱਜ ਸੰਸਦ ਮੈਂਬਰਾਂ ਰਾਹੀਂ ਚੱਲਿਆ ਗਿਆ ਸਿਆਸੀ ਦਾਅ ਵੀ ਕੰਮ ਨਹੀਂ ਕਰ ਸਕਿਆ। ਨਵੇਂ ਪ੍ਰਧਾਨ ਦਾ ਐਲਾਨ ਹੋਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੋਮਵਾਰ ਨੂੰ ਸੱਦੀ ਵਿਧਾਇਕਾਂ ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਹੈ।

ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਏ.ਵੇਣੂਗੋਪਾਲ ਦੇ ਦਸਤਖ਼ਤਾਂ ਹੇਠ ਦੇਰ ਸ਼ਾਮ ਜਾਰੀ ਪੱਤਰ ਅਨੁਸਾਰ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ ਜਦੋਂ ਕਿ ਉਨ੍ਹਾਂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਲਗਾਏ ਗਏ ਹਨ ਜਿਨ੍ਹਾਂ ਵਿੱਚ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਸ਼ਾਮਲ ਹਨ।

ਹਾਈਕਮਾਨ ਨੇ ਜਾਰੀ ਪੱਤਰ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਕਾਰਗੁਜ਼ਾਰੀ ’ਤੇ ਤਸੱਲੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ। ਨਵੇਂ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੂੰ ਸਿੱਕਮ, ਨਾਗਾਲੈਂਡ ਤੇ ਤ੍ਰਿਪਰਾ ਵਿਚ ਇੰਚਾਰਜ ਦੀ ਸੌਂਪੀ ਗਈ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ। ਨਵੇਂ ਐਲਾਨਾਂ ਤੋਂ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫ਼ਾਰਿਸ਼ਾਂ ਨੂੰ ਹਾਈਕਮਾਨ ਨੇ ਬਹੁਤੀ ਤਵੱਜੋ ਨਹੀਂ ਦਿੱਤੀ ਹੈ। ਹਾਈਕਮਾਨ ਦੇ ਇਸ ਐਲਾਨ ਨਾਲ ਪੰਜਾਬ ਕਾਂਗਰਸ ਵਿੱਚ ਉੱਠਿਆ ਵਰੋਲਾ ਇੱਕ ਵਾਰ ਤਾਂ ਸ਼ਾਂਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਾਂਗਰਸ ਦੇ ਬਹੁਗਿਣਤੀ ਵਿਧਾਇਕ ਪਹਿਲਾਂ ਹੀ ਨਵਜੋਤ ਸਿੱਧੂ ਨਾਲ ਤੁਰ ਪਏ ਹਨ। ਹਾਈਕਮਾਨ ਵੱਲੋਂ ਅਗਲੀਆਂ ਚੋਣਾਂ ਜਿੱਤਣ ਲਈ ਇਹ ਕਵਾਇਦ ਕੀਤੀ ਗਈ ਹੈ। ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਖ਼ਿਲਾਫ਼ ਬਾਗੀ ਵਿਧਾਇਕਾਂ ਤੇ ਵਜ਼ੀਰਾਂ ਦੇ ਉਤਰਨ ਨਾਲ ਨਵੀਂ ਪ੍ਰਧਾਨਗੀ ਦਾ ਮੁੱਢ ਬੱਝ ਗਿਆ ਸੀ।

ਕਾਰਜਕਾਰੀ ਪ੍ਰਧਾਨਾਂ ’ਤੇ ਝਾਤ ਮਾਰੀਏ ਤਾਂ ਹਾਈਕਮਾਨ ਨੇ ਸੰਗਤ ਸਿੰਘ ਗਿਲਜ਼ੀਆਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਜਿੱਥੇ ਓਬੀਸੀ ਕੈਟਾਗਿਰੀ ਨੂੰ ਨੁਮਾਇੰਦਗੀ ਦਿੱਤੀ ਹੈ, ਉੱਥੇ ਹੀ ਦੋਆਬੇ ਨੂੰ ਵੀ ਪੰਜਾਬ ਕਾਂਗਰਸ ਦੀ ਮੁੱਖ ਧਾਰਾ ਵਿੱਚ ਰੱਖਿਆ ਹੈ। ਮਾਝੇ ’ਚੋਂ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਜੱਟ ਸਿੱਖ ਵਜੋਂ ਕੁਲਜੀਤ ਸਿੰਘ ਨਾਗਰਾ ਨੂੰ ਪਾਰਟੀ ’ਚ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ। ਹਿੰਦੂ ਚਿਹਰੇ ਵਜੋਂ ਜੈਤੋ ਮੰਡੀ ਦੇ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਵਿੱਚ ਹੁਣ ਮਾਲਵੇ ’ਚੋਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੁਲਜੀਤ ਨਾਗਰਾ ਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਥਾਪ ਕੇ ਮਲਵਈ ਸਿਆਸਤ ਦੇ ਦਾਬੇ ਨੂੰ ਸਵੀਕਾਰਿਆ ਗਿਆ ਹੈ। ਸੂਤਰਾਂ ਅਨੁਸਾਰ ਚਾਰ ਕਾਰਜਕਾਰੀ ਪ੍ਰਧਾਨਾਂ ’ਚੋਂ ਸਿਰਫ਼ ਸੁਖਵਿੰਦਰ ਡੈਨੀ ਹੀ ਕੈਪਟਨ ਖੇਮੇ ਦੀ ਗਿਣਤੀ ਵਿੱਚ ਆਉਂਦੇ ਹਨ। ਹਾਲਾਂਕਿ, ਮੁੱਖ ਮੰਤਰੀ ਅਮਰਿੰਦਰ ਸਿੰਘ ਪਿਛਲੇ ਦਿਨਾਂ ’ਚ ਇਹ ਦਬਾਅ ਬਣਾ ਰਹੇ ਸਨ ਕਿ ਕਾਰਜਕਾਰੀ ਪ੍ਰਧਾਨ ਉਨ੍ਹਾਂ ਦੀ ਪਸੰਦ ਵਾਲੇ ਆਗੂ ਲਗਾਏ ਜਾਣ। ਕੈਪਟਨ ਖੇਮੇ ਵੱਲੋਂ ਕਾਰਜਕਾਰੀ ਪ੍ਰਧਾਨਾਂ ਲਈ ਜਿਹੜੇ ਨਾਮ  ਉਭਾਰੇ ਜਾ ਰਹੇ ਸਨ, ਉਨ੍ਹਾਂ ਵਿੱਚ ਵਿਜੈਇੰਦਰ ਸਿੰਗਲਾ, ਚੌਧਰੀ ਸੰਤੋਖ ਸਿੰਘ ਆਦਿ ਸ਼ਾਮਲ ਸਨ। ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਰ ਹੁਣ ਵੱਡੀ ਜ਼ਿੰਮੇਵਾਰੀ ਪਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੰਬਈ ’ਚ ਭਾਰੀ ਮੀਂਹ ਕਾਰਨ ਮਕਾਨ ਡਿੱਗੇ, 30 ਹਲਾਕ
Next articleਪ੍ਰਧਾਨ ਮੰਤਰੀ ਦੇ ਸੰਸਦ ਦੇ ਬਾਹਰ ਸੰਬੋਧਨ ਦੀ ਪੇਸ਼ਕਸ਼ ਵਿਰੋਧੀ ਧਿਰਾਂ ਵੱਲੋਂ ਰੱਦ