ਮਣੀਪੁਰ ਘਟਨਾਵਾਂ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀਭੁਗਤ – ਪ੍ਰੋ ਸੰਧੂ ਵਰਿਆਣਵੀ, ਜਗਦੀਸ਼ ਰਾਣਾ.
ਗੁਰਾਇਆਂ, 31 ਜੁਲਾਈ,(ਰਮੇਸ਼ਵਰ ਸਿੰਘ) ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਦੀ ਇਕ ਅਹਿਮ ਮੀਟਿੰਗ ਸਭਾ ਦੇ ਦਫ਼ਤਰ ਬੜਾ
ਪਿੰਡ ਰੋਡ ਗੁਰਾਇਆਂ ਵਿਖੇ ਮੰਚ ਦੇ ਪ੍ਰਧਾਨ ਸ਼ਾਮ ਸਰਗੂੰਦੀ ਦੀ ਪ੍ਰਧਾਨਗੀ ਹੇਠ ਹੋਈ।
ਜਿਸ ਵਿਚ ਵਿਸ਼ੇਸ਼ ਵਿਸ਼ੇਸ਼ ਤੌਰ ਤੇ ਪਹੁੰਚੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ ਅਤੇ ਸਕੱਤਰ ਜਗਦੀਸ਼ ਰਾਣਾ ਨੇ ਕਿਹਾ ਕਿ ਮਣੀਪੁਰ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੀ ਆਪਸੀ ਮਿਲੀਭੁਗਤ ਨਾਲ਼ ਆਦਿਵਾਸੀ ਲੋਕਾਂ ਤੇ ਜ਼ੁਲਮ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਔਰਤ ਨੂੰ ਦੇਵੀ ਦਾ ਦਰਜ਼ਾ ਦਿੱਤਾ ਗਿਆ ਹੈ ਤੇ ਔਰਤ ਦੀ ਮੂਰਤੀ ਦੇ ਵੀ ਵਸਤਰ ਪਹਿਨਾਏ ਜਾਂਦੇ ਹਨ ਪਰ ਕੁੱਕੀ ਸਮਾਜ ਦੀਆਂ ਔਰਤਾਂ ਦਾ ਗੈਂਗਰੇਪ ਕਰਨ ਮਗਰੋਂ ਅਲਫ਼ ਨੰਗੀਆਂ ਕਰ ਕੇ ਘੁਮਾਉਣਾ ਬੇਹੱਦ ਨਿੰਦਣਯੋਗ ਤਾਂ ਹੈ ਹੀ ਪਰ ਇਹ ਦੇਸ਼ ਦੇ ਮੱਥੇ ਤੇ ਨਾ ਮਿਟਣ ਵਾਲਾ ਕਲੰਕ ਹੈ।
ਸਭ ਤੋਂ ਵੱਡੀ ਗੱਲ ਕੇ ਦੇਸ਼ ਲਈ ਕਾਰਗਿਲ ਦੀ ਜੰਗ ਲੜ ਚੁੱਕੇ ਮਣੀਪੁਰ ਦੇ ਇਕ ਫ਼ੌਜੀ ਦਾ ਇਹ ਕਹਿਣਾ ਕਿ ਮੈਂ ਦੁਸ਼ਮਣਾਂ ਤੋਂ ਤਾਂ ਆਪਣੇ ਦੇਸ਼ ਨੂੰ ਬਚਾ ਲਿਆ ਪਰ ਮੈਂ ਆਪਣੀ ਪਤਨੀ ਨੂੰ ਨਾ ਬਚਾ ਸਕਿਆ ਇਹ ਭਾਰਤ ਦੇ 140 ਕਰੋੜ ਲੋਕਾਂ ਦਾ ਸਿਰ ਸ਼ਰਮ ਨਾਲ਼ ਝੁਕਾਉਣ ਵਾਲ਼ੀ ਗੱਲ ਹੈ। ਉਨ੍ਹਾਂ ਕਿਹਾ ਕਿ ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬੇਸ਼ਰਮਾਂ ਵਾਂਗੂੰ ਚੁੱਪ ਧਾਰੀ ਬੈਠਾ ਹੈ। ਦੇਸ਼ ਦੀ ਰਾਸ਼ਟਰਪਤੀ ਆਦਿਵਾਸੀ ਮਹਿਲਾ ਹੋਣ ਦੇ ਬਾਵਜ਼ੂਦ ਵੀ ਆਦਿਵਾਸੀਆਂ ਤੇ ਇਸ ਤਰ੍ਹਾਂ ਦੇ ਜ਼ੁਲਮ ਨਾ ਸਹਿਣ ਯੋਗ ਹਨ।
ਇਸ ਮੌਕੇ ਬਲਦੇਵ ਰਾਜ ਕੋਮਲ, ਸ਼ਾਮ ਸਰਗੂੰਦੀ,ਗੁਰਮੁਖ ਲੁਹਾਰ, ਪੰਮੀ ਰੁੜਕਾ, ਬਚਨ ਗੁੜੇ,
ਜਿੰਮੀ ਗੁਰਾਇਆਂ, ਦਵਿੰਦਰ ਜੱਸਲ, ਸ਼ਿੰਦਾ ਗੁਰਾਇਆਂ, ਡਾ. ਜੇ. ਐਸ. ਤੱਖਰ , ਬਲਵੀਰ ਸਿੰਘ ਗਿੱਲ, ਹਰਮੇਸ਼ ਗਾਹੌਰੀਆ ਆਦਿ ਲੇਖਕਾਂ ਕਵੀਆਂ ਨੇ ਵੀ ਆਪਣੇ ਵਿਚਾਰ ਰੱਖੇ ਤੇ ਜ਼ੁਲਮ ਖ਼ਿਲਾਫ਼ ਬਗ਼ਾਵਤ ਦੇ ਸੁਰ ਬੁਲੰਦ ਕਰਨ ਵਾਲੀਆਂ ਰਚਨਾਵਾਂ ਸੁਣਾਈਆਂ।
ਮੰਚ ਵਲੋਂ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਲੋਕ ਗਾਇਕ ਸੁਰਿੰਦਰ ਛਿੰਦਾ ਜੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਿਰਸਾ ਹਰਿਆਣਾ ਤੋਂ ਪ੍ਰਤੀਨਿਧੀ ਪ੍ਰਸਿੱਧ ਲੇਖਕ ਜੀ. ਡੀ. ਚੌਧਰੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਮੰਚ ਦੇ ਚੇਅਰਮੈਨ ਅਮਰੀਕਾ ਵੱਸਦੇ ਪ੍ਰਸਿੱਧ ਗੀਤਕਾਰ ਮੱਖਣ ਲੁਹਾਰ ਵਲੋਂ ਵੀ ਫ਼ੋਨ ਰਾਹੀਂ ਆਪਣੀ ਹਾਜ਼ਰੀ ਲਗਵਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly