ਕੁਦਰਤ ਦਾ ਵਰਦਾਨ ਹੈ ਔਰਤ——!

ਸੂਰੀਆ ਕਾਂਤ ਵਰਮਾ

(ਸਮਾਜ ਵੀਕਲੀ)

ਰਸੋਈ ਗੈਸ ਦੀਆਂ ਵੱਧ ਜਾਣ ਕੀਮਤਾਂ, ਭਾਵੇਂ ਵੱਧ ਜਾਣ ਸਬਜ਼ੀ ਦੇ ਮੁੱਲ,
ਘਿਓ-ਤੇਲ ਦੀਆਂ ਕੀਮਤਾਂ ਵਿੱਚ ਆ ਜਾਵੇ ਉਛਾਲ,ਭਾਵੇਂ ਵੱਧ ਜਾਵੇ ਦਾਲਾਂ ਦੇ ਮੁੱਲ,
ਘਰ ਦੇ ਵਿਗੜੇ ਹੋਏ ਬੱਜ਼ਟ ਨੂੰ,ਪਤਾ ਨਹੀਂ ਕਿਵੇਂ ਸੰਭਾਲਦੀ ਹੈ ਔਰਤ,
ਇਕ ਵਧੀਆ ਅਰਥਸ਼ਾਸਤਰੀ ਹੋ ਕੇ ਵੀ,
ਅਪਣੇ ਆਪ ਨੂੰ ਬੱਸ ਗ੍ਰਹਿਣੀ ਹੀ ਮੰਨਦੀ ਹੈ ਔਰਤ।
ਮਿੱਠਾ ਤੇ ਠੋਸ ਦਹੀਂ ਕਿਵੇਂ ਜਮਾਉਣਾ ਹੈ ,
ਦੁੱਧ ਕਿੰਨਾ ਗਰਮ ਹੋਵੇ ਤੇ ਜਾਗ ਕਿੰਨਾ ਲਗਾਉਣਾ ਹੈ,
ਦੁੱਧ ਚ ਕਿੰਨਾ ਸੀਟਿਰਿਕ ਐਸਿਡ ਜਾਂ ਨਿੰਬੂ ਪਾ ਕੇ ਪਨੀਰ ਕਿਵੇਂ ਬਨਾਉਣਾ ਹੈ,
ਸੋਡੀਅਮ ਬਾਈਕਾਰਬੋਨੇਟ(ਮਿੱਠਾ ਸੋਡਾ) ਆਟੇ ਚ ਮਿਲਾ ਕੇ ਕੇਕ ਕਿਵੇਂ ਬਨਾਉਣਾ ਹੈ,
ਅਪਣੇ ਹੱਥਾਂ ਨਾਲ ਸੋਡੀਅਮ ਕਲੋਰਾਈਡ (ਲੂਣ) ਦੀ ਸਹੀ ਮਾਤਰਾ ਤੋਲਦੀ ਹੈ,
ਹੱਥ ਹੀ ਉਸਦੇ ਤਕੜੀ ਤੇ ਵੱਟੇ ਹਨ,
ਸਬਜ਼ੀ ਦਾਲ ਵਿਚ ਜੇ ਨਮਕ ਜਿਆਦਾ ਹੋਵੇ ਤਾਂ ਕਿਵੇਂ ਘਟਾਉਣਾ ਹੈ,
ਅਪਣੀ ਪ੍ਰਯੋਗਸ਼ਾਲਾ ਰੂਪੀ ਰਸੋਈ ਵਿੱਚ,
ਰੋਜ਼ ਅਣਗਿਣਤ ਪ੍ਰਯੋਗ ਕਰਦੀ ਹੈ,
ਪਰ ਖੁਦ ਨੂੰ ਕਦੇ ਞਿਗਿਆਨਿਕ ਨਹੀਂ,
ਬੱਸ ਗ੍ਰਹਿਣੀ ਹੀ ਮੰਨਦੀ ਹੈ।
ਤੁਲਸੀ, ਗਲੋ,ਸੌਂਫ, ਜਵੈਣ, ਲੌਂਗ-ਲੈਚੀ ਨਾਲ ਕਾਹੜਾ ਬਣਾ ਕੇ,
ਨਜ਼ਲਾ,ਜੁਕਾਮ,ਖੰਗ,ਬੁਖਾਰ ਕਿਵੇਂ ਭਜਾਉਣਾ ਹੈ,ਉਹ ਭਲੀ ਭਾਂਤ ਜਾਣਦੀ ਹੈ,
ਸਰੌਂ ਦੇ ਤੇਲ ਵਿਚ ਲਸਣ ਸਾੜ ਕੇ ,
ਉਹ ਕੰਨ ਦਾ ਦਰਦ ਠੀਕ ਕਰਦੀ ਹੈ,
ਲੂਣ ਤੇਲ ਦਾ ਮੰਜਣ ਬਣਾ ਕੇ,ਫੁੱਲੇ ਮਸੂੜੇ ਦਾ ਨਾਸ਼ ਕਰਦੀ ਹੈ,
ਪਰ ਖੁਦ ਨੂੰ ਕਦੇ ਵੈਦ ਨਹੀਂ,
ਬੱਸ ਗ੍ਰਹਿਣੀ ਹੀ ਮੰਨਦੀ ਹੈ।
ਮਹਿੰਦੀ, ਰੰਗੋਲੀ, ਸਾਂਝੀ ਨਾਲ ਵਿਖਾਉਂਦੀ ਹੈ ਅਪਣੀ ਚਿੱਤਰਕਾਰੀ,
ਚਾਦਰਾਂ, ਸਰਾਹਣਿਆਂ, ਮੇਜ਼ਪੋਸ਼ਾਂ ਤੇ ਦਸੂਤੀ ਦਾ ਵਿਖਾਉਂਦੀ ਹੈ ਅਪਣਾ ਕਮਾਲ,
ਘਰ ਵਿੱਚ, ਫਰਨੀਚਰ, ਫੋਟੋਆਂ, ਬਿਸਤਰ ਨੂੰ ਠੀਕ ਢੰਗ ਨਾਲ ਸਜਾਉਂਦੀ ਹੈ,
ਪਰ ਖੁਦ ਨੂੰ ਕੇਈ ਕਲਾਕਾਰ ਜਾਂ ਡੇਕੋਰੇਟਰ ਨਹੀਂ,
ਬੱਸ ਗ੍ਰਹਿਣੀ ਹੀ ਮੰਨਦੀ ਹੈ।
ਢੋਲਕ ਦੀ ਥਾਪ ਤੇ ਗਾਉਂਦੀ ਹੈ ਸੁਹਾਗ,ਗਿੱਧਾ ਪਾਉਂਦੀ ਹੈ,
ਬੇਸਨ ਦਾ ਲੇਪ (ਫੇਸ ਪੈਕ) ਮੁੰਹ ਤੇ ਮਲ ਕੇ,ਫੇਰ ਘੀ ਕੁਆਰ(ਐਲੋਵੇਰਾ) ਨਾਲ ਮੁੰਹ ਤੇ ਗਲੋ ਲਿਆਉਂਦੀ ਹੈ ,
ਸਿੰਗਾਰ ਕਰਦੀ ਹੈ,ਮਿੱਡੀਆਂ,ਜੂੜੇ,ਪਰਾਂਦਾ ਪਾਕੇ,ਵਾਲਾਂ ਦੇ ਅਨੇਕਾਂ ਡਿਜ਼ਾਈਨ ਬਣਾਉਂਦੀ ਹੈ,
ਪਰ ਕਦੇ ਖੁਦ ਨੂੰ ਬਿਊਟੀਸ਼ੀਅਨ ਨਹੀਂ,
ਸਗੋਂ ਗ੍ਰਹਿਣੀ ਹੀ ਮੰਨਦੀ ਹੈ।
ਸੋਸ਼ਲ ਸਾਇੰਸ ਭਾਂਵੇ ਪੜ੍ਹੀ ਨਾ ਹੋਵੇ,
ਪਰ ਪਰਿਵਾਰ ਨੂੰ ਸਮਾਜ ਦੀ ਇਕਾਈ ਮੰਨਦੀ ਹੈ,
ਬੱਚਿਆਂ ਨੂੰ ਸੰਸਕਾਰੀ ਬਣਾ ਕੇ, ਸਮਾਜ ਵਿੱਚ ਜਿਊਣਾ ਸਿਖਾਉਂਦੀ ਹੈ,
ਪਰਿਵਾਰ ਨੂੰ ਜੋੜ ਕੇ ਰੱਖਣਾ,ਰਿਸ਼ਤੇ ਕਿਵੇਂ ਨਿਭਾਉਣਾ ਹੈ,ਉਹ ਚੰਗੀ ਤਰਾਂ ਜਾਣਦੀ ਹੈ,
ਪਰ ਅਪਣੇ ਆਪ ਨੂੰ ਸਮਾਜ ਸੁਧਾਰਕ ਨਹੀਂ,
ਬੱਸ ਗ੍ਰਹਿਣੀ ਹੀ ਮੰਨਦੀ ਹੈ।
ਮੰਨੋਂ ਭਾਵੇਂ ਨਾ ਮੰਨੋ ਔਰਤ ਹਰ ਖੇਤਰ ਵਿੱਚ ਮਹਾਨ ਹੈ,
ਸਾਰੇ ਕੰਮਾਂ ਵਿਚ ਮਾਹਰ ਹੁੰਦੇ ਹੋਏ ਵੀ, ਨਹੀਂ ਕੋਈ ਇਸਨੂੰ ਅਭਿਮਾਨ ਹੈ,
ਸਹਿਣਸ਼ੀਲਤਾ ਦੀ ਦੇਵੀ ਹੈ,
ਧਰਤੀ ਉੱਪਰ ਦੂਜਾ ਭਗਵਾਨ ਹੈ,
ਇਸੇ ਲਈ ਸਾਰੇ ਆਖਣ,
ਔਰਤ ਕੁਦਰਤ ਦਾ ਵਰਦਾਨ ਹੈ———।

ਸੂਰੀਆ ਕਾਂਤ ਵਰਮਾ

 

Previous articleਮੰਜਿਲ ਦੀ ਉਡੀਕ
Next articleਹਾਂ ਮੈਂ ਔਰਤ ਹਾਂ—