ਕੁਦਰਤ ਤੇਰੇ ਚਾਰ ਚੁਫ਼ੇਰੇ

(ਸਮਾਜ ਵੀਕਲੀ)

ਦਿਸਦਾ ਤੇ ਅਣਦਿਸਦਾ ਸਭ ਕੁਝ, ਪਸਰੇ ‘ ਚਾਨਣ ਅਤੇ ਹਨੇਰੇ
ਤੀਜਾ ਨੇਤਰ ਖੋਲ੍ਹ ਕੇ ਦੇਖੀਂ, ਕੁਦਰਤ ਤੇਰੇ ਚਾਰ ਚੁਫੇਰੇ।

ਧਰਤੀ ਕੋਈ ਬਣਾ ਨਹੀਂ ਸਕਦਾ, ਅੰਤ ਕੋਈ ਇਹਦਾ ਪਾ ਨਹੀਂ ਸਕਦਾ
ਅਤੋਲ ਹੈ ਤੋਲੀ ਜਾ ਨਹੀਂ ਸਕਦੀ, ਨਾਪ ਨਹੀਂ ਹੁੰਦੇ ਇਸ ਦੇ ਘੇਰੇ।

ਪਰਬਤ, ਜੰਗਲ, ਰੱਬ ਬਣਾਏ, ਮਾਣਸ ਨੂੰ ਕੁਝ ਸਮਝ ਨਾ ਆਏ,
ਛੇੜਖ਼ਾਨੀਆਂ ਕਰ ਕੁਦਰਤ ਸੰਗ, ਬੰਦਾ ਕਰਦਾ ਪਾਪ ਘਨੇਰੇ।

ਵਾਯੂ ਹੈ ਅਣਮੋਲ ਖਜ਼ਾਨਾ, ਛੇੜੇ ਜੀਵਨ ਦਾ ਤਾਰਾਨਾ
ਸ਼ੁੱਧ ਹਵਾ ਬਿਨ ਮਰਦੇ ਦੇਖੇ, ਤੜਪ ਤੜਪ ਕੇ ਜੀਵ ਬਥੇਰੇ।

ਸੌ ਲੋੜਾਂ ਜੋ ਪੂਰੀਆਂ ਕਰਦਾ, ਪਾਣੀ ਲਈ ਅੱਜ ਹਰ ਕੋਈ ਲੜਦਾ
ਧਰਤੀ ਤੋਂ ਹੇਠਾਂ ਤੱਕ ਜਾ ਕੇ, ਜਲ ਵਿਚ ਬੰਦੇ ਜ਼ਹਿਰ ਬਿਖੇਰੇ।

ਚੰਦ, ਸੂਰਜ ਦੀਵੇ ਕੁਦਰਤ ਦੇ, ਇਕ ਗਰਮੀ, ਇਕ ਠੰਡਕ ਦੇਵੇ
ਪਹਿਰਾ ਚੰਦ ਦੇਵੇ ਰਾਤਾਂ ਨੂੰ, ਸੂਰਜ ਦੇ ਨਾਲ ਚੜ੍ਹਨ ਸਵੇਰੇ।

ਥਾਹ ਸਾਗਰ ਦਾ ਕਿਸੇ ਨਾ ਪਾਇਆ, ਜ਼ੋਰ ਬਥੇਰੇ ਬੰਦਿਆਂ ਲਾਇਆ
ਕੁਝ ਜੀਵਾਂ ਤੋਂ ਜਾਣੂ ਹੋਏ, ਪਲਦੇ ਨੇ ਕਈ ਹੋਰ ਬਥੇਰੇ।

ਲੱਖ ਉਡਾਣਾਂ ਭਰ ਲੈ ਬੰਦਿਆ, ਗਗਨ ਨਹੀਂ ਪੂਰਾ ਗਾਹ ਸਕਦਾ ਤੂੰ,
ਬਿਨਾਂ ਸਹਾਰੇ ਦੇ ਸਭ ਲਟਕੇ, ਗ੍ਰਹਿ ਮੰਡਲ, ਤਾਰੇ ਵਿਚ ਨ੍ਹੇਰੇ।

ਕਿੰਞ ਚੱਲਦਾ ਰੁੱਤਾਂ ਦਾ ਚੱਕਰ, ਰਹਿੰਦੇ ਜੀਅ ਬ੍ਰਹਿਮੰਡ ਦੇ ਅੰਦਰ,
ਸਭ ਲਈ ਬਣਦਾ ਭੋਜਨ ਕਿੱਦਾਂ, ਸਭ ਦਾਤੇ ਨੇ ਹੁਕਮ ‘ਚ ਘੇਰੇ।

ਨਮਸਕਾਰ ਹੈ ਉਸ ਕਾਦਰ ਨੂੰ, ਜਿਸ ਦਾ ਹੈ ਇਹ ਸਗਲ ਪਾਸਾਰਾ
‘ਲਾਂਬੜਾ’ ਉਸ ਦਾ ਭੇਤ ਜਾਨਣਾ, ਨਾ ਵੱਸ ਤੇਰੇ, ਨਾ ਵੱਸ ਮੇਰੇ।

ਸੁਰਜੀਤ ਸਿੰਘ ‘ਲਾਂਬੜਾ’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਭਾਸ਼ ਪਾਰਸ ਦੇ ਪਲੇਠੇ ਹਿੰਦੀ ਗ਼ਜ਼ਲ ਸੰਗ੍ਰਹਿ ਫ਼ਰਿਸ਼ਤੇ ਦਾ ਲੋਕ ਅਰਪਣ ਸਮਾਗਮ
Next articleKey meeting on Gujarat polls being held at PM’s residence