ਸੁਭਾਅ ਆਪਣਾ ਆਪਣਾ

ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ)
ਲੋਕ ਸਮਝਾਉਂਦੇ ਹਨ ਤੇ ਆਪਣੇ ਆਪ ਨੂੰ ਆਪ ਵੀ ਬਥੇਰਾ ਸਮਝਾਉਂਦੀ ਹਾਂ। ਪਰ ਕੀ ਕਰਾਂ? ਸੁਭਾਅ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ। ਚਾਹੁੰਦੀ ਤਾਂ ਹਾਂ ਕਿ ਲੋਕਾਂ ਵਾਂਗ ਹੋ ਜਾਵਾਂ ਆਪਣੇ ਕੰਮ ਨਾਲ ਕੰਮ ਰਖਾਂ। ਪਰ ਜਿਹੜੀ ਸਰਪੰਚੀ ਕਰਨ ਦੀ ਆਦਤ ਹੈ ਉਹਦਾ ਕੀ ਕਰਾਂ। ਮਸਲਾ ਕਿਸੇ ਦਾ ਵੀ ਹੋਵੇ ਮੈਥੋਂ ਰਿਹਾ ਨਹੀਂ ਜਾਂਦਾ । ਪਿਤਾ ਜੀ ਇਸੇ ਲਈ ਮੈਨੂੰ ਅਸੂਲ ਦੀ ਮਾਂ ਕਹਿੰਦੇ ਸਨ। ਜਿੱਥੇ ਵੀ ਅਸੂਲ ਦੀ ਗੱਲ ਆਉਣੀ ਮੈਂ ਆਢਾ ਲਾਉਣਾ ਹੀ ਲਾਉਣਾ।ਫਿਰ ਨਹੀਂ ਦੇਖਣਾ ਅੱਗਾ ਪਿੱਛਾ, ਨਾ ਫਾਇਦਾ ਨਾ ਨੁਕਸਾਨ।
 
ਮੈਨੂੰ ਯਾਦ ਹੈ ਸਾਡੇ ਸਕੂਲ ਵਿੱਚ ਇਕ ਸੁਰਿੰਦਰ ਮੈਡਮ ਹੁੰਦੇ ਸੀ। ਬੜੀ ਸ਼ਾਂਤ ਸ਼ਖ਼ਸੀਅਤ ਉਹਨਾਂ ਨੇ ਬਸ ਜਰੂਰਤ ਦੀ ਗੱਲ ਕਰਨੀ। ਨਾ ਕਿਸੇ ਦੀ ਘੱਟ ਚ ਨਾ ਕਿਸੇ ਦੀ ਵੱਧ ਚ। ਮੈਂ ਹਰ ਰੋਜ਼ ਸੋਚਣਾ ਕੇ ਬੱਸ ਮੈਂ ਇਹਨਾਂ ਵਰਗੀ ਬਣ ਜਾਣਾ ਪਰ ਪੰਜ ਮਿੰਟ  ਨਹੀਂ ਲੰਘਣੇ ਤੇ ਮੈਂ ਫਿਰ ਆਪਣੇ ਰੂਪ ਵਿੱਚ ਆ ਜਾਣਾ।
ਮੇਰੇ ਤੋਂ ਗਲਤ ਗੱਲ ਸਹਿਣ ਨਹੀਂ ਹੁੰਦੀ। ਪਤਾ ਨਹੀਂ ਲੋਕ ਕਿਉਂ ਧੱਕੇ ਨੂੰ ਬਰਦਾਸ਼ਤ ਕਰਦੇ ਹਨ ? ਜਿੱਥੇ ਬੋਲਣ ਦੀ ਲੋੜ ਹੋਵੇ ਉੱਥੇ ਕਿਉਂ ਚੁੱਪ ਕਰਦੇ ਹਨ ?
 
ਮੈਨੂੰ ਇੰਝ ਲੱਗਦਾ ਹੈ ਕਿ ਜੋ ਆਪਣੇ ਆਪ ਲਈ ਨਹੀਂ ਬੋਲ ਸਕਦਾ ਮੈਂ ਉਸ ਲਈ ਆਵਾਜ਼ ਬੁਲੰਦ ਕਰਾਂ। ਇਸ ਕੰਮ ਵਿੱਚ ਸੇਵਾ ਵੀ ਕਈ ਤਰ੍ਹਾਂ ਦੀ ਹੋ ਜਾਂਦੀ ਹੈ। ਬਹੁਤੀ ਵਾਰ ਜਿਸਦੇ ਹੱਕ ਵਿੱਚ ਤੁਸੀਂ ਬੋਲਦੇ ਹੋ ਉਹ ਹੀ ਜਾ ਕੇ ਦੂਜੀ ਧਿਰ ਨਾਲ ਮਿਲ ਜਾਂਦਾ ਹੈ। ਕਹਿਣ ਦਾ ਮਤਲਬ ਹੈ ਕਿ ਤੁਸੀਂ ਸੱਚੇ ਹੁੰਦਿਆਂ ਵੀ ਅਕਸਰ ਝੂਠੇ ਪੈਂਦੇ ਹੋ। ਲੋਕ ਛੋਟੇ ਜਿਹੇ ਫਾਇਦੇ ਲਈ ਅਸੂਲ ਨੂੰ ਪਿੱਛੇ ਛੱਡ ਦਿੰਦੇ ਹਨ।
 
ਹਾਂ! ਪਹਿਲਾਂ ਨਾਲੋਂ ਕੁਝ ਬਦਲ ਗਈ ਹਾਂ। ਥੋੜ੍ਹਾ ਜਿਹਾ ਚੀਜ਼ਾਂ ਨੂੰ ਹਊ ਪਰੇ ਕਰਨਾ ਸਿੱਖਿਆ ਹੈ। ਪਰ ਆਦਤਾਂ ਕਿਥੇ ਜਾਂਦੀਆਂ ਹਨ। ਇਹ ਤਾਂ ਗੁੜ੍ਹਤੀ ਵਿੱਚ ਮਿਲੀਆਂ ਹਨ। ਕਈ ਵਾਰ ਮਾਂ ਸਮਝਾਉਂਦੀ ਹੈ ਕਿ ਤੂੰ ਠੇਕਾ ਲਿਆ। ਹਰ ਕਿਸੇ ਪਿੱਛੇ ਮਰਨ ਮਾਰਨ ਲਈ ਤਿਆਰ ਹੋ ਜਾਂਦੀ ਹੈ। 
 
ਸੱਚ ਬੋਲਣਾ ਅਕਸਰ ਮਹਿੰਗਾ ਪੈਂਦਾ ਹੈ। ਪਰ ਸੱਚ ਬੋਲਣ ਵਾਲਾ ਰਹਿ ਨਹੀਂ ਸਕਦਾ। ਇਹ ਅਸਲ ਵਿੱਚ ਬੰਦੇ ਦਾ ਸੁਭਾਅ ਬਣ ਜਾਂਦਾ ਹੈ। ਅਜਿਹਾ ਬੰਦਾ ਦੁਨੀਆਂ ਲਈ ਮਾੜਾ ਬਣਦਾ ਹੈ। ਪਰ ਆਪਣੇ ਸੁਭਾਅ ਨੂੰ ਬਦਲਣਾ ਬਹੁਤ ਔਖਾ ਹੈ। ਵਕਤ ਅਤੇ ਹਾਲਤ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੇ ਹਨ। ਜ਼ਿੰਦਗੀ ਵਿੱਚ ਤੁਸੀਂ ਬਹੁਤ ਹੱਦ ਤੱਕ ਬਦਲ ਜਾਂਦੇ ਹੋ। ਪਰ ਕੁਝ ਆਦਤਾਂ ਅਜਿਹੀਆਂ ਹੁੰਦੀਆਂ ਹਨ ਜੋ ਚਾਹ ਕੇ ਵੀ ਬਦਲੀਆਂ ਨਹੀਂ ਜਾਂਦੀਆਂ। ਹਰ ਗੱਲ ਇੱਕ ਹੱਦ ਵਿੱਚ ਹੀ ਚੰਗੀ ਹੁੰਦੀ ਹੈ। ਗੁਣ ਕਦੋਂ ਔਗੁਣ ਬਣ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ। ਸੁਚੇਤ ਰਹਿਣਾ ਬਹੁਤ ਜਰੂਰੀ ਹੈ। 
 
ਬਹੁਤੀ ਵਾਰ ਜਿਸ ਨੂੰ ਅਸੀਂ ਆਪਣਾ ਗੁਣ ਸਮਝਦੇ ਹਾਂ ਉਹ ਸਾਡਾ ਔਗੁਣ ਹੋ ਨਿਬੜਦਾ ਹੈ। ਜ਼ਿੰਦਗੀ ਵਿੱਚ ਇਹੀ ਸਿੱਖਿਆ ਹੈ ਕਿ ਸਮੇਂ ਤੇ ਹਾਲਾਤ ਦੇ ਮੁਤਾਬਕ ਵਿਹਾਰ ਨੂੰ ਬਦਲਣਾ ਬਹੁਤ ਜ਼ਰੂਰੀ ਹੈ।
ਸੱਚ ਜੇਕਰ ਕਿਸੇ ਦਾ ਨੁਕਸਾਨ ਕਰੇ ਤਾਂ ਉਸ ਤੋਂ ਗੁਰੇਜ਼ ਕਰਨਾ ਠੀਕ ਹੈ। ਇਹ ਜ਼ਰੂਰੀ ਨਹੀਂ ਕਿ ਜੋ ਤੁਹਾਨੂੰ ਲੱਗਦਾ ਹੈ ਉਹੀ ਠੀਕ ਹੋਵੇ। ਹਰ ਕਿਸੇ ਦਾ ਆਪਣਾ ਸੱਚ ਹੁੰਦਾ ਹੈ। ਇਹ ਵੀ ਜ਼ਰੂਰੀ ਨਹੀਂ ਕਿ ਹਰ ਕੋਈ ਤੁਹਾਡੀ ਗੱਲ ਨਾਲ ਸਹਿਮਤ ਹੋਵੇ। ਇਹ ਵੀ ਜਰੂਰੀ ਨਹੀਂ ਕਿ ਤੁਸੀਂ ਹਮੇਸ਼ਾ ਠੀਕ ਹੋਵੋ।
ਸੱਚਾਈ ਦੀ ਪਰਿਭਾਸ਼ਾ ਹਰ ਕਿਸੇ ਲਈ ਵੱਖਰੀ ਹੈ।
 
ਕੋਸ਼ਿਸ਼ ਕਰੋ ਕਿ ਤੁਹਾਡਾ ਵਿਹਾਰ ਇਹੋ ਜਿਹਾ ਹੋਵੇ ਜਿਸ ਨਾਲ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਸਲਾਹ ਸਿਰਫ ਉੱਥੇ ਦਿਉ ਜਿੱਥੇ ਮੰਗੀ ਜਾਵੇ। ਬਿਨਾਂ ਮੰਗੇ ਦਿੱਤੀ ਗਈ ਸਲਾਹ ਦੀ ਕੋਈ ਕਦਰ ਨਹੀਂ ਹੁੰਦੀ।
 
ਕਿਸੇ ਦੀ ਮਦਦ ਲਈ ਝੰਡਾ ਉਦੋਂ ਚੱਕੋ ਜਦੋਂ ਤੁਹਾਨੂੰ ਕਿਹਾ ਜਾਵੇ ਜਾਂ ਫਿਰ ਜ਼ਿੰਦਗੀ ਮੌਤ ਦਾ ਸਵਾਲ ਹੋਵੇ।
ਹਰਪ੍ਰੀਤ ਕੌਰ ਸੰਧੂ
 
 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ
Next articleਦੋਸਤੀ ਇੱਕ ਅਨਮੋਲ ਰਿਸ਼ਤਾ